ਗੁਰਦੁਆਰਾ ਸਾਹਿਬ ਢਾਹ ਕੇ ਨਿੱਜੀ ਪਲਾਜ਼ਾ ਬਣਾਉਣ ਦੀ ਘਟਨਾ ਨਿੰਦਣਯੋਗ : ਗਿਆਨੀ ਗੁਰਬਚਨ ਸਿੰਘ

Wednesday, Dec 20, 2017 - 10:27 AM (IST)

ਗੁਰਦੁਆਰਾ ਸਾਹਿਬ ਢਾਹ ਕੇ ਨਿੱਜੀ ਪਲਾਜ਼ਾ ਬਣਾਉਣ ਦੀ ਘਟਨਾ ਨਿੰਦਣਯੋਗ : ਗਿਆਨੀ ਗੁਰਬਚਨ ਸਿੰਘ

ਅੰਮ੍ਰਿਤਸਰ (ਜ.ਬ.) - ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਬੜੇ ਅਫਸੋਸ ਦੀ ਗੱਲ ਹੈ ਕਿ ਪਾਕਿਸਤਾਨ 'ਚ ਸਾਹੀਵਾਲ ਵਿਖੇ ਭੂ ਮਾਫੀਆ ਵਲੋਂ ਗੁਰਦੁਆਰਾ ਸਾਹਿਬ ਨੂੰ ਢਾਹ ਕੇ ਉਸ ਜਗ੍ਹਾ ਉੱਪਰ ਆਪਣੇ ਨਿੱਜੀ ਸੁਆਰਥਾਂ ਨੂੰ ਮੁੱਖ ਰੱਖਦਿਆਂ ਪਲਾਜ਼ਾ ਬਣਾਇਆ ਜਾ ਰਿਹਾ ਹੈ, ਜੋ ਬਹੁਤ ਨਿੰਦਣਯੋਗ ਘਟਨਾ ਹੈ। ਕੋਈ ਸੱਚਾ ਮੁਸਲਮਾਨ ਇਸ ਤਰ੍ਹਾਂ ਦੀ ਕਾਰਵਾਈ ਨਹੀਂ ਕਰ ਸਕਦਾ, ਸਾਰੇ ਧਰਮ ਇਨਸਾਨੀਅਤ ਹੀ ਸਿਖਾਉਂਦੇ ਹਨ ਭਾਵੇਂ ਕੋਈ ਸਿੱਖ, ਹਿੰਦੂ ਜਾਂ ਮੁਸਲਮਾਨ ਹੋਵੇ, ਧਰਮੀ ਬੰਦਾ ਤਾਂ ਸਭ ਧਰਮਾਂ ਨੂੰ ਇਕੋ ਜਿਹਾ ਹੀ ਸਮਝਦਾ ਹੈ। ਸਿੰਘ ਸਾਹਿਬ ਜੀ ਨੇ ਕਿਹਾ ਕਿ ਪਾਕਿਸਤਾਨ 'ਚ ਰਹਿੰਦੀਆਂ ਸਿੱਖ ਸੰਗਤਾਂ ਇਕ-ਮੁੱਠ ਹੋ ਕੇ ਇਸ ਘਟਨਾ ਦਾ ਵਿਰੋਧ ਕਰਨ ਅਤੇ ਪਾਕਿਸਤਾਨ ਸਰਕਾਰ ਦੇ ਨਾਲ ਰਾਫਤਾ ਕਾਇਮ ਕਰ ਕੇ ਇਸ ਘਟਨਾ ਸਬੰਧੀ ਗੱਲਬਾਤ ਕਰਨ। 
ਪਾਕਿਸਤਾਨ ਸਰਕਾਰ ਇਸ ਮੰਦਭਾਗੀ ਘਟਨਾ 'ਤੇ ਤੁਰੰਤ ਕਾਰਵਾਈ ਕਰਦਿਆਂ ਸਬੰਧਤ ਵਿਅਕਤੀਆਂ 'ਤੇ ਸਖਤ ਕਾਰਵਾਈ ਕਰੇ ਜਿਸ ਨਾਲ ਅੱਗੋਂ ਵਾਸਤੇ ਕੋਈ ਵੀ ਵਿਅਕਤੀ ਇਸ ਤਰ੍ਹਾਂ ਦੀ ਕਾਰਵਾਈ ਕਰਨ ਦਾ ਹੌਸਲਾ ਨਾ ਕਰ ਸਕੇ। ਪਾਕਿਸਤਾਨ ਗੁ. ਪ੍ਰ. ਕਮੇਟੀ ਜ਼ਰੂਰੀ ਢੁੱਕਵੇਂ ਉਪਰਾਲੇ ਕਰ ਕੇ ਗੁਰਦੁਆਰਾ ਸਾਹਿਬਾਨਾਂ ਦੀ ਰਾਖੀ ਵੱਲ ਵਿਸ਼ੇਸ਼ ਧਿਆਨ ਦੇਵੇ ਤਾਂ ਕਿ ਕੋਈ ਵੀ ਗੁਰੂ-ਘਰ ਦੀ ਇਮਾਰਤ ਨੂੰ ਨੁਕਸਾਨ ਨਾ ਪਹੁੰਚਾ ਸਕੇ।
ਸਿੰਘ ਸਾਹਿਬ ਨੇ ਕਿਹਾ ਕਿ ਸਿੱਖ ਧਰਮ ਤਾਂ ਰੋਜ਼ ਵਾਹਿਗੁਰੂ ਅੱਗੇ ਅਰਦਾਸ ਕਰਦਿਆਂ ਸਰਬੱਤ ਦਾ ਭਲਾ ਮੰਗਦਾ ਹੈ ਪਰ ਪਤਾ ਨਹੀਂ ਕਿਉਂ ਸਿੱਖਾਂ ਨੂੰ ਹੀ ਨਿਸ਼ਾਨਾ ਬਣਾ ਕੇ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ। ਗੁਰਦੁਆਰਾ ਡਾਂਗਮਾਰ ਸਾਹਿਬ ਜੋ ਸਿੱਕਮ 'ਚ ਹੈ ਅਤੇ ਜਿਸ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਹੈ। ਉਥੇ ਬੁੱਧ ਧਰਮ ਵਾਲਿਆਂ ਵੱਲੋਂ ਗੁਰਦੁਆਰਾ ਸਾਹਿਬ ਉੱਪਰ ਕਬਜ਼ਾ ਕਰਨ ਦੀ ਘਟਨਾ ਵਾਪਰੀ ਹੈ ਜਿਸ ਲਈ ਸ਼੍ਰੋ. ਗੁ. ਪ੍ਰ. ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰ. ਕਮੇਟੀ ਵਲੋਂ ਕਾਰਵਾਈ ਹੋ ਰਹੀ ਹੈ। ਸਿੰਘ ਸਾਹਿਬ ਜੀ ਨੇ ਸ਼੍ਰੋ. ਗੁ. ਪ੍ਰ. ਕਮੇਟੀ ਅਤੇ ਦਿੱਲੀ ਸਿੱਖ ਗੁ. ਪ੍ਰ. ਕਮੇਟੀ ਨੂੰ ਕਿਹਾ ਕਿ ਤੁਰੰਤ ਇਸ ਕੇਸ ਸਬੰਧੀ ਕੇਂਦਰ ਸਰਕਾਰ ਨਾਲ ਰਾਫਤਾ ਕਾਇਮ ਕਰ ਕੇ ਜਲਦੀ ਤੋਂ ਜਲਦੀ ਗੁਰਦੁਆਰਾ ਡਾਂਗਮਾਰ ਸਾਹਿਬ ਨੂੰ ਆਜ਼ਾਦ ਕਰਵਾਇਆ ਜਾਵੇ।


Related News