ਕਿਸਾਨ ਯੂਨੀਅਨ ਤੇ ਸਹਿਯੋਗੀ ਜਥੇਬੰਦੀਆਂ ਨੇ ਮੰਗਾਂ ਸਬੰਧੀ ਦਿੱਤਾ ਰੋਸ ਧਰਨਾ
Saturday, Jan 19, 2019 - 10:07 AM (IST)

ਫਤਿਹਗੜ੍ਹ ਸਾਹਿਬ (ਜਗਦੇਵ, ਬਖਸ਼ੀ)-ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਤੇ ਸੱਤ ਸਹਿਯੋਗੀ ਜਥੇਬੰਦੀਆਂ ਵਲੋਂ ਮੰਗਾਂ ਸਬੰਧੀ ਜ਼ਿਲਾ ਪ੍ਰਬੰਧਕੀ ਕੰਪਲੈਕਸ ਅੱਗੇ ਰੋਸ ਧਰਨਾ ਦਿੱਤਾ ਗਿਆ। ਇਸ ਉਪਰੰਤ ਪ੍ਰਸ਼ਾਸਨਿਕ ਅਧਿਕਾਰੀ ਨੂੰ ਕੇਂਦਰ ਸਰਕਾਰ ਅਤੇ ਮੁੱਖ ਮੰਤਰੀ ਪੰਜਾਬ ਦੇ ਨਾਂ ਇਕ ਮੰਗ ਪੱਤਰ ਵੀ ਸੌਂਪਿਆ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਯੂਨੀਅਨ ਡਕੌਂਦਾ ਦੇ ਜ਼ਿਲਾ ਪ੍ਰਧਾਨ ਹਰਨੇਕ ਸਿੰਘ ਭੱਲਮਾਜਰਾ ਨੇ ਕਿਹਾ ਕਿ ਸਮੇਂ-ਸਮੇਂ ਦੀਆਂ ਸਰਕਾਰਾਂ ਵਲੋਂ ਹਮੇਸ਼ਾ ਹੀ ਕਿਸਾਨਾਂ ਦੀਆਂ ਮੰਗਾਂ ਨੂੰ ਅਣਦੇਖਾ ਕੀਤਾ ਗਿਆ, ਜਿਸ ਕਾਰਨ ਅੱਜ ਕਿਸਾਨ ਕਰਜ਼ੇ ਦੀ ਬੋਝ ਹੇਠ ਦੱਬਿਆ ਖੁਦਕੁਸ਼ੀਆਂ ਕਰਨ ਨੂੰ ਮਜਬੂਰ ਹੋਇਆ ਪਿਆ ਹੈ। ਇਸ ਮੌਕੇ ਗੁਰਮੇਲ ਸਿੰਘ ਸੁਹਾਗਹੇਡ਼ੀ ਮੀਤ ਪ੍ਰਧਾਨ, ਜਸਵੀਰ ਸਿੰਘ ਚਨਾਰਥਲ ਕਲਾਂ ਜਨਰਲ ਸਕੱਤਰ, ਜਸਪਾਲ ਸਿੰਘ ਲਟੌਰ, ਜਸਵੀਰ ਸਿੰਘ ਰੰਘੇਡ਼ੀ, ਜੱਗੀ, ਮਲਕੀਤ ਸਿੰਘ, ਗੁਰਦੀਪ ਸਿੰਘ, ਬਹਾਦਰ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ। ਇਹ ਹਨ ਮੰਗਾਂ : ਕਿਸਾਨੀ ਕਰਜ਼ੇ ’ਤੇ ਲਕੀਰ ਮਾਰੀ ਜਾਵੇ, ਅੱਗੇ ਤੋਂ ਝੋਨਾ ਲਗਾਉਣ ਦੀ ਖੇਤੀ ਮੋਟਰਾਂ ਦੀ ਸਪਲਾਈ 1 ਜੂਨ ਤੋਂ ਦਿੱਤੀ ਜਾਵੇ, ਖੇਤੀ ਮੋਟਰਾਂ ਦੀ ਲੋਡ ਫੀਸ ਘੱਟ ਕੀਤੀ ਜਾਵੇ, ਅੱਗ ਨਾਲ ਨੁਕਸਾਨੀ ਗਈ ਕਣਕ ਦੀ ਫਸਲ ਦਾ ਮੁਆਵਜ਼ਾ ਦਿੱਤਾ ਜਾਵੇ, ਕਿਸਾਨੀ ਕਰਜ਼ੇ ਕਾਰਨ ਬੈਂਕਾਂ ਵਲੋਂ ਲਏ ਚੈੱਕ ਵਾਪਸ ਕੀਤੇ ਜਾਣ, ਸਾਰੀਆਂ ਫਸਲਾਂ ਦੇ ਰੇਟ ਸਵਾਮੀਨਾਥਨ ਕਮਿਸ਼ਨ ਦੀ ਸਿਫਾਰਿਸ਼ ਮੁਤਾਬਿਕ ਪੱਕੇ ਕੀਤੇ ਜਾਣ, ਆਵਾਰਾ ਪਸ਼ੂਆਂ ਤੇ ਕੁੱਤਿਆ ਦਾ ਪੱਕਾ ਪ੍ਰਬੰਧ ਕੀਤਾ ਜਾਵੇ, ਹਰ ਬੇਰੋਜ਼ਗਾਰ ਲਈ ਰੋਜ਼ਗਾਰ ਦਾ ਪੱਕਾ ਹੱਲ ਕੀਤਾ ਜਾਵੇ, ਗੰਨਾ ਮਿੱਲਾਂ ਵਲੋਂ ਗੰਨਾ ਖਰੀਦ ਅਤੇ ਪੇਮੈਂਟ ਲਈ ਸਰਕਾਰ ਸਪੈਸ਼ਲ ਧਿਆਨ ਦੇਵੇ, ਨਸ਼ਿਆਂ ਨੂੰ ਪੰਜਾਬ ਵਿਚੋਂ ਪੂਰੀ ਤਰ੍ਹਾਂ ਖਤਮ ਕੀਤਾ ਜਾਵੇ।