ਬਿਨਾਂ ਵਿਆਹ ਸਹਿਮਤੀ ਨਾਲ ਬਣੇ ਸਬੰਧ ਖ਼ਰਾਬ ਚਰਿੱਤਰ ਦਾ ਸਬੂਤ ਨਹੀਂ : ਸੁਪਰੀਮ ਕੋਰਟ
Monday, Jun 08, 2026 - 08:57 PM (IST)
ਨਵੀਂ ਦਿੱਲੀ (ਏਜੰਸੀ)-ਸੁਪਰੀਮ ਕੋਰਟ ਨੇ ਇਕ ਫੈਸਲੇ ਵਿਚ ਕਿਹਾ ਹੈ ਕਿ ਦੋ ਅਣਵਿਆਹੇ ਬਾਲਗਾਂ ਵਿਚ ਸਹਿਮਤੀ ਨਾਲ ਬਣੇ ਸਰੀਰਕ ਸਬੰਧਾਂ ਨੂੰ ਉਸ ’ਚ ਸ਼ਾਮਲ ਵਿਅਕਤੀਆਂ ਦੇ ਚਰਿੱਤਰ ਬਾਰੇ ਪ੍ਰਤੀਕੂਲ ਰਾਇ ਬਣਾਉਣ ਦੇ ਆਧਾਰ ਵਜੋਂ ਨਹੀਂ ਵਰਤਿਆ ਜਾ ਸਕਦਾ।
ਜਸਟਿਸ ਮਨਮੋਹਨ ਅਤੇ ਜਸਟਿਸ ਮਨੋਜ ਮਿਸ਼ਰਾ ਦੀ ਬੈਂਚ ਨੇ ਇਹ ਟਿੱਪਣੀ ਤੇਲੰਗਾਨਾ ਸੂਬਾ ਪੱਧਰੀ ਪੁਲਸ ਭਰਤੀ ਬੋਰਡ ਨੂੰ ਇਕ ਅਜਿਹੇ ਉਮੀਦਵਾਰ ਦੀ ਨਿਯੁਕਤੀ ਦਾ ਨਿਰਦੇਸ਼ ਦਿੰਦੇ ਹੋਏ ਕੀਤੀ, ਜਿਸ ਦੀ ਪੁਲਸ ਕਾਂਸਟੇਬਲ ਦੇ ਅਹੁਦੇ ’ਤੇ ਚੋਣ ਇਕ ਅਸਫ਼ਲ ਪ੍ਰੇਮ ਸਬੰਧ ਨਾਲ ਜੁੜੇ ਅਪਰਾਧਿਕ ਮਾਮਲੇ ’ਚ ਸ਼ਮੂਲੀਅਤ ਕਾਰਨ ਰੱਦ ਕਰ ਦਿੱਤੀ ਗਈ ਸੀ।
ਬੈਂਚ ਨੇ ਕਿਹਾ, ‘‘ਬਿਨਾਂ ਵਿਆਹ ਸਹਿਮਤੀ ਨਾਲ ਬਣੇ ਸਬੰਧ ਖ਼ਰਾਬ ਚਰਿੱਤਰ ਦਾ ਸਬੂਤ ਨਹੀਂ ਹਨ। ਅਜਿਹਾ ਕੋਈ ਕਾਨੂੰਨ ਨਹੀਂ ਹੈ ਜੋ ਦੋ ਅਣਵਿਆਹੇ ਬਾਲਗਾਂ ਨੂੰ ਸਹਿਮਤੀ ਨਾਲ ਆਪਣੀ ਪਸੰਦ ਦਾ ਸਬੰਧ ਰੱਖਣ ਤੋਂ ਰੋਕਦਾ ਹੋਵੇ।’’ ਅਦਾਲਤ ਨੇ ਉਮੀਦਵਾਰ ਵੱਲੋਂ ਦਾਇਰ ਅਪੀਲ ਨੂੰ ਸਵੀਕਾਰ ਕਰ ਲਿਆ ਅਤੇ ਤੇਲੰਗਾਨਾ ਹਾਈ ਕੋਰਟ ਦੇ ਜੱਜ ਦੇ ਉਸ ਹੁਕਮ ਨੂੰ ਬਰਕਰਾਰ ਰੱਖਿਆ ਜਿਸ ’ਚ ‘ਸਟਾਈਪੈਂਡਰੀ ਕੈਡੇਟ ਟ੍ਰੇਨੀ ਪੁਲਸ ਕਾਂਸਟੇਬਲ’ ਦੇ ਅਹੁਦੇ ’ਤੇ ਉਸ ਦੀ ਨਿਯੁਕਤੀ ’ਤੇ ਮੁੜ ਵਿਚਾਰ ਕਰਨ ਦਾ ਨਿਰਦੇਸ਼ ਦਿੱਤਾ ਗਿਆ ਸੀ।
ਤੇਲੰਗਾਨਾ ਸੂਬਾ ਪੱਧਰੀ ਪੁਲਸ ਭਰਤੀ ਬੋਰਡ ਨੇ ਉਸ ਦੀ ਨਿਯੁਕਤੀ ਇਸ ਆਧਾਰ ’ਤੇ ਰੱਦ ਕਰ ਦਿੱਤੀ ਸੀ ਕਿ 2014 ’ਚ ਉਸ ਖ਼ਿਲਾਫ਼ ਵਿਆਹ ਦਾ ਝਾਂਸਾ ਦੇ ਕੇ ਜਬਰ-ਜ਼ਨਾਹ ਦਾ ਜੋ ਮਾਮਲਾ ਦਰਜ ਕੀਤਾ ਗਿਆ ਸੀ, ਉਹ ਨੈਤਿਕ ਪਤਨ ਨੂੰ ਦਰਸਾਉਂਦਾ ਹੈ। ਦੋਵਾਂ ਧਿਰਾਂ ਵਿਚਕਾਰ ਸਮਝੌਤਾ ਹੋਣ ਤੋਂ ਬਾਅਦ 2015 ’ਚ ਲੋਕ ਅਦਾਲਤ ’ਚ ਇਸ ਦਾ ਨਿਪਟਾਰਾ ਹੋ ਗਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
