ਸੁਜਨਾਪੁਰ ਵਾਸੀਆਂ ਨੂੰ ਵੱਡੀ ਰਾਹਤ, ਰੇਲਵੇ ਫਾਟਕ ''ਤੇ ਜਲਦ ਬਣੇਗਾ ਪੁਲ
Wednesday, Feb 20, 2019 - 11:08 AM (IST)
ਪਠਾਨਕੋਟ (ਧਰਮਿੰਦਰ ਠਾਕੁਰ) : ਹਲਕਾ ਸੁਜਾਨਪੁਰ ਦੇ ਵਿਚਕਾਰ ਪੈਂਦੀ ਰੇਲਵੇ ਲਾਈਨ 'ਤੋਂ ਰੋਜ਼ਾਨਾਂ ਪੰਜ ਦਰਜਨ ਦੇ ਕਰੀਬ ਗੱਡੀਆਂ ਜੰਮੂ ਨੂੰ ਜਾਂਦੀਆਂ ਹਨ ਤੇ ਜ਼ਿਆਦਾਤਰ ਸਮਾਂ ਫਾਟਕ ਬੰਦ ਰਹਿੰਦਾ ਹੈ। ਜਿਸ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸਬੰਧੀ ਸੁਜਾਨਪੁਰ ਦੀ ਸੰਘਰਸ਼ ਕਮੇਟੀ ਵਲੋਂ ਪਿਛਲੇ ਲੰਮੇ ਸਮੇਂ ਤੋਂ ਰੇਲਵੇ ਫਾਟਕ ਦੇ ਉੱਪਰ ਪੁਲ ਬਣਾਉਣ ਦੀ ਮੰਗ ਕੀਤੀ ਜਾ ਰਹੀ ਸੀ। ਕਈ ਸਰਕਾਰਾਂ ਆਈਆਂ ਤੇ ਕਈ ਚੱਲੀਆਂ ਗਈਆਂ ਪਰ ਸੁਜਾਨਪੁਰ ਵਾਸੀਆਂ ਦੀ ਇਹ ਮੰਗ ਕਿਸੇ ਨੇ ਪੂਰੀ ਨਹੀਂ ਕੀਤੀ। ਪਰ ਹੁਣ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਚੋਣ ਲੜ ਚੁੱਕੇ ਭਾਜਪਾ ਨੇਤਾ ਸਵਰਨ ਸਲਾਰੀਆਂ ਨੇ ਇਸ ਦੀ ਪਹਿਲ ਕਰਦੇ ਹੋਏ ਕੇਂਦਰ ਸਰਕਾਰ ਤੋਂ ਫਾਟਕ ਦੇ 'ਤੇ ਪੁਲ ਬਣਾਉਣ ਦੀ ਮੰਗ ਨੂੰ ਹਰੀ ਝੰਡੀ ਦਿਵਾਈ ਹੈ। ਇਸ ਸਬੰਧੀ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਜਾਨਪੁਰ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਕੇਂਦਰ ਸਰਕਾਰ ਵਲੋਂ ਜਲਦ ਰੇਲਵੇ ਫਾਟਕ 'ਤੇ ਬ੍ਰਿਜ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।
