ਸੋਸ਼ਲ ਮੀਡੀਆ ''ਤੇ ਮਹਾਰਾਣੀ ਪ੍ਰਨੀਤ ਕੌਰ ਦੀ ਅਪਮਾਨਜਨਕ ਪੋਸਟ
Monday, Jun 18, 2018 - 07:17 AM (IST)

ਮੋਹਾਲੀ (ਕੁਲਦੀਪ) - ਸੋਸ਼ਲ ਮੀਡੀਆ 'ਤੇ ਕੋਈ ਵੀ ਅਪਮਾਨਜਨਕ ਟਿੱਪਣੀ ਅਤੇ ਪੋਸਟ ਅਪਲੋਡ ਕਰਨਾ ਭਾਵੇਂ ਹੀ ਕਾਨੂੰਨੀ ਤੌਰ 'ਤੇ ਜੁਰਮ ਮੰਨਿਆ ਜਾ ਰਿਹਾ ਹੈ ਪਰ ਦੇਖਣ ਵਿਚ ਆ ਰਿਹਾ ਹੈ ਕਿ ਉਸ ਦੇ ਬਾਵਜੂਦ ਵੀ ਕੁੱਝ ਲੋਕ ਔਰਤਾਂ ਪ੍ਰਤੀ ਅਜਿਹੀਆਂ ਅਪਮਾਨਜਨਕ ਟਿੱਪਣੀਆਂ ਅਪਲੋਡ ਕਰਨ ਵਿਚ ਲੱਗੇ ਰਹਿੰਦੇ ਹਨ ।ਅਜਿਹੀ ਹੀ ਇਕ ਅਪਮਾਨਜਨਕ ਟਿੱਪਣੀ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਧਰਮ ਪਤਨੀ ਅਤੇ ਸਾਬਕਾ ਵਿਦੇਸ਼ ਮੰਤਰੀ ਮਹਾਰਾਣੀ ਪ੍ਰਨੀਤ ਕੌਰ ਦੇ ਖਿਲਾਫ ਅਪਲੋਡ ਕੀਤੀ ਗਈ ਹੈ । ਹੈਰਾਨੀ ਦੀ ਗੱਲ ਇਹ ਹੈ ਕਿ ਇਹ ਅਪਮਾਨਜਨਕ ਪੋਸਟ ਕਿਸੇ ਆਮ ਵਿਅਕਤੀ ਨੇ ਨਹੀਂ ਸਗੋਂ ਸਾਬਕਾ ਡਿਪਟੀ ਸੀ. ਐੱਮ. ਪੰਜਾਬ ਸੁਖਬੀਰ ਸਿੰਘ ਬਾਦਲ ਦੇ ਓ. ਐੱਸ. ਡੀ. ਰਹਿ ਚੁੱਕੇ ਅਕਾਲੀ ਆਗੂ ਚਰਨਜੀਤ ਸਿੰਘ ਬਰਾੜ ਵਲੋਂ ਵਟਸਐਪ 'ਤੇ ਅਪਲੋਡ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਚਰਨਜੀਤ ਸਿੰਘ ਬਰਾੜ ਇਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਦਫਤਰ ਸੈਕਟਰੀ ਦੇ ਅਹੁਦੇ 'ਤੇ ਤਾਇਨਾਤ ਹਨ ।
ਬਰਾੜ ਵਲੋਂ ਆਪਣੇ ਮੋਬਾਇਲ ਤੋਂ ਕੀਤੀ ਗਈ ਅਪਲੋਡ : ਵਟਸਐਪ 'ਤੇ ਇਕ ਗਰੁੱਪ ਵਿਚ ਬਰਾੜ ਦੇ ਮੋਬਾਇਲ ਫੋਨ ਤੋਂ ਇਹ ਪੋਸਟ ਐਤਵਾਰ ਦੁਪਹਿਰ 11 ਵੱਜ ਕੇ 53 ਮਿੰਟ 'ਤੇ ਅਪਲੋਡ ਕੀਤੀ ਗਈ ।
ਪੋਸਟ ਅਪਲੋਡ ਕਰਨ ਵਾਲੇ ਬਰਾੜ ਨੇ ਇਹ ਕਿਹਾ: 'ਓ. ਯਾਰ. ਮੁੰਡਿਆਂ ਨੇ ਗਲਤੀ ਨਾਲ ਪਾ 'ਤੀ ਮੇਰੇ ਫੋਨ ਤੋਂ, ਕਈ ਵਾਰੀ ਹਾਸੇ-ਹਾਸੇ ਵਿਚ ਅਜਿਹੀ ਚੀਜ਼ ਸ਼ੇਅਰ ਕਰ ਹੋ ਜਾਂਦੀ ਹੈ । ਅੱਜ ਦਿਨੇ ਨਾਲ ਦੇ ਮੁੰਡਿਆਂ ਕੋਲ ਸੀ ਮੇਰਾ ਫੋਨ । ਚਲੋ ਮੈਂ ਡਲੀਟ ਕਰਵਾਉਂਦਾ ਹਾਂ । ਗਲਤੀ ਨਾਲ ਪੈ ਗਈ ਹੋਵੇਗੀ ।'