ਪੰਜਾਬ ''ਚ ਕੋਰੋਨਾ ਦੇ 31 ਮਾਮਲੇ, ਇਸ ਇਕ NRI ਤੋਂ 70 ਫੀਸਦੀ ਹੋਏ ਇਨਫੈਕਟਡ

Thursday, Mar 26, 2020 - 07:49 AM (IST)

ਪੰਜਾਬ ''ਚ ਕੋਰੋਨਾ ਦੇ 31 ਮਾਮਲੇ, ਇਸ ਇਕ NRI ਤੋਂ 70 ਫੀਸਦੀ ਹੋਏ ਇਨਫੈਕਟਡ

ਚੰਡੀਗੜ੍ਹ : ਬੁੱਧਵਾਰ ਨੂੰ ਦੋ ਹੋਰ ਮਾਮਲਿਆਂ ਦੀ ਰਿਪੋਰਟ ਨਾਲ ਪੰਜਾਬ ਵਿਚ ਕੋਰੋਨਾ ਵਾਇਰਸ (ਕੋਵਿਡ-19) ਕੇਸਾਂ ਦੀ ਗਿਣਤੀ 31 ਹੋ ਗਈ ਹੈ। ਹੁਣ ਤਕ ਪੰਜਾਬ ਦੇ 70 ਫੀਸਦੀ ਕੋਰੋਨਾ ਵਾਇਰਸ ਮਾਮਲੇ ਇਕ NRI ਤੋਂ ਹੋਏ ਹਨ। ਤਾਜ਼ਾ ਮਾਮਲਿਆਂ ਵਿਚੋਂ ਇਕ ਹੁਸ਼ਿਆਰਪੁਰ ਦੇ ਪਿੰਡ ਮੋਰਾਂਵਾਲੀ ਦਾ ਤੇ ਦੂਜਾ ਲੁਧਿਆਣਾ ਦਾ ਹੈ। ਮੋਰਾਂਵਾਲੀ ਦਾ ਮਾਮਲਾ ਐੱਸ. ਬੀ. ਐੱਸ. ਨਗਰ ਜ਼ਿਲ੍ਹੇ ਦੇ 70 ਸਾਲਾ ਬਲਦੇਵ ਸਿੰਘ ਨਾਲ ਵੀ ਜੁੜਿਆ ਹੈ, ਜਿਸ ਦੀ ਪਿਛਲੇ ਹਫਤੇ ਜਾਨਲੇਵਾ ਵਾਇਰਸ ਨਾਲ ਮੌਤ ਹੋ ਗਈ ਸੀ।

ਇਕੱਲੇ ਬਲਦੇਵ ਤੋਂ ਇਨਫੈਕਟ ਹੋਣ ਵਾਲੇ ਕੁੱਲ ਮਾਮਲਿਆਂ ਦੀ ਗਿਣਤੀ 22 ਤੱਕ ਪਹੁੰਚ ਗਈ ਹੈ, ਇਨ੍ਹਾਂ ਪ੍ਰਭਾਵਿਤ ਹੋਏ ਲੋਕਾਂ ਵਿਚ ਬੰਗਾ ਅਤੇ ਫਿਲੌਰ ਦੇ ਉਸ ਦੇ 18 ਪਰਿਵਾਰਕ ਮੈਂਬਰ ਸ਼ਾਮਲ ਹਨ। ਬਲਦੇਵ ਸਿੰਘ ਜਰਮਨੀ ਤੋਂ ਵਾਪਸ ਆਇਆ ਸੀ, ਜਿਸ ਤੋਂ ਬਾਅਦ ਪਿਛਲੇ ਹਫ਼ਤੇ ਉਸ ਦੀ ਹਾਲਤ ਵਿਗੜ ਗਈ ਅਤੇ ਉਸ ਵਿਚ ਕੋਵਿਡ-19 ਦੀ ਪੁਸ਼ਟੀ ਹੋਈ।
ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਤਾਜ਼ਾ ਮਾਮਲਾ ਗੜ੍ਹਸ਼ੰਕਰ ਦੇ ਪਿੰਡ ਮੋਰਾਂਵਾਲੀ ਦਾ ਹੈ, ਜੋ ਇਕ ਸੇਵਾਦਾਰ ਦਾ ਪੁੱਤਰ ਹੈ, ਇਹ ਬੰਗਾ ਦੇ ਪਥਲਾਵਾ ਡੇਰੇ ਵਿਚ ਸੇਵਾ ਕਰ ਰਿਹਾ ਸੀ, ਜਿੱਥੇ ਮ੍ਰਿਤਕ ਬਲਦੇਵ ਸਿੰਘ ਵੀ ਸੇਵਾ ਕਰ ਰਿਹਾ ਸੀ। ਸੇਵਾਦਾਰ ਹਰਭਜਨ ਸਿੰਘ ਵਿਚ ਪਿਛਲੇ ਹਫਤੇ ਵਾਇਰਸ ਦੀ ਪੁਸ਼ਟੀ ਹੋ ਚੁੱਕੀ ਹੈ ਅਤੇ ਉਸ ਸਮੇਂ ਤੋਂ ਮੋਰਾਂਵਾਲੀ ਪਿੰਡ ਨੂੰ ਸੀਲ ਕਰ ਦਿੱਤਾ ਗਿਆ ਹੈ। ਹਰਭਜਨ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਕੁਝ ਦਿਨ ਪਹਿਲਾਂ ਵੱਖ-ਵੱਖ ਕੀਤਾ ਗਿਆ ਸੀ। ਉਸ ਦੇ ਪੁੱਤਰ ਵਿਚ ਕੁਝ ਦਿਨ ਪਹਿਲਾਂ ਬੁਖਾਰ ਤੇ ਖੰਘ ਦੇ ਲੱਛਣ ਸਨ, ਜਿਸ ਤੋਂ ਬਾਅਦ ਉਸ ਨੂੰ ਹੁਣ ਪਾਜ਼ੀਟਿਵ ਪਾਇਆ ਗਿਆ ਹੈ। ਸਿਹਤ ਵਿਭਾਗ ਮੁਤਾਬਕ ਤਾਜ਼ਾ ਮਾਮਲੇ ਦੇ ਸੰਪਰਕ ਵਿਚ ਆਏ ਨੇੜਲੇ ਲੋਕਾਂ ਨੂੰ ਵੀ ਅਲੱਗ-ਅਲੱਗ ਤੇ ਨਿਗਰਾਨੀ ਹੇਠ ਰੱਖਿਆ ਗਿਆ ਹੈ। ਇਨ੍ਹਾਂ ਦੇ ਸੈਂਪਲ ਵੀ ਲਏ ਗਏ ਹਨ ਤੇ ਜਾਂਚ ਲਈ ਲੈਬਾਂ ਵਿਚ ਭੇਜੇ ਗਏ ਹਨ।

ਇਕ ਮਾਮਲੇ ਨੇ ਪਾਈ ਸਿਹਤ ਵਿਭਾਗ ਨੂੰ ਭਾਜੜ
ਹੁਣ ਤਕ ਪੰਜ ਜ਼ਿਲ੍ਹਿਆਂ ਤੋਂ 31 ਮਾਮਲੇ ਸਾਹਮਣੇ ਆਏ ਹਨ। ਇਸ ਵਿਚ ਐੱਸ. ਬੀ. ਐੱਸ. ਨਗਰ ਦੇ 18, ਮੋਹਾਲੀ ਤੋਂ 5, ਜਲੰਧਰ ਅਤੇ ਹੁਸ਼ਿਆਰਪੁਰ ਦੇ 3-3 ਅਤੇ ਅੰਮ੍ਰਿਤਸਰ ਤੇ ਲੁਧਿਆਣਾ ਤੋਂ ਇਕ-ਇਕ ਮਾਮਲੇ ਸ਼ਾਮਲ ਹਨ। ਦਿਲਚਸਪ ਗੱਲ ਇਹ ਹੈ ਕਿ ਲੁਧਿਆਣਾ ਵਾਲੇ ਮਾਮਲੇ ਦੀ ਕੋਈ ਟਰੈਵਲ ਹਿਸਟਰੀ ਨਹੀਂ ਹੈ। ਸਿਹਤ ਅਧਿਕਾਰੀ ਉਸ ਦੇ ਇਨਫੈਕਸ਼ਨ ਦੇ ਸਰੋਤ ਦਾ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ।


author

Sanjeev

Content Editor

Related News