ਖਤਰੇ ਨੂੰ ਦਾਅਵਤ, ਆਨਲਾਈਨ ਵੇਚੀਆਂ ਜਾ ਰਹੀਆਂ ਹਨ ਆਰਮੀ ਦੀਆਂ ਵਰਦੀਆਂ
Wednesday, Apr 17, 2019 - 11:02 AM (IST)
![ਖਤਰੇ ਨੂੰ ਦਾਅਵਤ, ਆਨਲਾਈਨ ਵੇਚੀਆਂ ਜਾ ਰਹੀਆਂ ਹਨ ਆਰਮੀ ਦੀਆਂ ਵਰਦੀਆਂ](https://static.jagbani.com/multimedia/2019_4image_11_02_122866472da.jpg)
ਜਲੰਧਰ (ਕਮਲੇਸ਼)— ਦੇਸ਼ ਦੀ ਵੱਡੀ ਈ-ਕਾਮਰਸ ਵੈੱਬਸਾਈਟ 'ਤੇ ਆਰਮੀ ਦੀਆਂ ਵਰਦੀਆਂ ਵੇਚੀਆਂ ਜਾ ਰਹੀਆਂ ਹਨ, ਜੋ ਸਿੱਧਾ ਖਤਰੇ ਨੂੰ ਦਾਅਵਤ ਹੈ। ਜ਼ਿਕਰਯੋਗ ਹੈ ਕਿ ਅੱਤਵਾਦੀ ਪਹਿਲਾਂ ਵੀ ਆਰਮੀ ਦੀ ਵਰਦੀ ਪਾ ਕੇ ਭਾਰਤ ਵਿਚ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ। ਉੜੀ ਵਿਚ ਆਰਮੀ ਕੈਂਪਸ ਵਿਚ ਵੀ ਅੱਤਵਾਦੀ ਆਰਮੀ ਦੀ ਵਰਦੀ ਪਾ ਕੇ ਦਾਖਲ ਹੋਏ ਤੇ ਤਾਬੜਤੋੜ ਗੋਲੀਬਾਰੀ ਸ਼ੁਰੂ ਕਰ ਦਿੱਤੀ ਸੀ। ਹਾਦਸੇ ਵਿਚ ਕਈ ਜਵਾਨ ਸ਼ਹੀਦ ਹੋਏ ਸਨ। ਇਸ ਤੋਂ ਪਹਿਲਾਂ ਵੀ ਪਠਾਨਕੋਟ ਏਅਰ ਫੋਰਸ ਕੈਂਪਸ ਵਿਚ ਵੀ ਅੱਤਵਾਦੀ ਆਰਮੀ ਦੀ ਵਰਦੀ ਪਾ ਕੇ ਦਾਖਲ ਹੋਏ ਸਨ। ਇਸ ਤੋਂ ਇਲਾਵਾ ਵੀ ਕਈ ਹੋਰ ਥਾਵਾਂ 'ਤੇ ਅੱਤਵਾਦੀ ਆਰਮੀ ਦੀ ਵਰਦੀ ਦੀ ਆੜ ਵਿਚ ਦੇਸ਼ ਦੀ ਸੁਰੱਖਿਆ ਨਾਲ ਖੇਡ ਚੁੱਕੇ ਹਨ।
ਇਹ ਗੱਲ ਵੀ ਕਈ ਵਾਰ ਸਾਹਮਣੇ ਆਈ ਹੈ ਕਿ ਆਮ ਆਦਮੀ ਵੀ ਦੁਕਾਨ ਤੋਂ ਆਰਮੀ ਦੀ ਵਰਦੀ ਆਰਾਮ ਨਾਲ ਹੀ ਖਰੀਦ ਸਕਦਾ ਹੈ ਤੇ ਆਰਮੀ ਦੀਆਂ ਪੈਂਟਾਂ ਪਾਉਣਾ ਲੋਕਾਂ ਨੇ ਫੈਸ਼ਨ ਬਣਾ ਦਿੱਤਾ ਸੀ ਪਰ ਹੁਣ ਇਸ ਬਾਰੇ ਸਖਤੀ ਵਰਤੀ ਗਈ ਹੈ ਤੇ ਬਿਨਾਂ ਆਈ. ਡੀ. ਪਰੂਫ ਦੇ ਕੋਈ ਵੀ ਆਰਮੀ ਦੀ ਵਰਦੀ ਨਹੀਂ ਖਰੀਦ ਸਕਦਾ ਤੇ ਵਰਦੀ ਦੀ ਵਿਕਰੀ ਦਾ ਪੂਰਾ ਰਿਕਾਰਡ ਰੱਖਿਆ ਜਾਂਦਾ ਹੈ ਪਰ ਦੇਸ਼ ਦੀ ਇਕ ਵੱਡੀ ਈ-ਕਾਮਰਸ ਵੈੱਬਸਾਈਟ 'ਤੇ ਆਰਮੀ ਦੀਆਂ ਵਰਦੀਆਂ ਦੀ ਉਪਲਬੱਧਤਾ ਤੇ ਆਸਾਨੀ ਨਾਲ ਡਲਿਵਰੀ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਆਨਲਾਈਨ ਆਰਡਰ ਕਰ ਕੇ ਅੱਤਵਾਦੀ ਗਰੁੱਪ ਵੱਡੀ ਵਾਰਦਾਤ ਨੂੰ ਅੰਜਾਮ ਦੇ ਸਕਦੇ ਹਨ। ਖੁਫੀਆ ਏਜੰਸੀਆਂ ਨੂੰ ਤੁਰੰਤ ਇਸ ਪਾਸੇ ਸਖਤ ਕਦਮ ਚੁੱਕਣੇ ਚਾਹੀਦੇ ਹਨ।