ਗਊਵੰਸ਼ ਨਾਲ ਭਰੇ ਕੈਂਟਰ ਸਮੇਤ ਇਕ ਕਾਬੂ, 2 ਫਰਾਰ

Tuesday, Dec 03, 2024 - 05:43 AM (IST)

ਗਊਵੰਸ਼ ਨਾਲ ਭਰੇ ਕੈਂਟਰ ਸਮੇਤ ਇਕ ਕਾਬੂ, 2 ਫਰਾਰ

ਮੋਗਾ (ਆਜ਼ਾਦ, ਗੋਪੀ, ਕਸ਼ਿਸ਼) - ਜ਼ਿਲਾ ਪੁਲਸ ਮੁਖੀ ਅਜੇ ਗਾਂਧੀ ਨੇ ਦੱਸਿਆ ਕਿ ਮੋਗਾ ਪੁਲਸ ਵੱਲੋਂ ਗਊ ਸੁਰੱਖਿਆ ਸੇਵਾ ਦਲ ਪੰਜਾਬ ਅਤੇ ਵਿਸ਼ਵ ਹਿੰਦੂ ਸ਼ਕਤੀ ਦੇ ਸਹਿਯੋਗ ਨਾਲ ਗਊਵੰਸ਼ ਨੂੰ ਕੈਂਟਰ ਵਿਚ ਭਰ ਕੇ ਲਿਜਾ ਰਹੇ ਕੈਂਟਰ ਨੂੰ ਕਾਬੂ ਕਰ ਕੇ ਉਸ ਵਿਚੋਂ 8-9 ਗਊਵੰਸ਼ ਬਰਾਮਦ ਕੀਤੇ ਗਏ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿਚ ਥਾਣਾ ਸਿਟੀ ਮੋਗਾ ਪੁਲਸ ਵਲੋਂ ਸੰਦੀਪ ਕੁਮਾਰ ਪ੍ਰਧਾਨ ਗਊ ਸੁਰੱਖਿਆ ਸੇਵਾ ਦਲ ਪੰਜਾਬ ਰਾਮਪੁਰਾ ਫੂਲ (ਬਠਿੰਡਾ) ਦੀ ਸ਼ਿਕਾਇਤ ’ਤੇ 3 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੇ ਉਕਤ ਮਾਮਲੇ ਵਿਚ ਸਲੀਮ ਖਾਨ ਨਿਵਾਸੀ ਜੰਮੂ-ਕਸ਼ਮੀਰ ਨੂੰ ਕਾਬੂ ਕੀਤਾ, ਜਦਕਿ ਉਸ ਦੇ ਦੋ ਸਾਥੀ ਭੱਜਣ ਵਿਚ ਸਫਲ ਹੋ ਗਏ।

ਉਨ੍ਹਾਂ ਕਿਹਾ ਕਿ ਜਦ ਪੁਲਸ ਨੂੰ ਸੂਚਨਾ ਮਿਲੀ ਕਿ ਕੁਝ ਲੋਕ ਗਊਵੰਸ਼ ਲੈਕੇ ਜਾ ਰਹੇ ਹਨ ਤਾਂ ਉਨ੍ਹਾਂ ਨੇ ਗਊ ਸੁਰੱਖਿਆ ਦਲ ਦੇ ਪ੍ਰਧਾਨ ਸੰਦੀਪ ਕੁਮਾਰ ਅਤੇ ਵਿਸ਼ਵ ਹਿੰਦੂ ਸ਼ਕਤੀ ਦੇ ਰਾਸ਼ਟਰੀ ਪ੍ਰਧਾਨ ਜੋਗਿੰਦਰਪਾਲ ਸ਼ਰਮਾ ਜੋ ਆਪਣੇ ਸਾਥੀਆਂ ਦੇ ਨਾਲ ਗਊ ਵੰਸ਼ ਨਾਲ ਭਰੇ ਕੈਂਟਰ ਦਾ ਪਿੱਛਾ ਕਰੇ ਰਹੇ ਸਨ ਤਾਂ ਉਨ੍ਹਾਂ ਨਾਲ ਹੀ ਸਾਡੀ ਪੁਲਸ ਪਾਰਟੀਆਂ ਨੇ ਵੀ ਜੋ ਵੱਖ ਵੱਖ ਗੱਡੀਆਂ ਵਿਚ ਸਨ ਉਨ੍ਹਾਂ ਦਾ ਪਿੱਛਾ ਕਰਨਾ ਸ਼ੁਰੂ ਕੀਤਾ ਤਾਂਕਿ ਉਹ ਕਾਬੂ ਆ ਸਕੇ ਪਰ ਗਊਵੰਸ਼ ਭਰ ਕੇ ਲਿਜਾ ਰਹੇ ਕੈਂਟਰ ਚਾਲਕ ਨੇ ਜਦ ਪੁਲਸ ਪਾਰਟੀ ਵੱਲੋਂ ਉਨ੍ਹਾਂ ਨੂੰ ਰੋਕਣ ਦਾ ਯਤਨ ਕੀਤਾ ਤਾਂ ਪੁਲਸ ਮੁਲਾਜ਼ਮਾਂ ’ਤੇ ਆਪਣਾ ਕੈਂਟਰ ਚੜ੍ਹਾ ਕੇ ਉਨ੍ਹਾਂ ਨੂੰ ਜਾਨ ਤੋਂ ਮਾਰਨ ਦਾ ਯਤਨ ਕੀਤਾ।

ਇਸ ਹਾਦਸੇ ਵਿਚ ਸਾਡਾ ਇਕ ਮੁਲਾਜ਼ਮ ਸਿਮਰਤ ਪਾਲ ਸਿੰਘ ਅਤੇ ਇਕ ਹੋਰ ਮੁਲਾਜ਼ਮ ਜ਼ਖਮੀ ਹੋ ਗਏ,ਜਿਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ। ਉਨ੍ਹਾਂ ਕਿਹਾ ਕਿ ਪੁਲਸ ਨੂੰ ਕੰਟਰੋਲ ਰੂਮ ’ਤੇ ਜਾਣਕਾਰੀ ਦਿੱਤੀ ਗਈ ਸੀ ਕਿ ਗਊਵੰਸ਼ ਨਾਲ ਭਰਿਆ ਕੈਂਟਰ ਕੋਟਕਪੂਰਾ ਵੱਲੋਂ ਆ ਰਿਹਾ ਹੈ, ਜਿਸ ’ਤੇ ਫੋਕਲ ਪੁਆਇੰਟ ਪੁਲਸ ਚੌਂਕੀ ਦੇ ਸਹਾਇਕ ਥਾਣੇਦਾਰ ਸਤਨਾਮ ਸਿੰਘ ਅਤੇ ਹੋਰ ਪੁਲਸ ਮੁਲਾਜ਼ਮਾਂ ਨੇ ਬੁੱਘੀਪੁਰਾ ਚੌਂਕ ਦੇ ਕੋਲ ਨਾਕਾਬੰਦੀ ਵੀ ਕੀਤੀ, ਪਰ ਗਊਵੰਸ਼ ਲਿਜਾ ਰਹੇ ਕੈਂਟਰ ਚਾਲਕ ਨੇ ਆਪਣੇ ਕੈਂਟਰ ਨੂੰ ਭਜਾ ਲਿਆ। ਪੁਲਸ ਪਾਰਟੀ ਨੇ ਪਿੱਛਾ ਕਰ ਕੇ ਉਨ੍ਹਾਂ ਨੂੰ ਦਬੋਚ ਲਿਆ।

ਜ਼ਿਲਾ ਪੁਲਸ ਮੁਖੀ ਅਜੇ ਗਾਂਧੀ ਨੇ ਕਿਹਾ ਕਿ ਜੇਕਰ ਕਿਸੇ ਨੂੰ ਵੀ ਅਜਿਹੀ ਜਾਣਕਾਰੀ ਮਿਲਦੀ ਹੈ ਤਾਂ ਉਹ ਤੁਰੰਤ ਪੁਲਸ ਨੂੰ ਸੂਚਿਤ ਕਰਨ ਤਾਂ ਕਿ ਗਊਵੰਸ਼ ਨੂੰ ਬਚਾਇਆ ਜਾ ਸਕੇ। ਜਦ ਚੌਕੀ ਇੰਚਾਰਜ ਮੋਹਕਮ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਕਾਬੂ ਕੀਤੇ ਗਏ ਕਥਿਤ ਦੋਸ਼ੀ ਨੂੰ ਪੁੱਛਗਿੱਛ ਦੇ ਬਾਅਦ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ ਅਤੇ ਉਨ੍ਹਾਂ ਦੇ ਸਾਥੀਆਂ ਦੀ ਤਲਾਸ਼ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ।

ਜਦ ਇਸ ਸਬੰਧ ਵਿਚ ਗਊ ਸੁਰੱਖਿਆ ਦਲ ਪੰਜਾਬ ਦੇ ਪ੍ਰਧਾਨ ਸੰਦੀਪ ਕੁਮਾਰ ਅਤੇ ਵਿਸ਼ਵ ਹਿੰਦੂ ਸ਼ਕਤੀ ਦੇ ਰਾਸ਼ਟਰੀ ਪ੍ਰਧਾਨ ਜੋਗਿੰਦਰਪਾਲ ਸ਼ਰਮਾ ਨਿਵਾਸੀ ਹਾਕਮ ਕਾ ਅਗਵਾੜ ਮੋਗਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਨੂੰ ਜਾਣਕਾਰੀ ਮਿਲੀ ਸੀ ਕਿ ਕੈਂਟਰ ਜੋ ਗਊਵੰਸ਼ ਨਾਲ ਭਰਿਆ ਹੋਇਆ ਹੈ, ਭਰ ਕੇ ਹੋਰ ਸੂਬਿਆਂ ਨੂੰ ਬੁੱਚੜਖਾਨੇ ਵਿਚ ਕੱਟਣ ਦੇ ਲਈ ਲਿਜਾ ਰਹੇ ਹਨ, ਜਿਸ ’ਤੇ ਅਸੀਂ ਤੁਰੰਤ ਮੋਗਾ ਪੁਲਸ ਦੇ ਕੰਟਰੋਲ ਰੂਮ ’ਤੇ ਸੂਚਿਤ ਕੀਤਾ ਅਤੇ ਪੁਲਸ ਨੇ ਕੋਟਕਪੂਰਾ ਬਾਈਪਾਸ’ਤੇ ਦੋ ਗੱਡੀਆਂ ਪੁਲਸ ਮੁਲਾਜ਼ਮਾਂ ਨੂੰ ਭੇਜ ਕੇ ਨਾਕਾਬੰਦੀ ਕੀਤੀ ਅਤੇ ਗੱਡੀ ਨੂੰ ਰੋਕਣ ਦਾ ਯਤਨ ਕੀਤਾ, ਪਰ ਉਹ ਗੱਡੀ ਨੂੰ ਭਜਾ ਕੇ ਲੈ ਗਏ, ਜਿਸ ’ਤੇ ਅਸੀਂ ਅਤੇ ਪੁਲਸ ਪਾਰਟੀ ਨੇ ਗੱਡੀਆਂ ਦਾ ਪਿੱਛਾ ਕੀਤਾ ਅਤੇ ਜਲੰਧਰ ਬਾਈਪਾਸ ’ਤੇ ਕੈਂਟਰ ਨੂੰ ਜਾ ਘੇਰਿਆ।

ਉਨ੍ਹਾਂ ਕਿਹਾ ਕਿ ਪਹਿਲਾਂ ਵੀ ਕਈ ਗੱਡੀਆਂ ਗਊਵੰਸ਼ ਦੀਆਂ ਭਰ ਕੇ ਬੁੱਚੜਖਾਨੇ ਵਿਚ ਕਈ ਲੋਕ ਲਿਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਗਊ ਤਸਕਰਾਂ ’ਤੇ ਤਿੱਖੀ ਨਜ਼ਰ ਰੱਖੀ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਪਤਾ ਲੱਗਾ ਕਿ ਉਕਤ ਕੈਂਟਰ ਨੂੰ ਰਾਮਪੁਰਾ ਫੂਲ ਤੋਂ ਭਰ ਕੇ ਲਿਜਾਇਆਜਾ ਜਾ ਰਿਹਾ ਸੀ ਅਤੇ ਇਸ ਨੂੰ ਦੀਨਾ ਨਗਰ ਲੈਕੇ ਜਾ ਰਹੇ ਸਨ। ਉਨ੍ਹਾਂ ਨੇ ਪੁਲਸ ਵਲੋਂ ਦਿਖਾਏ ਗਏ ਸਹਿਯੋਗ ਦੀ ਸ਼ਲਾਘਾ ਕੀਤੀ।


author

Inder Prajapati

Content Editor

Related News