ਇਕ ਪਾਸੇ ਭਗਵੰਤ ਮਾਨ ਇਕੱਲੇ, ਉਨ੍ਹਾਂ ਨੂੰ ਰੋਕਣ ਲਈ ਵਿਰੋਧੀਆਂ ਦਾ ਗਠਜੋੜ : ‘ਆਪ’

Friday, Feb 17, 2023 - 12:22 PM (IST)

ਇਕ ਪਾਸੇ ਭਗਵੰਤ ਮਾਨ ਇਕੱਲੇ, ਉਨ੍ਹਾਂ ਨੂੰ ਰੋਕਣ ਲਈ ਵਿਰੋਧੀਆਂ ਦਾ ਗਠਜੋੜ : ‘ਆਪ’

*ਕਿਹਾ-ਲੋਕ ਭਲਾਈ ਦੇ ਕੰਮ ਕਰਨ ਦੇ ਨਾਲ-ਨਾਲ ਮਾਨ ਸਰਕਾਰ ਪਿਛਲੀਆਂ ਸਰਕਾਰਾਂ ਵਲੋਂ ਕੀਤੀ ਲੁੱਟ ਦਾ ਵੀ ਕਰ ਰਹੀ ਪਰਦਾਫਾਸ਼

ਚੰਡੀਗੜ੍ਹ (ਜ.ਬ.) : ਆਮ ਆਦਮੀ ਪਾਰਟੀ (ਆਪ) ਨੇ ਕਾਂਗਰਸ ਅਤੇ ਅਕਾਲੀ ਆਗੂਆਂ ਵਲੋਂ ਕੀਤੇ ਸ਼ਬਦੀ ਹਮਲਿਆਂ ਦਾ ਜਵਾਬ ਦਿੰਦਿਆਂ ਕਿਹਾ ਕਿ ਅਸਲ ’ਚ ਕਾਂਗਰਸ, ਭਾਜਪਾ ਅਤੇ ਅਕਾਲੀ ਦਲ, ਤਿੰਨੋਂ ਮਿਲ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ। ਪਾਰਟੀ ਦਫ਼ਤਰ ਤੋਂ ਜਾਰੀ ਇਕ ਬਿਆਨ ’ਚ ‘ਆਪ’ ਪੰਜਾਬ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਮਾਨ ਸਰਕਾਰ ਨਾ ਸਿਰਫ਼ ਆਏ ਦਿਨ ਲੋਕ ਭਲਾਈ ਦੇ ਕੰਮ ਕਰ ਰਹੀ ਹੈ, ਸਗੋਂ ਉਹ ਇਨ੍ਹਾਂ ਰਵਾਇਤੀ ਪਾਰਟੀਆਂ ਵਲੋਂ ਦਹਾਕਿਆਂ ਤਕ ਕੀਤੀ ਆਮ ਲੋਕਾਂ ਦੀ ਲੁੱਟ-ਖਸੁੱਟ ਤੋਂ ਪਰਦਾ ਵੀ ਹਟਾ ਰਹੀ ਹੈ। ਇਸੇ ਕਰਕੇ ਬੌਖਲਾਹਟ ਵਿਚ ਇਨ੍ਹਾਂ ਪਾਰਟੀਆਂ ਵਲੋਂ ਇਕ ਤੋਂ ਬਾਅਦ ਇਕ ਅਜਿਹਾ ਕਦਮ ਚੁੱਕਦਿਆਂ ਮਾਨ ਸਰਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜ਼ੀਰਾ ਸ਼ਰਾਬ ਫੈਕਟਰੀ ਬੰਦ ਕਰਨ ਦੇ ਮਾਮਲੇ ’ਚ ਕੰਗ ਨੇ ਵਿਰੋਧੀ ਧਿਰਾਂ ’ਤੇ ਤੰਜ ਕੱਸਦਿਆਂ ਕਿਹਾ ਕਿ ਬਿਕਰਮ ਮਜੀਠੀਆ ਅਤੇ ਪ੍ਰਤਾਪ ਬਾਜਵਾ ਦੇ ਬਿਆਨ ਹਾਸੋਹੀਣੇ ਹਨ। ਪਹਿਲੀ ਵਾਰ ਸੁਣਿਆ ਹੈ ਕਿ ਕੋਈ ਆਪਣੀ ਫੈਕਟਰੀ ਬੰਦ ਕਰਵਾਉਣ ਲਈ ਪੈਸੇ ਦੇ ਰਿਹਾ ਹੈ ਪਰ ਇਸ ਤੋਂ ਸਾਫ਼ ਹੈ ਕਿ ਫੈਕਟਰੀ ਚਾਲੂ ਰੱਖਣ ਲਈ ਪੈਸੇ ਕੌਣ ਖਾਂਦਾ ਰਿਹਾ ਹੈ।

ਇਹ ਵੀ ਪੜ੍ਹੋ : ਮੁੱਖ ਮੰਤਰੀ ਨੇ 23-24 ਨੂੰ ਹੋਣ ਵਾਲੇ ‘ਪੰਜਾਬ ਨਿਵੇਸ਼ ਸੰਮੇਲਨ’ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ

ਉਨ੍ਹਾਂ ਕਿਹਾ ਕਿ ਸੱਚ ਤਾਂ ਇਹ ਹੈ ਕਿ ਇਹ ਸਾਰੇ ਲੋਕ ਮੁੱਖ ਮੰਤਰੀ ਭਗਵੰਤ ਮਾਨ ਤੋਂ ਡਰੇ ਹੋਏ ਹਨ। ਇਕ ਪਾਸੇ ਇਕੱਲੇ ਭਗਵੰਤ ਮਾਨ ਹਨ ਅਤੇ ਦੂਜੇ ਪਾਸੇ ਇਨ੍ਹਾਂ ਦਾ ਨਾਪਾਕ ਗੱਠਜੋੜ, ਜਿਹੜਾ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪੰਜਾਬ ਪੱਖੀ ਕੰਮਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਪੰਜਾਬ ਦੇ ਲੋਕ ਸਭ ਦੇਖ ਅਤੇ ਸਮਝ ਰਹੇ ਹਨ। ਲੋਕ ਪੱਖੀ ਫੈਸਲਿਆਂ ਅਤੇ ਕੰਮਾਂ ਦੀ ਪ੍ਰਤੀਬੱਧਤਾ ਦੁਹਰਾਉਂਦਿਆਂ ਕੰਗ ਨੇ ਕਿਹਾ ਕਿ ਇਨ੍ਹਾਂ ਦੇ ਨਾਪਾਕ ਗੱਠਜੋੜ ਅਤੇ ਪੰਜਾਬ ਵਿਰੋਧੀ ਬਿਆਨਾਂ ਦੇ ਬਾਵਜੂਦ ਮਾਨ ਸਰਕਾਰ ਆਪਣੇ ਲੋਕ ਹਿੱਤ ਦੇ ਕੰਮ ਜਾਰੀ ਰੱਖੇਗੀ ਅਤੇ ਕਿਸੇ ਨੂੰ ਪੰਜਾਬ ਜਾਂ ਪੰਜਾਬ ਦਾ ਸਰਮਾਇਆ ਲੁੱਟਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ : ਗਰਮੀ ਤੋਂ ਪਹਿਲਾਂ ਇੰਡਸਟਰੀ ’ਤੇ ਬਿਜਲੀ ਸੰਕਟ!

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Anuradha

Content Editor

Related News