ਓਵੈਸ਼ੀ ਨੇ ਔਰੰਗਜ਼ੇਬ ਦੀ ਮੜ੍ਹੀ ’ਤੇ ਸਿਜਦਾ ਕਰਕੇ ਫ਼ਿਰਕੂ ਨਫ਼ਰਤ ਦੀ ਸਿਆਸਤ ਕੀਤੀ : ਪ੍ਰੋ. ਸਰਚਾਂਦ ਸਿੰਘ ਖਿਆਲਾ

05/14/2022 3:49:11 PM

 ਅੰਮ੍ਰਿਤਸਰ (ਬਿਊਰੋ) : ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਨੂੰ ਸ਼ਹੀਦ ਕਰਨ ਵਾਲੇ ਔਰੰਗਜ਼ੇਬ ਦੀ ਮਹਾਰਾਸ਼ਟਰ ਦੇ ਔਰੰਗਾਬਾਦ ਜ਼ਿਲ੍ਹੇ ਦੇ ਖੁਲਦਾਬਾਦ ’ਚ ਸਥਿਤ ਮੜ੍ਹੀ ’ਤੇ ਸਿਜਦਾ ਕਰਨ ਲਈ ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਮੀਨ (ਏ.ਆਈ.ਐੱਮ.ਆਈ.ਐੱਮ.) ਦੇ ਆਗੂ ਅਤੇ ਵਿਧਾਇਕ ਅਕਬਰੂਦੀਨ ਓਵੈਸੀ ਦੀ ਸਖ਼ਤ ਨਿੰਦਾ ਕਰਦਿਆਂ ਭਾਰਤੀ ਜਨਤਾ ਪਾਰਟੀ ਦੇ ਆਗੂ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਕਿਹਾ ਕਿ ‘ਔਰੰਗਜ਼ੇਬ ਦੇ ਪੈਰੋਕਾਰ’ ਓਵੈਸ਼ੀ ਨੇ ਅਜਿਹਾ ਕਰ ਕੇ ਹਿੰਦੂਆਂ ਤੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਹੀ ਨਹੀਂ ਸਗੋਂ ਮੁਸਲਮਾਨਾਂ ਦੀਆਂ ਭਾਵਨਾਵਾਂ ਨੂੰ ਵੀ ਗਹਿਰੀ ਠੇਸ ਪਹੁੰਚਾਈ ਹੈ।
ਉਨ੍ਹਾਂ ’ਚ ਇਸ ਗੱਲ ਦਾ ਭਾਰੀ ਰੋਸ ਹੈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਵੱਡਾ ਫੈਸਲਾ, ਹੁਣ 1 ਜੂਨ ਤੋਂ ਹੋਣਗੀਆਂ ਗਰਮੀਆਂ ਦੀਆਂ ਛੁੱਟੀਆਂ

ਉਨ੍ਹਾਂ ਕਿਹਾ ਕਿ ਹਾਲ ਹੀ ਵਿਚ ਕੇਂਦਰ ਸਰਕਾਰ ਵੱਲੋਂ ਲਾਲ ਕਿਲ੍ਹੇ ’ਚ ਗੁਰੂ ਤੇਗ਼ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੁਰਬ ਦੀ ਸੰਪੂਰਨਤਾ ਪ੍ਰਤੀ ਦੋ ਰੋਜ਼ਾ ਸ਼ਾਨਦਾਰ ਸਮਾਗਮ ਉਪਰੰਤ ਗੁਰੂ ਸਾਹਿਬ ਨੂੰ ਸ਼ਹੀਦ ਕਰਨ ਵਾਲੇ ਜ਼ਾਲਮ ਹਾਕਮ ਦੀ ਕਬਰ ’ਤੇ ਕਿਸੇ ਅਹਿਮ ਵਿਅਕਤੀ ਵੱਲੋਂ ਸਿਜਦਾ ਕਰਨ ਜਾਣਾ ਮੰਦਭਾਗਾ ਹੈ। ਓਵੈਸੀ ਨੇ ਜੇ ਕਿਸੇ ਇਸਲਾਮੀ ਸ਼ਖ਼ਸੀਅਤ ਨੂੰ ਸਿਜਦਾ ਕਰਨ ਜਾਣਾ ਹੈ ਤਾਂ ਉਹ ਨਫ਼ਰਤ ਫੈਲਾਉਣ ਤੇ ਜ਼ੁਲਮ ਕਰਨ ਵਾਲੇ ਦੀ ਥਾਂ ਪ੍ਰੇਮ ਅਤੇ ਭਾਈਚਾਰਕ ਸਾਂਝ ਦਾ ਸੰਦੇਸ਼ ਦੇਣ ਵਾਲੇ ਕਿਸੇ ਵੀ ਸੂਫ਼ੀ ਦਰਵੇਸ਼ ਦੀ ਮਜ਼ਾਰ ’ਤੇ ਜਾ ਸਕਦਾ ਸੀ। ਉਨ੍ਹਾਂ ਕਿਹਾ ਕਿ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਨਾ ਤਾਂ ਇਸਲਾਮ ਦਾ ਪੈਰੋਕਾਰ ਸੀ, ਨਾ ਹੀ ਉਹ ਭਾਰਤੀ ਮੁਸਲਮਾਨਾਂ ਦਾ ਰੋਲ ਆਫ਼ ਮਾਡਲ ਸੀ। ਉਹ ਇਕ ਜ਼ਾਲਮ ਸ਼ਾਸਕ ਸੀ, ਜਿਸ ਦੀ ਗਿਣਤੀ ਵਿਸ਼ਵ ਦੇ ਅਤਿ ਜ਼ਾਲਮ ਸ਼ਾਸਕਾਂ ’ਚ ਕੀਤੀ ਜਾਂਦੀ ਹੈ।

PunjabKesari

ਇਹ ਵੀ ਪੜ੍ਹੋ : ਤਰਨਤਾਰਨ ’ਚ ਵਾਪਰੀ ਵੱਡੀ ਵਾਰਦਾਤ, ਨੂੰਹ ਨੇ ਕੁੱਟ-ਕੁੱਟ ਕੀਤਾ ਸੱਸ ਦਾ ਕਤਲ

ਇਤਿਹਾਸਕ ਹਵਾਲਿਆਂ ਨਾਲ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਕਿਹਾ ਕਿ ਔਰੰਗਜ਼ੇਬ ਉਹ ਸ਼ਾਸਕ ਸੀ, ਜਿਸ ਨੇ ਹਜ਼ਾਰਾਂ ਮੰਦਰਾਂ ਨੂੰ ਤੋੜਿਆ, ਤਬਾਹ ਕੀਤਾ ਅਤੇ ਰੋਜ਼ਾਨਾ ਸਵਾ ਮਣ ਹਿੰਦੂਆਂ ਦੇ ਜੰਞੂ ਉਤਰਵਾ ਕੇ ਉਨ੍ਹਾਂ ਨੂੰ ਜਬਰੀ ਮੁਸਲਮਾਨ ਬਣਾਉਂਦਾ ਸੀ। ਉਸ ਦੀ ਹਕੂਮਤ ਵੱਲੋਂ ਕੀਤੇ ਜਾਂਦੇ ਜਬਰ-ਜ਼ੁਲਮ ਤੋਂ ਤੰਗ ਆ ਕੇ ਹੀ ਕਸ਼ਮੀਰੀ ਪੰਡਿਤਾਂ ਵੱਲੋਂ ਗੁਰੂ ਤੇਗ਼ ਬਹਾਦਰ ਜੀ ਦੇ ਦਰਬਾਰ ’ਚ ਗੁਹਾਰ ਲਾਈ ਗਈ ਅਤੇ ਗੁਰੂ ਸਾਹਿਬ ਵੱਲੋਂ ਤਿਲਕ ਜੰਞੂ ਦੀ ਰੱਖਿਆ ਲਈ ਦਿੱਲੀ ਵਿਖੇ ਸ਼ਹਾਦਤ ਦਿੰਦਿਆਂ ਧਰਮ ਦੀ ਰੱਖਿਆ ਲਈ ਮਿਸਾਲ ਕਾਇਮ ਕੀਤੀ ਗਈ। ਇਸੇ ਹਕੂਮਤ ਦੇ ਸਮੇਂ ਗੁਰੂ ਸਾਹਿਬ ਦੇ ਪੋਤਰੇ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਾਹਿਬਜ਼ਾਦਿਆਂ ਨੂੰ ਸਰਹਿੰਦ ਦੀਆਂ ਨੀਹਾਂ ’ਚ ਚਿਣਵਾ ਕੇ ਸ਼ਹੀਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੇ ਅਨਿੰਨ ਸਿੱਖ ਭਾਈ ਸਤੀ ਦਾਸ ਜੀ, ਭਾਈ ਮਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਨੂੰ ਅਣਮਨੁੱਖੀ ਤਸੀਹੇ ਦੇ ਕੇ ਸ਼ਹੀਦ ਕਰਨ ਵਾਲੇ ਦੀ ਵਡਿਆਈ ਸਵੀਕਾਰ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਦੇਸ਼ ਦਾ ਮਾਹੌਲ ਖ਼ਰਾਬ ਕਰਨ ਦੇ ਉਦੇਸ਼ ਨਾਲ ਰਾਜਨੀਤੀ ਕਰ ਰਹੇ ਓਵੈਸੀ ਭਰਾਵਾਂ ਦੀ ਫ਼ਿਰਕੂ ਨਫ਼ਰਤ ਤੇ ਕੱਟੜਵਾਦ ਤੋਂ ਪੂਰਾ ਦੇਸ਼ ਜਾਣੂ ਹੈ।

ਇਹ ਵੀ ਪੜ੍ਹੋ : ਅਮਰੀਕਾ ਤੋਂ ਆਈ ਮੰਦਭਾਗੀ ਖ਼ਬਰ, ਪੰਜਾਬੀ ਨੌਜਵਾਨ ਦੀ ਭੇਤਭਰੇ ਹਾਲਾਤ ’ਚ ਹੋਈ ਮੌਤ

ਉਨ੍ਹਾਂ ਕਿਹਾ ਕਿ ਔਰੰਗਜ਼ੇਬ ਦੀ ਕਬਰ ਦੀ ਮਹਿਮਾ ਤੇ ਸਿਜਦਾ ਕਰਕੇ ਓਵੈਸ਼ੀ ਵੱਲੋਂ ਹਿੰਦੂ, ਸਿੱਖ ਤੇ ਮੁਸਲਿਮ ਭਾਈਚਾਰਿਆਂ ’ਚ ਫ਼ਿਰਕੂ ਨਫ਼ਰਤ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਮਹਾਰਾਸ਼ਟਰ ਸਰਕਾਰ ਨੂੰ ਓਵੈਸ਼ੀ ’ਤੇ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕੇਂਦਰ ਤੇ ਰਾਜ ਸਰਕਾਰਾਂ ਨੂੰ ਅਪੀਲ ਕਰਦਿਆਂ ਭਾਰਤੀ ਲੋਕਾਂ ’ਤੇ ਅੱਤਿਆਚਾਰ ਕਰਨ ਵਾਲੇ ਔਰੰਗਜ਼ੇਬ ਵਰਗੇ ਜ਼ਾਲਮ ਹਾਕਮਾਂ ਦੇ ਨਾਂ ’ਤੇ ਰੱਖੇ ਗਏ ਸ਼ਹਿਰਾਂ, ਨਗਰਾਂ, ਸੜਕਾਂ ਅਤੇ ਹੋਰ ਯਾਦਗਾਰੀ ਸੰਸਥਾਵਾਂ ਦੇ ਨਾਂ ਗੁਰੂ ਸਾਹਿਬਾਨ ਅਤੇ ਦੇਸ਼ ਭਗਤਾਂ ਦੇ ਨਾਂ ’ਤੇ ਬਦਲ ਕੇ ਰੱਖਣ ਪ੍ਰਤੀ ਲੋੜੀਂਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।


Manoj

Content Editor

Related News