ਸਵਾ ਕਰੋੜ ਦੀ ਹੈਰੋਇਨ ਸਣੇ ਇਕ ਗ੍ਰਿਫਤਾਰ
Monday, Jun 12, 2017 - 07:27 AM (IST)
ਲੁਧਿਆਣਾ, (ਅਨਿਲ)- ਨਸ਼ਾ ਸਮੱਗਲਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਥਾਣਾ ਲਾਡੋਵਾਲ ਦੀ ਪੁਲਸ ਨੇ ਇਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਇਕ ਲ਼ੜਕੇ ਨੂੰ ਸਵਾ ਕਰੋੜ ਦੀ ਹੈਰੋਇਨ ਦੀ ਖੇਪ ਨਾਲ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਮਾਮਲੇ ਸਬੰਧੀ ਪੱਤਰਕਾਰ ਸੰਮੇਲਨ ਦੌਰਾਨ ਜਾਣਕਾਰੀ ਦਿੰਦੇ ਹੋਏ ਏ. ਡੀ. ਸੀ. ਪੀ.-3 ਸੁਰਿੰਦਰ ਲਾਂਬਾ ਤੇ ਥਾਣਾ ਲਾਡੋਵਾਲ ਮੁਖੀ ਸਤਨਾਮ ਸਿੰਘ ਨੇ ਦੱਸਿਆ ਕਿ ਹੰਬੜਾ ਚੌਕੀ ਦੇ ਏ. ਐੱਸ. ਆਈ. ਮਨਜੀਤ ਸਿੰਘ ਦੀ ਪੁਲਸ ਪਾਰਟੀ ਨੇ ਪਿੰਡ ਖਹਿਰਾ ਬੇਟ ਦੇ ਟੀ-ਪੁਆਇੰਟ 'ਤੇ ਸਪੈਸ਼ਲ ਨਾਕਾਬੰਦੀ ਕੀਤੀ ਹੋਈ ਸੀ, ਉਸ ਸਮੇਂ ਸਾਹਮਣੇ ਤੋਂ ਇਕ ਲ਼ੜਕਾ ਮੋਟਰਸਾਈਕਲ 'ਤੇ ਆਉਂਦਾ ਦਿਖਾਈ ਦਿੱਤਾ, ਜਦੋਂ ਪੁਲਸ ਨੇ ਸ਼ੱਕ ਦੇ ਆਧਾਰ 'ਤੇ ਲੜਕੇ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਸ ਨੇ ਮੋਟਰਸਾਈਕਲ ਨੂੰ ਇਕਦਮ ਪਿੱਛੇ ਵੱਲ ਮੋੜ ਲਿਆ ਪਰ ਪੁਲਸ ਨੇ ਤੁਰੰਤ ਲੜਕੇ ਨੂੰ ਕਾਬੂ ਕਰ ਲਿਆ।
ਜਦੋਂ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ ਇਕ ਪਲਾਸਟਿਕ ਦਾ ਲਿਫਾਫਾ ਬਰਾਮਦ ਹੋਇਆ, ਜਿਸ ਵਿਚ 215 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕਰੀਬ ਸਵਾ ਕਰੋੜ ਰੁਪਏ ਕੀਮਤ ਦੱਸੀ ਜਾ ਰਹੀ ਹੈ। ਏ. ਡੀ. ਸੀ. ਪੀ. ਸ਼੍ਰੀ ਲਾਂਬਾ ਨੇ ਦੱਸਿਆ ਕਿ ਪੁਲਸ ਨੇ ਲੜਕੇ ਦੀ ਪਛਾਣ ਸੁਖਵਿੰਦਰ ਸਿੰਘ ਸੁੱਖਾ ਪੁੱਤਰ ਪ੍ਰੀਤਮ ਸਿੰਘ ਵਾਸੀ ਪਿੰਡ ਤਲਵਾੜਾ ਸਿੱਧਵਾਂ ਬੇਟ ਦੇ ਰੂਪ ਵਿਚ ਕੀਤੀ ਗਈ ਹੈ, ਜੋ ਪਹਿਲਾਂ ਫੋਟੋਗ੍ਰਾਫੀ ਦਾ ਕੰਮ ਕਰਦਾ ਸੀ ਅਤੇ ਕੰਮ ਨਾ ਚੱਲਣ ਕਾਰਨ ਉਸ ਨੇ ਨਸ਼ਾ ਸਮੱਗਲਿੰਗ ਦਾ ਧੰਦਾ ਸ਼ੁਰੂ ਕਰ ਦਿੱਤਾ। ਪੁਲਸ ਨੇ ਉਸ 'ਤੇ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।
