ਪ੍ਰਕਾਸ਼ ਸਿੰਘ ਬਾਦਲ ਦੇ ਸੀ. ਏ. ਏ. ਵਾਲੇ ਬਿਆਨ ''ਤੇ ਰੰਧਾਵਾ ਦੀ ਚੁਟਕੀ
Monday, Feb 17, 2020 - 11:51 AM (IST)
ਚੰਡੀਗੜ੍ਹ (ਅਸ਼ਵਨੀ) : ਸਾਬਕਾ ਮੁੱਖ ਮੰਤਰੀ ਤੇ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਵਲੋਂ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਦੇ ਬੁਰੇ ਪ੍ਰਭਾਵਾਂ 'ਤੇ ਦੇਰੀ ਨਾਲ ਜਾਗ ਖੋਲ੍ਹੇ ਜਾਣ 'ਤੇ ਕਾਂਗਰਸ ਨੇ ਚੁਟਕੀ ਲੈਂਦਿਆਂ ਇਸ ਨੂੰ ਅਕਾਲੀ ਦਲ ਦਾ ਦੋਗਲਾ ਕਿਰਦਾਰ ਦੱਸਿਆ ਹੈ। ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਇਹ ਹੈਰਾਨੀ ਦੀ ਗੱਲ ਹੈ ਕਿ ਅਕਾਲੀ ਦਲ ਨੇ ਪਹਿਲਾਂ ਸ਼ਰੇਆਮ ਸੰਸਦ ਦੇ ਦੋਵਾਂ ਸਦਨਾਂ 'ਚ ਸੀ.ਏ.ਏ. ਦੇ ਹੱਕ 'ਚ ਭੁਗਤਦਿਆਂ ਵੋਟ ਪਾਈ ਅਤੇ ਹੁਣ ਵੱਡੇ ਬਾਦਲ ਇਹ ਰੌਲਾ ਪਾ ਰਹੇ ਹਨ ਕਿ ਨਾਗਰਿਕਤਾ ਲੈਣ ਦਾ ਹੱਕ ਸਾਰੇ ਧਰਮਾਂ ਦੇ ਲੋਕਾਂ ਨੂੰ ਮਿਲਣਾ ਚਾਹੀਦਾ ਹੈ। ਕਾਂਗਰਸੀ ਆਗੂ ਨੇ ਕਿਹਾ ਕਿ ਇਹ ਬਾਦਲਾਂ ਦੀ ਦੇਰੀ ਨਾਲ ਆਈ ਜਾਗਰੂਕਤਾ ਨਹੀਂ ਹੈ ਕਿਉਂਕਿ ਇਹ ਤਾਂ ਉਨ੍ਹਾਂ 'ਚ ਬਹੁਤ ਦੇਰ ਤੋਂ ਹੀ ਮਰ ਗਈ ਹੈ ਸਗੋਂ ਇਹ ਅਸਲ 'ਚ ਸਹੂਲਤ ਲਈ ਦਿੱਤਾ ਬਿਆਨ ਹੈ ਜਦੋਂ ਉਨ੍ਹਾਂ ਦੀ ਪਾਰਟੀ ਨੂੰ ਭਾਜਪਾ ਨੇ ਪੂਰੀ ਤਰ੍ਹਾਂ ਅੱਖੋਂ ਪਰੋਖੇ ਕਰਦਿਆਂ ਦਿੱਲੀ ਵਿਧਾਨ ਸਭਾ ਚੋਣਾਂ 'ਚ ਸ਼ੀਸ਼ਾ ਦਿਖਾ ਦਿੱਤਾ। ਹੁਣ ਬਾਦਲਾਂ ਨੇ ਭਾਜਪਾ ਦਾ ਆਪਣੇ ਵੱਲ ਧਿਆਨ ਖਿਚਵਾਉਣ ਲਈ ਸੀ.ਏ.ਏ. ਦਾ ਸਹਾਰਾ ਲਿਆ ਹੈ।
ਰੰਧਾਵਾ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਜੇ ਉਹ ਅਤੇ ਉਨ੍ਹਾਂ ਦੀ ਪਾਰਟੀ ਸੱਚਮੁੱਚ ਗੰਭੀਰ ਹੈ ਅਤੇ ਸੀ.ਏ.ਏ. ਜਿਹੇ ਵੰਡਪਾਊ ਕਾਨੂੰਨ 'ਤੇ ਵਿਰੋਧ ਦਰਜ ਕਰਵਾਉਣਾ ਚਾਹੁੰਦੇ ਹਨ ਤਾਂ ਪਹਿਲਾ ਆਪਣੀ ਨੂੰਹ (ਹਰਸਿਮਰਤ ਬਾਦਲ) ਕੋਲੋਂ ਕੇਂਦਰੀ ਕੈਬਨਿਟ ਤੋਂ ਅਸਤੀਫ਼ਾ ਦਿਵਾਉਣ। ਉਨ੍ਹਾਂ ਕਿਹਾ ਕਿ ਸੱਤਾ ਦੇ ਭੁੱਖੇ ਬਾਦਲ ਪਰਿਵਾਰ ਕੋਲੋਂ ਜੇ ਅਸਤੀਫ਼ਾ ਨਹੀਂ ਦਿਵਾਇਆ ਜਾਂਦਾ ਤਾਂ ਫਿਰ ਸੀ.ਏ.ਏ. ਦੇ ਗੈਰ ਸੰਵਿਧਾਨਿਕ ਸੁਭਾਅ ਉੱਪਰ ਸਵਾਲੀਆ ਨਿਸ਼ਾਨ ਲਾਉਂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਿਰੋਧ ਪੱਤਰ ਹੀ ਲਿਖ ਦੇਣ। ਉਨ੍ਹਾਂ ਕਿਹਾ ਕਿ ਜੇ ਤੁਸੀਂ ਇਸ ਮੁੱਦੇ 'ਤੇ ਗੰਭੀਰਤਾ ਨਹੀਂ ਜ਼ਾਹਰ ਕਰੋਗੇ ਤਾਂ ਸਮਝਿਆ ਜਾਵੇਗਾ ਕਿ ਤੁਸੀਂ ਅਜਿਹੇ ਬਿਆਨ ਸਿਰਫ਼ ਭਾਜਪਾ ਨਾਲ ਸਿਆਸੀ ਸੌਦੇਬਾਜ਼ੀ ਲਈ ਦੇ ਰਹੇ ਹੋ।
ਰੰਧਾਵਾ ਨੇ ਕਿਹਾ ਕਿ ਬਾਦਲਾਂ ਨੇ ਸੀ.ਏ.ਏ. 'ਤੇ ਆਪਣਾ ਸਟੈਂਡ ਸਮੇਂ-ਸਮੇਂ 'ਤੇ ਸਥਿਤੀਆਂ ਨੂੰ ਦੇਖਦਿਆਂ ਬਦਲਿਆ ਹੈ। ਜਦੋਂ ਉਨ੍ਹਾਂ ਨੂੰ ਅਨੁਕੂਲ ਜਾਪਿਆ ਤਾਂ ਸੰਸਦ 'ਚ ਸੀ.ਏ.ਏ. ਦੇ ਹੱਕ 'ਚ ਵੋਟਾਂ ਪਾ ਦਿੱਤੀਆਂ ਅਤੇ ਫੇਰ ਜਦੋਂ ਇਸ ਦਾ ਵਿਰੋਧ ਕਰਨਾ ਸਹੀ ਲੱਗਿਆ ਤਾਂ ਦਬਵੀਂ ਆਵਾਜ਼ 'ਚ ਵਿਰੋਧ ਸ਼ੁਰੂ ਕਰ ਦਿੱਤਾ। ਉਨ੍ਹਾਂ ਅਕਾਲੀ ਆਗੂਆਂ ਨੂੰ ਸਲਾਹ ਦਿੱਤੀ ਕਿ ਉਹ ਭਾਰਤੀ ਲੋਕਤੰਤਰ ਦੀ ਧਰਮ ਨਿਰਪੱਖ ਵਿਚਾਰਧਾਰਾ ਦੀ ਹਮਾਇਤ 'ਚ ਅਜਿਹੇ ਸੰਵਦੇਨਸ਼ੀਲ ਮੁੱਦੇ 'ਤੇ ਸਟੈਂਡ ਪੱਕਾ ਕਰਨ ਅਤੇ ਇਸ ਦੇ ਵਿਰੋਧ 'ਚ ਮਜ਼ਬੂਤ ਕਦਮ ਚੁੱਕਣ।