ਓਵਰਲੋਡ ਟਰੈਕਟਰ-ਟਰਾਲੀ ਪਲਟੀ
Tuesday, Nov 14, 2017 - 04:41 AM (IST)

ਜਲਾਲਾਬਾਦ, (ਬਜਾਜ)— ਜਿਥੇ ਇਕ ਪਾਸੇ ਕੜਾਕੇ ਦੀ ਠੰਡ ਦੇ ਨਾਲ-ਨਾਲ ਸੰਘਣੀ ਧੁੰਦ ਪੈਣ ਦਾ ਸਿਲਸਿਲਾ ਨਿਰੰਤਰ ਜਾਰੀ ਹੈ, ਉਥੇ ਨਾਲ ਹੀ ਓਵਰਲੋਡ ਹੋ ਕੇ ਭੁੰਗ ਨਾਲ ਭਰੀਆਂ ਟਰੈਕਟਰ-ਟਰਾਲੀਆਂ ਸ਼ਰੇਆਮ ਸੜਕਾਂ 'ਤੇ ਚੱਲ ਰਹੀਆਂ ਹਨ, ਜੋ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਹੈ। ਇਸੇ ਤਰ੍ਹਾਂ ਜਲਾਲਾਬਾਦ-ਸ੍ਰੀ ਮੁਕਤਸਰ ਸਾਹਿਬ ਰੋਡ 'ਤੇ ਸਥਿਤ ਪਿੰਡ ਫਲੀਆਂਵਾਲਾ ਵਿਖੇ ਬੀਤੀ ਰਾਤ ਨੂੰ ਭੁੰਗ ਨਾਲ ਭਰੀ ਟਰੈਕਟਰ-ਟਰਾਲੀ ਸੰਘਣੀ ਧੁੰਦ ਕਾਰਨ ਬੇਕਾਬੂ ਹੋ ਕੇ ਸੜਕ ਕਿਨਾਰੇ ਬਣੇ ਨਾਲੇ ਵਿਚ ਡਿੱਗ ਗਈ ਤੇ ਨੇੜੇ ਦੇ ਰਿਹਾਇਸ਼ੀ ਘਰਾਂ ਵਿਚ ਜਾਣ ਤੋਂ ਵਾਲ-ਵਾਲ ਬਚ ਗਈ ਅਤੇ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ। ਟਰੈਕਟਰ ਗੰਦੇ ਪਾਣੀ ਦੀ ਨਿਕਾਸੀ ਵਾਲੇ ਨਾਲੇ ਵਿਚ ਡਿੱਗ ਪਿਆ ਅਤੇ ਚਾਲਕ ਵੀ ਬਚ ਗਿਆ। ਟਰੈਕਟਰ ਚਾਲਕ ਨੇ ਦੱਸਿਆ ਕਿ ਰਾਤ ਸਮੇਂ ਅੱਗੇ ਕੁਝ ਨਹੀਂ ਦਿਖਾਈ ਦਿੱਤਾ ਅਤੇ ਬੇਕਾਬੂ ਹੋ ਕੇ ਟਰੈਕਟਰ-ਟਰਾਲੀ ਸੜਕ ਦੇ ਥੱਲੇ ਉਤਰ ਗਈ।