ਵਣ ਵਿਭਾਗ ਦੇ 33 ਬੇਲਦਾਰਾਂ ਨੂੰ ਨੋਟਿਸ ਦਿੱਤੇ ਜਾਣ ''ਤੇ ਮਚਿਆ ਬਵਾਲ

Tuesday, Feb 20, 2018 - 02:16 AM (IST)

ਹੁਸ਼ਿਆਰਪੁਰ, (ਘੁੰਮਣ)- ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ, ਦਫਤਰ ਵਣਪਾਲ, ਖੋਜ ਅਤੇ ਸਿਖਲਾਈ ਸਰਕਲ ਬਸੀ ਜਾਨਾ ਹੁਸ਼ਿਆਰਪੁਰ ਵਿਖੇ ਪਿਛਲੇ 20-25 ਸਾਲ ਤੋਂ ਕੰਮ ਕਰਦੇ ਮਜ਼ਦੂਰਾਂ ਨੂੰ ਪਿਛਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਪੰਜਾਬ ਐਡਹਾਕ, ਡੇਲੀ ਵੇਜਿਜ਼, ਟੈਂਪਰੇਰੀ, ਵਰਕ ਚਾਰਜ ਐਂਡ ਅਦਰ ਇੰਪਲਾਈਜ਼ ਐਕਟ ਅਧੀਨ 16 ਮਾਰਚ 2017 ਨੂੰ ਬਤੌਰ ਬੇਲਦਾਰ ਰੈਗੂਲਰ ਕੀਤਾ ਗਿਆ ਸੀ। ਪ੍ਰੰਤੂ ਹੁਣ ਇਨ੍ਹਾਂ 33 ਕਰਮਚਾਰੀਆਂ ਨੂੰ 5 ਫਰਵਰੀ 2018 ਨੂੰ ਵਣ ਪਾਲ ਖੋਜ ਸਰਕਲ ਹੁਸ਼ਿਆਰਪੁਰ ਵਲੋਂ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਜਾਣ 'ਤੇ ਬਹੁਤ ਵੱਡਾ ਬਬਾਲ ਮਚ ਗਿਆ ਹੈ। ਪੀੜਤ ਕਰਮਚਾਰੀਆਂ ਨੇ ਅੱਜ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈੱਡਰੇਸ਼ਨ ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ ਦੀ ਅਗਵਾਈ 'ਚ ਵਣਪਾਲ ਦੇ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ। 
PunjabKesari
ਇਸ ਮੌਕੇ ਜੰਗਲਾਤ ਵਰਕਰਜ਼ ਯੂਨੀਅਨ ਖੋਜ ਸਰਕਲ ਹੁਸ਼ਿਆਰਪੁਰ ਦੇ ਪ੍ਰਧਾਨ ਸੰਤੋਖ ਸਿੰਘ ਵਾਈਸ ਪ੍ਰਧਾਨ, ਗੁਰਬਚਨ ਸਿੰਘ ਅਤੇ ਜ਼ਿਲਾ ਪ੍ਰਧਾਨ ਗੁਰਦਿਆਲ ਸਿੰਘ ਨੇ ਦੱਸਿਆ ਕਿ ਅੱਜ 9 ਮਹੀਨੇ ਬਾਅਦ ਜਾਣ-ਬੁੱਝ ਕੇ ਇਨ੍ਹਾਂ ਕਰਮਚਾਰੀਆਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਜਿਸ ਕਰ ਕੇ ਕਰਮਚਾਰੀ ਮਾਨਸਿਕ ਤਣਾਅ 'ਚ ਦਿਨ ਕੱਟ ਰਹੇ ਹਨ। ਆਗੂਆਂ ਇਹ ਵੀ ਆਖਿਆ ਕਿ ਅੱਜ ਤੱਕ ਜਨਵਰੀ ਦੀ ਤਨਖਾਹ ਨਹੀਂ ਦਿੱਤੀ ਗਈ, ਜਿਸ ਕਰ ਕੇ ਇਹ ਕਰਮਚਾਰੀ ਆਰਥਿਕ ਤੰਗੀ ਵਿਚੋਂ ਵੀ ਗੁਜ਼ਰ ਰਹੇ ਹਨ। ਆਗੂਆਂ ਨੇ ਵਿਭਾਗ ਦੇ ਉੱਚ ਅਧਿਕਾਰੀਆਂ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਇਹ ਨੋਟਿਸ ਵਾਪਸ ਲਏ ਜਾਣ ਅਤੇ ਮਹੀਨਾ ਜਨਵਰੀ ਦੀ ਤਨਖਾਹ ਤੁਰੰਤ ਜਾਰੀ ਕੀਤੀ ਜਾਵੇ, ਨਹੀਂ ਤਾਂ ਜਥੇਬੰਦੀ ਸੰਘਰਸ਼ ਕਰਨ ਅਤੇ ਅਦਾਲਤੀ ਸਹਾਰਾ ਲੈਣ ਲਈ ਮਜਬੂਰ ਹੋਵੇਗੀ। 
ਇਸ ਮੌਕੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈੱਡਰੇਸ਼ਨ ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ ਤੋਂ ਇਲਾਵਾ ਵਿੱਤੀ ਸਕੱਤਰ ਮਨਜੀਤ ਸਿੰਘ ਸੈਣੀ, ਬਲਕਾਰ ਸਿੰਘ, ਰੂਪ ਲਾਲ, ਮੇਜਰ ਸਿੰਘ, ਰਾਹੁਲ, ਰਵਿੰਦਰ ਕੁਮਾਰ, ਸੰਤੋਸ਼ ਕੁਮਾਰ, ਰਾਮਚੰਦ, ਕਮਲੇਸ਼, ਪਵਨ ਕੌਰ, ਪ੍ਰੇਮ ਕੁਮਾਰ, ਜਸਵੰਤ ਸਿੰਘ, ਮਹਿੰਗਾ ਸਿੰਘ ਆਦਿ ਹਾਜ਼ਰ ਸਨ।


Related News