ਪੰਜਾਬ ਦੇ ਕਿਸਾਨਾਂ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਦੀ ਤਕਨੀਕ ਨੂੰ ਭਰਵਾ ਹੁੰਗਾਰਾ

Sunday, Jun 07, 2020 - 04:06 PM (IST)

ਚੰਡੀਗੜ੍ਹ : ਕੋਰੋਨਾ ਵਾਇਰਸ ਦੀ ਮਹਾਮਾਰੀ ਦਰਮਿਆਨ ਮਜ਼ਦੂਰਾਂ ਦੀ ਘਾਟ ਨਾਲ ਨਜਿੱਠਣ ਲਈ ਪੰਜਾਬ ਦੇ ਕਿਸਾਨਾਂ ਨੇ ਇਸ ਸਾਲ ਝੋਨੇ ਦੀ ਰਵਾਇਤੀ ਲੁਆਈ ਦੀ ਬਜਾਏ ਸਿੱਧੀ ਬਿਜਾਈ ਨੂੰ ਭਰਵਾਂ ਹੁੰਗਾਰਾ ਦਿੱਤਾ ਹੈ, ਜਿਸ ਨਾਲ ਸੂਬੇ 'ਚ ਝੋਨੇ ਦਾ 25 ਫੀਸਦੀ ਰਕਬਾ ਇਸ ਨਵੀਨਤਮ ਤਕਨਾਲੋਜੀ ਹੇਠ ਆਉਣ ਦੀ ਸੰਭਾਵਨਾ ਹੈ। ਇਹ ਕਦਮ ਜਿੱਥੇ ਮਜ਼ਦੂਰਾਂ ਦੇ ਖਰਚੇ ਦੇ ਰੂਪ 'ਚ ਕਟੌਤੀ ਲਿਆਵੇਗਾ, ਉੱਥੇ ਹੀ ਪਾਣੀ ਦੀ ਬੱਚਤ ਲਈ ਵੀ ਬਹੁਤ ਸਹਾਈ ਹੋਵੇਗਾ। ਝੋਨੇ ਦੀ ਸਿੱਧੀ ਬਿਜਾਈ (ਡੀ.ਐਸ.ਆਰ.) ਦੀ ਤਕਨਾਲੋਜੀ ਨੂੰ ਉਤਸ਼ਾਹਤ ਕਰਨ ਅਤੇ ਕਿਸਾਨਾਂ ਨੂੰ ਇਹ ਤਕਨਾਲੋਜੀ ਵੱਡੇ ਪੱਧਰ ’ਤੇ ਅਪਣਾਉਣ ਲਈ ਪ੍ਰੇਰਿਤ ਕਰਨ ਵਾਸਤੇ ਸੂਬੇ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਨੇ ਕਿਸਾਨਾਂ ਨੂੰ 40 ਤੋਂ 50 ਫੀਸਦੀ ਤੱਕ ਸਬਸਿਡੀ ’ਤੇ ਸਿੱਧੀ ਬਿਜਾਈ ਵਾਲੀਆਂ 4000 ਮਸ਼ੀਨਾਂ ਅਤੇ ਝੋਨਾ ਲਾਉਣ ਵਾਲੀਆਂ 800 ਮਸ਼ੀਨਾਂ ਦੇਣ ਦੀ ਪ੍ਰਵਾਨਗੀ ਦੇ ਦਿੱਤੀ ਹੈ।
ਖੇਤੀਬਾੜੀ ਸਕੱਤਰ ਕਾਹਨ ਸਿੰਘ ਪੰਨੂੰ ਨੇ ਦੱਸਿਆ ਕਿ ਪੰਜਾਬ ਨੇ ਮੌਜੂਦਾ ਸਾਲ ਦੌਰਾਨ ਸਿੱਧੀ ਲੁਆਈ ਦੀ ਤਕਨੀਕ ਹੇਠ ਲਗਭਗ 5 ਲੱਖ ਹੈਕਟੇਅਰ ਰਕਬਾ ਲਿਆਉਣ ਦਾ ਟੀਚਾ ਮਿੱਥਿਆ ਸੀ ਪਰ ਮਜ਼ਦੂਰਾਂ ਦੀ ਕਮੀ ਆਉਣ ਅਤੇ ਕਿਸਾਨਾਂ ਵੱਲੋਂ ਅਗਾਂਹਵਧੂ ਤਕਨਾਲੋਜੀ ਅਪਣਾਉਣ ਲਈ ਦਿਖਾਈ ਡੂੰਘੀ ਦਿਲਚਸਪੀ ਕਾਰਨ 6-7 ਲੱਖ ਹੈਕਟੇਅਰ ਰਕਬਾ ਇਸ ਤਕਨੀਕ ਹੇਠ ਆਉਣ ਦੀ ਸੰਭਾਵਨਾ ਹੈ, ਜੋ ਪੰਜਾਬ 'ਚ ਝੋਨੇ ਦੀ ਕੁੱਲ ਲੁਆਈ ਦਾ 25 ਫੀਸਦੀ ਰਕਬਾ ਬਣਦਾ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਸਿੱਧੀ ਬਿਜਾਈ ਦੀ ਤਕਨੀਕ ਪਾਣੀ ਦੀ 30 ਫੀਸਦੀ ਬੱਚਤ ਕਰਨ ਤੋਂ ਇਲਾਵਾ ਝੋਨੇ ਦੀ ਲੁਆਈ 'ਚ ਪ੍ਰਤੀ ਏਕੜ 6000 ਰੁਪਏ ਦੀ ਕਟੌਤੀ ਲਿਆਉਣ 'ਚ ਮਦਦਗਾਰ ਸਾਬਤ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਰਿਪੋਰਟਾਂ ਅਤੇ ਖੋਜ ਮੁਤਾਬਕ ਸਿੱਧੀ ਬਿਜਾਈ ਵਾਲੇ ਝੋਨੇ ਦਾ ਝਾੜ ਵੀ ਰਵਾਇਤੀ ਤਰੀਕੇ ਨਾਲ ਲਾਏ ਗਏ ਝੋਨੇ ਦੇ ਬਰਾਬਰ ਹੀ ਹੁੰਦਾ ਹੈ।
ਪੰਨੂੰ ਨੇ ਅੱਗੇ ਦੱਸਿਆ ਕਿ ਖੇਤੀ ਖੇਤਰ 'ਚ ਝੋਨੇ ਦੀ ਲੁਆਈ ਹੀ ਇਕ ਅਜਿਹਾ ਕਾਰਜ ਹੈ, ਜਿਸ ਲਈ ਮਜ਼ਦੂਰਾਂ ਦੀ ਬਹੁਤ ਲੋੜ ਪੈਂਦੀ ਹੈ ਅਤੇ ਇਸ ਸਾਲ ਮਜ਼ਦੂਰਾਂ ਦੀ ਕਮੀ ਹੋਣ ਕਰਕੇ ਖੇਤੀਬਾੜੀ ਮਹਿਕਮੇ ਨੇ ਕਿਸਾਨਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਹਾਲ ਹੀ 'ਚ ਕੀਤੀਆਂ ਗਈਆਂ ਸਿਫਾਰਸ਼ਾਂ ਮੁਤਾਬਕ ਝੋਨੇ ਦੀ ਸਿੱਧੀ ਬਿਜਾਈ ਕਰਨ ਦੀ ਸਲਾਹ ਦਿੱਤੀ ਹੈ। ਵਿਭਾਗ ਦੇ ਮੁਲਾਜ਼ਮਾਂ ਵੱਲੋਂ ਵੀ ਬਿਹਤਰ ਤਰੀਕਿਆਂ ਨਾਲ ਖੇਤਰ 'ਚ ਜਾ ਕੇ ਕਿਸਾਨਾਂ ਨੂੰ ਨਵੀਂ ਤਕਨਾਲੋਜੀ ਬਾਰੇ ਸੇਧ ਦਿੱਤੀ ਜਾ ਰਹੀ ਹੈ।

ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਇਸ ਨਵੀਂ ਤਕਨਾਲੋਜੀ 'ਚ ਸਭ ਤੋਂ ਨਾਜ਼ੁਕ ਪੱਖ ਨਦੀਣ ਨੂੰ ਕੰਟਰੋਲ ਕਰਨਾ ਹੈ, ਜਿਸ ਕਰਕੇ ਕਿਸਾਨਾਂ ਨੂੰ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਸਿੱਧੀ ਬਿਜਾਈ ਕਰਨ ਤੋਂ ਪਹਿਲਾਂ ਨਦੀਣਨਾਸ਼ਕ ਦੀ ਖਰੀਦ ਜ਼ਰੂਰ ਕੀਤੀ ਜਾਵੇ ਅਤੇ ਝੋਨੇ ਦੀ ਬਿਜਾਈ ਦੇ 24 ਘੰਟਿਆਂ ਦੇ ਅੰਦਰ-ਅੰਦਰ ਇਸ ਦਾ ਛਿੜਕਾਅ ਕੀਤਾ ਜਾਵੇ। ਇਹ ਦੱਸਣਯੋਗ ਹੈ ਕਿ ਸੂਬਾ ਭਰ ਦੇ ਕਿਸਾਨਾਂ ਵੱਲੋਂ ਕੁੱਲ 27 ਲੱਖ ਹੈਕਟੇਅਕ ਰਕਬੇ 'ਚ ਝੋਨਾ ਲਾਇਆ ਜਾਂਦਾ ਹੈ, ਜਿਸ 'ਚ ਵੱਧ ਗੁਣਵੱਤਾ ਵਾਲੀ ਬਾਸਮਤੀ ਦੀ ਕਿਸਮ ਹੇਠ ਆਉਂਦਾ 7 ਲੱਖ ਹੈਕਟੇਅਰ ਰਕਬਾ ਵੀ ਸ਼ਾਮਲ ਹੈ।


Babita

Content Editor

Related News