ਦਫਤਰ ਯੂਥ ਕਾਂਗਰਸ ਦੇ ਹੋਰਡਿੰਗ ''ਤੇ ਉੱਠਿਆ ਵਿਵਾਦ

10/30/2019 10:30:00 AM

ਜਲੰਧਰ (ਚੋਪੜਾ)— ਬੀਤੇ ਦਿਨੀਂ ਜ਼ਿਲੇ 'ਚ ਆਪਣੇ ਨਿੱਜੀ ਦਫਤਰ ਨੂੰ ਤਰਸਦੇ ਕਾਂਗਰਸ ਦੇ ਫਰੰਟੀਅਰ ਸੰਗਠਨ ਯੂਥ ਕਾਂਗਰਸ ਨੂੰ ਹਵਾ-ਹਵਾਈ ਦਫਤਰ ਮਿਲ ਗਿਆ ਹੈ। ਯੂਥ ਕਾਂਗਰਸ ਪ੍ਰਧਾਨ ਅਸ਼ਵਨ ਭੱਲਾ ਨੇ ਸਥਾਨਕ ਰਜਿੰਦਰ ਨਗਰ ਸਥਿਤ ਕਾਂਗਰਸ ਭਵਨ ਦੀ ਬਾਹਰੀ ਕੰਧ 'ਤੇ ਦਫਤਰ ਯੂਥ ਕਾਂਗਰਸ ਦਾ ਵੱਡਾ ਹੋਰਡਿੰਗ ਚਿਪਕਾ ਦਿੱਤਾ ਹੈ, ਜਿਸ 'ਤੇ ਵੱਡੇ-ਵੱਡੇ ਅੱਖਰਾਂ 'ਚ ਉਕਤ ਥਾਂ ਨੂੰ ਦਫਤਰ ਯੂਥ ਕਾਂਗਰਸ ਦਰਸਾਇਆ ਗਿਆ ਹੈ।

ਯੂਥ ਕਾਂਗਰਸ ਲੋਕ ਸਭਾ ਹਲਕਾ ਦੇ ਪ੍ਰਧਾਨ ਅਸ਼ਵਨ ਭੱਲਾ ਦੇ ਨਾਂ 'ਤੇ ਲਾਏ ਗਏ ਇਸ ਹੋਰਡਿੰਗ 'ਤੇ ਆਲ ਇੰਡੀਆ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ, ਰਾਹੁਲ ਗਾਂਧੀ, ਕੈਪਟਨ ਅਮਰਿੰਦਰ ਸਿੰਘ, ਸੁਨੀਲ ਜਾਖੜ ਸਮੇਤ ਸਥਾਨਕ ਸੀਨੀਅਰ ਆਗੂਆਂ ਸਮੇਤ ਜ਼ਿਲਾ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਬਲਦੇਵ ਸਿੰਘ ਦੇਵ ਅਤੇ ਦਿਹਾਤੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਲਾਲੀ ਦੀਆਂ ਤਸਵੀਰਾਂ ਵੀ ਲਾਈਆਂ ਗਈਆਂ ਹਨ ਪਰ ਯੂਥ ਕਾਂਗਰਸ ਦੇ ਦਫਤਰ ਅਤੇ ਹੋਰਡਿੰਗ ਨੂੰ ਲੈ ਕੇ ਨਵਾਂ ਵਿਵਾਦ ਪੈਦਾ ਹੋ ਗਿਆ ਹੈ ਅਤੇ ਕਈ ਸੀਨੀਅਰ ਆਗੂਆਂ ਨੇ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਇਸ ਨੂੰ ਪਾਰਟੀ ਦੀ ਅਨੁਸ਼ਾਸਨਹੀਣਤਾ ਕਰਾਰ ਦਿੱਤਾ ਹੈ।

ਜ਼ਿਕਰਯੋਗ ਹੈ ਕਿ ਟੀਮ ਰਾਹੁਲ ਮੰਨੀ ਜਾਂਦੀ ਯੂਥ ਕਾਂਗਰਸ ਕੋਲ ਜਲੰਧਰ ਹਲਕੇ 'ਚ ਕੋਈ ਦਫਤਰ ਨਹੀਂ ਹੈ, ਜਿਸ ਕਾਰਨ ਜਲੰਧਰ ਲੋਕ ਸਭਾ ਹਲਕੇ ਨਾਲ ਸਬੰਧਤ ਯੂਥ ਕਾਂਗਰਸੀ ਅਹੁਦੇਦਾਰਾਂ ਅਤੇ ਵਰਕਰਾਂ ਕੋਲ ਆਪਣੀਆਂ ਸਰਗਰਮੀਆਂ ਅਤੇ ਪਾਰਟੀ ਪ੍ਰੋਗਰਾਮਾਂ ਨੂੰ ਸੰਚਾਲਨ ਲਈ ਕੋਈ ਦਫਤਰ ਨਹੀਂ ਹੈ, ਜਿੱਥੇ ਉਹ ਆਪਣੇ ਰਿਕਾਰਡ ਅਤੇ ਪਾਰਟੀ ਸਬੰਧੀ ਹੋਰ ਦਸਤਾਵੇਜ਼ ਸੰਭਾਲ ਕੇ ਰੱਖ ਸਕਣਗੇ। ਯੂਥ ਕਾਂਗਰਸ ਨੇ ਕਦੇ ਆਪਣੀ ਮੀਟਿੰਗ ਕਰਨੀ ਹੋਵੇ ਤਾਂ ਉਨ੍ਹਾਂ ਨੂੰ ਜ਼ਿਲਾ ਕਾਂਗਰਸ ਸ਼ਹਿਰੀ ਅਤੇ ਦਿਹਾਤੀ ਦੇ ਪ੍ਰਧਾਨ ਦੇ ਦਫਤਰ ਦੀ ਵਰਤੋਂ ਕਰਨੀ ਪੈਂਦੀ ਹੈ ਪਰ ਕਈ ਵਾਰ ਮੰਗ ਪੂਰੀ ਕਰਨ ਦੇ ਬਾਵਜੂਦ ਯੂਥ ਕੇਡਰ ਨੂੰ ਅਜੇ ਤੱਕ ਕਾਂਗਰਸ ਭਵਨ 'ਚ ਇਕ ਕਮਰਾ ਤੱਕ ਅਲਾਟ ਨਹੀਂ ਹੋ ਸਕਿਆ।

ਯੂਥ ਕਾਂਗਰਸ ਦੇ ਹੋਰਡਿੰਗ ਦੀ ਨਹੀਂ ਕੋਈ ਜਾਣਕਾਰੀ : ਬਲਦੇਵ ਦੇਵ
ਜ਼ਿਲਾ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਬਲਦੇਵ ਸਿੰਘ ਦੇਵ ਨੇ ਕਿਹਾ ਕਿ ਉਨ੍ਹਾਂ ਨੂੰ ਦਫਤਰ ਯੂਥ ਕਾਂਗਰਸ ਨਾਲ ਸਬੰਧਤ ਕਿਸੇ ਹੋਰਡਿੰਗ ਦੇ ਲਾਏ ਜਾਣ ਦੀ ਜਾਣਕਾਰੀ ਨਹੀਂ। ਉਨ੍ਹਾਂ ਦੱਸਿਆ ਕਿ ਕਾਂਗਰਸ ਦਫਤਰ 'ਚ ਯੂਥ ਕਾਂਗਰਸ ਨੂੰ ਵੱਖਰੇ ਤੌਰ 'ਤੇ ਕਮਰਾ ਦੇਣ ਦਾ ਕੋਈ ਪ੍ਰਬੰਧ ਨਹੀਂ ਹੈ। ਯੂਥ ਕਾਂਗਰਸ ਦੇ ਪ੍ਰਧਾਨ ਅਸ਼ਵਨ ਭੱਲਾ ਅਤੇ ਹੋਰ ਕਈ ਅਹੁਦੇਦਾਰਾਂ ਨੇ ਵੱਖਰਾ ਦਫਤਰ ਬਣਾਉਣ ਨੂੰ ਲੈ ਕੇ ਉਨ੍ਹਾਂ ਨਾਲ ਗੱਲ ਕੀਤੀ ਹੈ। ਉਹ ਹੋਰਡਿੰਗ ਲਾਉਣ ਨੂੰ ਲੈ ਕੇ ਅੱਜ ਕਾਂਗਰਸ ਭਵਨ ਜਾ ਕੇ ਇਸ ਬਾਰੇ ਸਥਿਤੀ ਨੂੰ ਸਪੱਸ਼ਟ ਕਰ ਸਕਣਗੇ।

ਹੋਰਡਿੰਗ ਲਾਉੇਣ ਲਈ ਕਿਸੇ ਨੇ ਨਹੀਂ ਲਈ ਸਹਿਮਤੀ : ਸੁਖਵਿੰਦਰ ਲਾਲੀ
ਜ਼ਿਲਾ ਕਾਂਗਰਸ ਦਿਹਾਤੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਲਾਲੀ ਨੇ ਕਿਹਾ ਕਿ ਕਾਂਗਰਸ ਭਵਨ 'ਚ ਯੂਥ ਕਾਂਗਰਸ ਦਫਤਰ ਦਾ ਵੱਖਰਾ ਬੋਰਡ ਨਹੀਂ ਲਾਇਆ ਜਾ ਸਕਦਾ, ਨਾ ਹੀ ਕਿਸੇ ਨੇ ਇਸ ਬਾਰੇ ਉਨ੍ਹਾਂ ਤੋਂ ਕੋਈ ਸਹਿਮਤੀ ਲਈ। ਦਿਹਾਤੀ ਕਾਂਗਰਸ ਦਫਤਰ 'ਚ ਯੂਥ ਕਾਂਗਰਸ ਦਾ ਕੋਈ ਦਫਤਰ ਨਹੀਂ ਹੈ। ਸੁੱਖਾ ਲਾਲੀ ਨੇ ਕਿਹਾ ਕਿ ਉਨ੍ਹਾਂ ਤੋਂ ਕਿਸੇ ਯੂਥ ਆਗੂ ਨੇ ਨਾ ਤਾਂ ਦਫਤਰ ਨੂੰ ਲੈ ਕੇ ਕੋਈ ਡਿਮਾਂਡ ਕੀਤੀ ਹੈ ਅਤੇ ਨਾ ਹੀ ਅਜਿਹਾ ਹੋਇਆ ਹੈ ਕਿ ਕਾਂਗਰਸ ਦਫਤਰ ਦਿਹਾਤੀ ਦਾ ਨਾਂ ਬਦਲ ਕੇ ਦਫਤਰ ਯੂਥ ਕਾਂਗਰਸ ਰੱਖ ਦਿੱਤਾ ਗਿਆ ਹੈ।

PunjabKesari

ਯੂਥ ਕਾਂਗਰਸ ਕੋਲ 2004 'ਚ 6 ਸਾਲ ਰਿਹਾ ਆਪਣਾ ਦਫਤਰ
ਸਥਾਨਕ ਕਾਂਗਰਸ ਭਵਨ 'ਚ ਯੂਥ ਕਾਂਗਰਸ ਨੂੰ ਸਾਲ 2003-04 'ਚ ਆਪਣਾ ਦਫਤਰ ਬਣਾਉਣ ਲਈ ਇਕ ਕਮਰਾ ਮਿਲਿਆ ਸੀ। ਯੂਥ ਕਾਂਗਰਸ ਦੇ ਪ੍ਰਧਾਨ ਰਿੰਕੂ ਸੇਠੀ ਉਸ ਦਫਤਰ 'ਚ ਬੈਠ ਕੇ ਯੂਥ ਕਾਂਗਰਸ ਦੀਆਂ ਮੀਟਿੰਗਾਂ ਕਰਦੇ ਸਨ ਅਤੇ ਉਸ ਦੌਰ 'ਚ ਸ਼ੁਰੂ ਹੋਏ ਯੂਥ ਕਾਂਗਰਸ ਦੀ ਚੋਣ ਪ੍ਰਕਿਰਿਆ, ਮੈਂਬਰਸ਼ਿਪ ਡਰਾਈਵ ਦਾ ਸੰਚਾਲਨ ਕੀਤਾ ਜਾ ਰਿਹਾ ਹੈ ਪਰ ਰਿੰਕੂ ਸੇਠੀ ਨੂੰ ਪ੍ਰਧਾਨ ਦੇ ਅਹੁਦੇ ਤੋਂ ਹਟਾਉਣ ਤੋਂ ਬਾਅਦ ਉਕਤ ਕਮਰੇ 'ਤੇ ਜ਼ਿਲਾ ਕਾਂਗਰਸ ਨੇ ਆਪਣਾ ਕਬਜ਼ਾ ਕਰ ਲਿਆ ਸੀ। ਜਲੰਧਰ ਜ਼ਿਲੇ ਨਾਲ ਸਬੰਧਤ ਵਿਕਰਮ ਚੌਧਰੀ ਦੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਣਨ 'ਤੇ ਯੂਥ ਆਗੂਆਂ ਵਿਚ ਇਕ ਆਸ ਸੀ ਕਿ ਉਹ ਚੰਡੀਗੜ੍ਹ ਕਾਂਗਰਸ ਭਵਨ ਦੀ ਤਰਜ਼ 'ਤੇ ਜਲੰਧਰ ਕਾਂਗਰਸ ਭਵਨ 'ਚ ਯੂਥ ਕਾਂਗਰਸ ਦਾ ਵੱਖਰਾ ਦਫਤਰ ਬਣਵਾਉਣਗੇ ਪਰ ਅਜਿਹਾ ਸੰਭਵ ਨਾ ਹੋ ਸਕਿਆ।
ਯੂਥ ਕਾਂਗਰਸ ਦੇ ਦਮ 'ਤੇ ਉਨ੍ਹਾਂ ਦੇ ਪਿਤਾ ਨੂੰ ਲੋਕ ਸਭਾ ਚੋਣ 'ਚ ਟਿਕਟ ਹਾਸਲ ਹੋਈ ਅਤੇ ਉਹ ਜਿੱਤ ਕੇ ਸੰਸਦ ਮੈਂਬਰ ਚੁਣੇ ਗਏ ਪਰ ਉਨ੍ਹਾਂ ਨੇ ਹਮੇਸ਼ਾ ਹੀ ਯੂਥ ਆਗੂਆਂ ਦੀਆਂ ਭਾਵਨਾਵਾਂ ਨੂੰ ਅਣਗੌਲਿਆਂ ਕੀਤਾ। ਜਦੋਂ ਦਲਜੀਤ ਸਿੰਘ ਆਹਲੂਵਾਲੀਆ ਜ਼ਿਲਾ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਬਣੇ ਤਾਂ ਉਸ ਸਮੇਂ ਯੂਥ ਆਗੂਆਂ ਨੂੰ ਇਕ ਆਸ ਬੱਝੀ ਕਿ ਸ਼ਾਇਦ ਹੁਣ ਉਨ੍ਹਾਂ ਨੂੰ ਦਫਤਰ ਬਣਾਉਣ ਲਈ ਵੱਖਰਾ ਕਮਰਾ ਮਿਲ ਜਾਵੇਗਾ ਕਿਉਂਕਿ ਪ੍ਰਧਾਨ ਆਹਲੂਵਾਲੀਆ ਦਾ ਪੁੱਤਰ ਕਾਕੂ ਆਹਲੂਵਾਲੀਆ ਖੁਦ ਯੂਥ ਕਾਂਗਰਸ ਜਲੰਧਰ ਲੋਕ ਸਭਾ ਹਲਕੇ ਦਾ ਪ੍ਰਧਾਨ ਰਹਿ ਚੁੱਕਾ ਸੀ ਪਰ ਉਨ੍ਹਾਂ ਦੇ ਦਫਤਰ ਵਿਚ ਵੀ ਯੂਥ ਦੀ ਫਰਿਆਦ ਕਿਸੇ ਆਗੂ ਨੇ ਨਹੀਂ ਸੁਣੀ।

PunjabKesari

ਯੂਥ ਕਾਂਗਰਸ ਦੀਆਂ ਸੰਗਠਨਾਤਮਕ ਚੋਣਾਂ ਦੀ ਫਾਈਨਲ ਪ੍ਰਕਿਰਿਆ ਮੁੜ ਹੋਈ ਸ਼ੁਰੂ
ਬੀਤੇ ਇਕ ਸਾਲ ਤੋਂ ਅੱਧ ਵਿਚਕਾਰ ਲਟਕੀਆਂ ਯੂਥ ਕਾਂਗਰਸ ਦੀਆਂ ਸੰਗਠਨਾਤਮਕ ਚੋਣਾਂ ਦੀ ਫਾਈਨਲ ਪ੍ਰਕਿਰਿਆ ਕੱਲ੍ਹ ਤੋਂ ਦੋਬਾਰਾ ਸ਼ੁਰੂ ਹੋ ਗਈ ਹੈ। ਇਸ ਪ੍ਰਕਿਰਿਆ 'ਚ ਕਈ ਪੜਾਵਾਂ 'ਚ 28 ਨਵੰਬਰ ਨੂੰ ਲੋਕ ਸਭਾ ਯੂਥ ਕਾਂਗਰਸ ਪ੍ਰਧਾਨ ਦੀ ਬਜਾਏ ਹੁਣ ਜ਼ਿਲਾ ਯੂਥ ਕਾਂਗਰਸ ਸ਼ਹਿਰੀ ਅਤੇ ਦਿਹਾਤੀ ਦੇ ਵੱਖ-ਵੱਖ ਪ੍ਰਧਾਨਾਂ ਦੀ ਚੋਣ ਹੋਵੇਗੀ, ਆਨਲਾਈਨ ਮੈਂਬਰਸ਼ਿਪ ਅਤੇ ਵੋਟਾਂ ਸਮੇਤ ਸਾਰੇ ਕੰਮ ਹੋਣਗੇ ਪਰ ਇਸ ਦੇ ਲਈ ਯੂਥ ਕਾਂਗਰਸ ਜ਼ਿਲਾ ਕਾਂਗਰਸ ਸ਼ਹਿਰੀ ਜਾਂ ਦਿਹਾਤੀ ਦਫਤਰ 'ਚ ਅਸਥਾਈ ਤੌਰ 'ਤੇ ਕੰਮ ਕਰਨ ਲਈ ਮਜਬੂਰ ਹੋਵੇਗੀ ਅਤੇ ਚੋਣ ਕਰਵਾਉਣ ਲਈ ਆਉਣ ਵਾਲੇ ਅਧਿਕਾਰੀ ਵੀ ਉਥੇ ਬੈਠ ਕੇ ਹੀ ਕੰਮ ਕਰਨਗੇ।


shivani attri

Content Editor

Related News