ਪੈਕ ਕੀਤੇ ਡ੍ਰਿਕਿੰਗ ਤੇ ਮਿਨਰਲ ਵਾਟਰ ਦੀ ਹੋਵੇਗੀ ਜਾਂਚ, ਹਾਈ ਰਿਸਕ ਕੈਟਾਗਰੀ ’ਚ ਕੀਤਾ ਸ਼ਾਮਲ
Saturday, Nov 28, 2026 - 11:20 PM (IST)
ਲੁਧਿਆਣਾ (ਸਹਿਗਲ) - ਇਕ ਪ੍ਰਸਿੱਧ ਬ੍ਰਾਂਡ ਦੇ ਪਾਣੀ ਦੇ ਸੈਂਪਲ ਫੇਲ੍ਹ ਹੋਣ ਤੋਂ ਬਾਅਦ ਫੂਡ ਸੇਫਟੀ ਸਟੈਂਡਰਡਜ਼ ਅਥਾਰਟੀ ਆਫ਼ ਇੰਡੀਆ (ਐੱਫ.ਐੱਸ.ਐੱਸ.ਏ.ਆਈ.) ਨੇ ਸਾਰੇ ਰਾਜਾਂ ਦੇ ਫੂਡ ਕਮਿਸ਼ਨਰਾਂ ਨੂੰ ਆਪਣੇ-ਆਪਣੇ ਰਾਜਾਂ ਵਿਚ ਵਿਕਣ ਵਾਲੇ ਪੀਣ ਵਾਲੇ ਪਾਣੀ ਅਤੇ ਮਿਨਰਲ ਵਾਟਰ ਦੀ ਵਿਆਪਕ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ।
ਫੂਡ ਸੇਫਟੀ ਐਂਡ ਸਟੈਂਡਰਡਜ਼ ਅਥਾਰਟੀ ਆਫ਼ ਇੰਡੀਆ ਨੇ ਸਾਰੇ ਰਾਜਾਂ ਦੇ ਧਿਆਨ ਵਿਚ ਲਿਆਂਦਾ ਹੈ ਕਿ ਪੈਕ ਕੀਤੇ ਪੀਣ ਵਾਲੇ ਪਾਣੀ ਅਤੇ ਮਿਨਰਲ ਵਾਟਰ ਲਈ ਲਾਜ਼ਮੀ ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ (ਬੀ.ਆਈ.ਐੱਸ.) ਸਰਟੀਫਿਕੇਸ਼ਨ ਦੀ ਸ਼ਰਤ ਹਟਾਏ ਜਾਣ ਤੋਂ ਬਾਅਦ ਇਨ੍ਹਾਂ ਉਤਪਾਦਾਂ ਨੂੰ ਐੱਫ.ਐੱਸ.ਐੱਸ.ਏ.ਆਈ. ਵੱਲੋਂ 29 ਨਵੰਬਰ ਦੇ ਹੁਕਮ ਰਾਹੀਂ ’ਹਾਈ ਰਿਸਕ ਫੂਡ ਕੈਟਾਗਰੀਜ਼’ ਵਿਚ ਸ਼ਾਮਲ ਕੀਤਾ ਗਿਆ ਹੈ।
ਸਾਰੇ ਰਾਜਾਂ ਨੂੰ ਜਾਰੀ ਕੀਤੇ ਗਏ ਨਿਰਦੇਸ਼ਾਂ ਵਿਚ ਕਿਹਾ ਗਿਆ ਹੈ ਕਿ ਉਪਰੋਕਤ ਤੱਥਾਂ ਨੂੰ ਧਿਆਨ ਵਿਚ ਰੱਖਦਿਆਂ ਅਤੇ ਆਮ ਲੋਕਾਂ ਵੱਲੋਂ ਵਰਤੇ ਜਾਣ ਵਾਲੇ ਪੈਕ ਕੀਤੇ ਪੀਣ ਵਾਲੇ ਪਾਣੀ ਅਤੇ ਮਿਨਰਲ ਵਾਟਰ ਦੀ ਸੁਰੱਖਿਆ ਅਤੇ ਕੁਆਲਟੀ ਯਕੀਨੀ ਬਣਾਉਣ ਦੇ ਮਹੱਤਵ ਨੂੰ ਦੇਖਦਿਆਂ ਸਾਰੇ ਡੈਜ਼ੀਗਨੇਟਿਡ ਅਫ਼ਸਰਾਂ (ਫੂਡ ਸੇਫਟੀ) ਨੂੰ ਆਪਣੇ-ਆਪਣੇ ਅਧਿਕਾਰ ਖੇਤਰ ਵਿਚ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ, 2006 ਅਤੇ ਇਸ ਤਹਿਤ ਬਣਾਏ ਗਏ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਲਈ ਇਨਫੋਰਸਮੈਂਟ ਅਤੇ ਨਿਗਰਾਨੀ ਦੀਆਂ ਗਤੀਵਿਧੀਆਂ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਰਾਜ ਦੇ ਜੁਆਇੰਟ ਫੂਡ ਕਮਿਸ਼ਨਰ ਵੱਲੋਂ ਸਾਰੇ ਜ਼ਿਲਿ੍ਹਆਂ ਦੇ ਜ਼ਿਲ੍ਹਾ ਸਿਹਤ ਅਧਿਕਾਰੀਆਂ ਨੂੰ ਸਰਕੂਲਰ ਜਾਰੀ ਕਰਕੇ ਉਪਰੋਕਤ ਨਿਰਦੇਸ਼ਾਂ ਤੋਂ ਇਲਾਵਾ ਹੇਠ ਲਿਖੀਆਂ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਲਈ ਕਿਹਾ ਗਿਆ ਹੈ।
ਨਿਰਮਾਣ ਇਕਾਈਆਂ ਦੀ ਨਿਯਮਤ ਜਾਂਚ
ਪੈਕ ਕੀਤੇ ਪੀਣ ਵਾਲੇ ਪਾਣੀ ਅਤੇ ਮਿਨਰਲ ਵਾਟਰ ਦੇ ਨਿਰਮਾਣ, ਪ੍ਰੋਸੈਸਿੰਗ, ਪੈਕਿੰਗ, ਸਟੋਰੇਜ, ਟ੍ਰਾਂਸਪੋਰਟੇਸ਼ਨ ਅਤੇ ਵਿਕਰੀ ਵਿਚ ਸ਼ਾਮਲ ਸਾਰੀਆਂ ਨਿਰਮਾਣ ਇਕਾਈਆਂ, ਪ੍ਰੋਸੈਸਿੰਗ ਸੈਂਟਰਾਂ, ਸਟੋਰੇਜ ਸਥਾਨਾਂ, ਡਿਸਟ੍ਰੀਬਿਊਟਰਾਂ ਅਤੇ ਹੋਰ ਫੂਡ ਬਿਜ਼ਨਸ ਆਪਰੇਟਰਾਂ ਦੀ ਨਿਯਮਤ ਅਤੇ ਯੋਜਨਾਬੱਧ ਜਾਂਚ ਕੀਤੀ ਜਾਵੇ।
ਜੋਖ਼ਮ ਦੇ ਆਧਾਰ ’ਤੇ ਸੈਂਪਲਿੰਗ
ਪੈਕ ਕੀਤੇ ਪੀਣ ਵਾਲੇ ਪਾਣੀ ਅਤੇ ਮਿਨਰਲ ਵਾਟਰ ਦੇ ਵੱਡੇ ਪੱਧਰ ’ਤੇ ਅਤੇ ਜੋਖ਼ਮ ਦੇ ਆਧਾਰ ’ਤੇ ਸੈਂਪਲ ਲਏ ਜਾਣ। ਖ਼ਾਸ ਤੌਰ ’ਤੇ ਉਨ੍ਹਾਂ ਨਿਰਮਾਣ ਇਕਾਈਆਂ ਅਤੇ ਬ੍ਰਾਂਡਾਂ ਤੋਂ ਸੈਂਪਲਿੰਗ ਯਕੀਨੀ ਬਣਾਈ ਜਾਵੇ ਜਿਨ੍ਹਾਂ ਦੀ ਖਪਤਕਾਰਾਂ ਤੱਕ ਵਧੇਰੇ ਪਹੁੰਚ ਹੈ, ਜਿਨ੍ਹਾਂ ਦਾ ਪਹਿਲਾਂ ਨਿਯਮਾਂ ਦੀ ਉਲੰਘਣਾ ਕਰਨ ਦਾ ਰਿਕਾਰਡ ਰਿਹਾ ਹੈ ਜਾਂ ਜਿਨ੍ਹਾਂ ਨਾਲ ਹੋਰ ਜੋਖ਼ਮ ਜੁੜੇ ਹੋਏ ਹਨ।
ਸੈਂਪਲਾਂ ਦੀ ਜਾਂਚ
ਪੈਕ ਕੀਤੇ ਪੀਣ ਵਾਲੇ ਪਾਣੀ ਦੇ ਸੈਂਪਲ ਲੈ ਕੇ ਨਿਰਧਾਰਤ ਪ੍ਰਕਿਰਿਆ ਅਨੁਸਾਰ ਜਾਂਚ ਲਈ ਸਬੰਧਤ ਨੋਟੀਫਾਈਡ ਲੈਬਾਰਟਰੀਆਂ ਵਿਚ ਭੇਜੇ ਜਾਣ।
ਨਿਯਮਾਂ ਦੀ ਉਲੰਘਣਾ ’ਤੇ ਕਾਰਵਾਈ
ਜੇਕਰ ਕਿਸੇ ਵੀ ਤਰ੍ਹਾਂ ਦੀ ਉਲੰਘਣਾ ਜਾਂ ਨਿਯਮਾਂ ਦੀ ਪਾਲਣਾ ਨਾ ਕਰਨ ਦਾ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ, 2006 ਅਤੇ ਇਸ ਤਹਿਤ ਬਣੇ ਨਿਯਮਾਂ ਤੇ ਰੈਗੂਲੇਸ਼ਨਾਂ ਅਨੁਸਾਰ ਤੁਰੰਤ ਢੁਕਵੀਂ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਜਾਵੇ।
ਇਸ ਤੋਂ ਇਲਾਵਾ ਸਾਰੇ ਫੂਡ ਸੇਫਟੀ ਅਫ਼ਸਰਾਂ ਨੂੰ ਪ੍ਰਚੂਨ ਬਾਜ਼ਾਰ, ਥੋਕ ਬਾਜ਼ਾਰ, ਵਪਾਰਕ ਅਦਾਰਿਆਂ, ਹੋਟਲਾਂ, ਰੈਸਟੋਰੈਂਟਾਂ ਅਤੇ ਵਿਕਰੀ ਦੇ ਹੋਰ ਸਥਾਨਾਂ ’ਤੇ ਪੈਕ ਕੀਤੇ ਪੀਣ ਵਾਲੇ ਪਾਣੀ ਅਤੇ ਮਿਨਰਲ ਵਾਟਰ ਦੀ ਵਿਕਰੀ ਅਤੇ ਵੰਡ ’ਤੇ ਸਖ਼ਤ ਨਜ਼ਰ ਰੱਖਣ ਲਈ ਕਿਹਾ ਗਿਆ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਖਪਤਕਾਰਾਂ ਨੂੰ ਅਸੁਰੱਖਿਅਤ, ਘਟੀਆ ਕੁਆਲਟੀ ਵਾਲੇ ਜਾਂ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਉਤਪਾਦ ਨਾ ਵੇਚੇ ਜਾਣ।
ਸਾਰੇ ਡੈਜ਼ੀਗਨੇਟਿਡ ਅਫ਼ਸਰਾਂ ਨੂੰ ਆਪਣੇ-ਆਪਣੇ ਅਧਿਕਾਰ ਖੇਤਰ ਲਈ ਪ੍ਰਭਾਵਸ਼ਾਲੀ ਕਾਰਜ ਯੋਜਨਾ ਤਿਆਰ ਕਰਨ ਅਤੇ ਉਪਰੋਕਤ ਨਿਰਦੇਸ਼ਾਂ ਨੂੰ ਪੂਰੀ ਤਰ੍ਹਾਂ ਲਾਗੂ ਕਰਨਾ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ।
ਉੱਚ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਇਨ੍ਹਾਂ ਨਿਰਦੇਸ਼ਾਂ ਨੂੰ ਲਾਗੂ ਕਰਨ ਵਿਚ ਕਿਸੇ ਵੀ ਤਰ੍ਹਾਂ ਦੀ ਢਿੱਲ ਜਾਂ ਨਿਰਧਾਰਤ ਨਿਗਰਾਨੀ ਗਤੀਵਿਧੀਆਂ ਨਾ ਕਰਨ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ। ਇਨ੍ਹਾਂ ਨਿਰਦੇਸ਼ਾਂ ਨੂੰ ਅਤਿ ਜ਼ਰੂਰੀ ਕਰਾਰ ਦਿੰਦਿਆਂ ਇਨ੍ਹਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਗੀ।
