ਪ੍ਰਧਾਨ ਮੰਤਰੀ ਨੇ ਪੰਜਾਬ ਅਤੇ ਪੰਜਾਬੀਅਤ ਲਈ ਜੋ ਕੰਮ ਕੀਤੇ ਹਨ, ਇਨੇ ਕਿਸੇ ਸਰਕਾਰ ਨੇ ਨਹੀਂ ਕੀਤੇ : ਅਸ਼ਵਨੀ ਸ਼ਰਮਾ

Friday, Jun 02, 2023 - 06:40 PM (IST)

ਪ੍ਰਧਾਨ ਮੰਤਰੀ ਨੇ ਪੰਜਾਬ ਅਤੇ ਪੰਜਾਬੀਅਤ ਲਈ ਜੋ ਕੰਮ ਕੀਤੇ ਹਨ, ਇਨੇ ਕਿਸੇ ਸਰਕਾਰ ਨੇ ਨਹੀਂ ਕੀਤੇ : ਅਸ਼ਵਨੀ ਸ਼ਰਮਾ

ਜਲੰਧਰ (ਬਿਊਰੋ) : ਕੇਂਦਰ ’ਚ ਸੱਤਾਧਿਰ ਭਾਜਪਾ ਸਰਕਾਰ ਦੀਆਂ 9 ਸਾਲ ਦੀਆਂ ਉਪਲਬਧੀਆਂ ਨੂੰ ਪੰਜਾਬ ਦੇ ਹਰ ਪਿੰਡ-ਸ਼ਹਿਰ ਤਕ ਪਹੁੰਚਾਉਣ ਲਈ ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ਵਿਚ ਵਰਕਰ ਜੁਟ ਗਏ ਹਨ। ਇਕ ਮਹੀਨੇ ਤਕ ਸੂਬੇ ਭਰ ’ਚ ਚੱਲਣ ਵਾਲੇ ਇਸ ਪ੍ਰੋਗਰਾਮ ਵਿਚ ਕਈ ਕੇਂਦਰੀ ਮੰਤਰੀ ਵੀ ਸ਼ਿਰਕਤ ਕਰਨਗੇ। ਇਸ ਪ੍ਰੋਗਰਾਮ ਅਤੇ ਸੂਬੇ ਦੇ ਹੋਰ ਮਸਲਿਆਂ ’ਤੇ ਉਨ੍ਹਾਂ ਨੇ ਗੱਲਬਾਤ ਕੀਤੀ ਜਗ ਬਾਣੀ ਦੇ ਹਰੀਸ਼ਚੰਦਰ ਨੇ। ਪੇਸ਼ ਹਨ ਉਨ੍ਹਾਂ ਨਾਲ ਗੱਲਬਾਤ ਦੇ ਮੁੱਖ ਅੰਸ਼ :

ਅਜਿਹੇ ’ਚ ਭਾਜਪਾ ਲਈ ਪੰਜਾਬ ਵਿਚ ਜਿੱਤ ਦੂਰ ਨਹੀਂ
► ਕੀ ਭਾਜਪਾ ਪੰਜਾਬ ਵਿਚ ਕੁਝ ਚੰਗਾ ਕਰ ਸਕੇਗੀ?
 ਆਪਣੇ ਵਰਕਰਾਂ ਦੇ ਦਮ ਅਤੇ ਪੰਜਾਬੀਆਂ ਦੇ ਪਿਆਰ ਨਾਲ ਇਹ ਸੰਭਵ ਹੋਵੇਗਾ। ਜਲੰਧਰ ਉਪ ਚੋਣ ਵਿਚ ਕੌਣ ਵਿਰੋਧੀ ਧਿਰ ਦੇ ਰੂਪ ਵਿਚ ਉੱਭਰਿਆ। ਕਾਂਗਰਸ ਨੇ 5 ਵਿਧਾਨ ਸਭਾ ਸੀਟਾਂ ਗਵਾਈਆਂ, ਅਸੀਂ 2 ਜਿੱਤੀਆਂ। ਸਾਡਾ ਵੋਟ ਫ਼ੀਸਦੀ 4 ਫ਼ੀਸਦੀ ਤੋਂ ਜ਼ਿਆਦਾ ਵਧਿਆ। ਨਕੋਦਰ ਵਰਗੀ ਜਗ੍ਹਾ ’ਤੇ ਅਸੀਂ 10,000 ਵੋਟਾਂ ਲੈ ਕੇ ਆਏ, ਜੋ ਪਿੰਡਾਂ ਤੋਂ ਹੀ ਆਈਆਂ। ਜਿਵੇਂ ਵਿਉਂਤਬੱਧ ਤਰੀਕੇ ਨਾਲ ਅਸੀਂ ਚੱਲ ਰਹੇ ਹਾਂ, ਅਸੀਂ ਇਸ ਉਪ ਚੋਣ ਵਿਚ ਹਰ ਘਰ ਤੱਕ ਪਹੁੰਚ ਬਣਾਈ। ਅਜਿਹੇ ਵਿਚ ਭਾਜਪਾ ਲਈ ਪੰਜਾਬ ਵਿਚ ਜਿੱਤ ਦੂਰ ਨਹੀਂ।

ਇਹ ਵੀ ਪੜ੍ਹੋ : ਪੰਜਾਬ ਦੇ ਵਿਦਿਆਰਥੀਆਂ ਦਾ ਭਵਿੱਖ ਸੁਨਹਿਰੀ ਬਣਾਉਣ ਲਈ ਸਕੂਲ ਆਫ਼ ਐਮੀਨੈਂਸ ਅਹਿਮ ਭੂਮਿਕਾ ਨਿਭਾਉਣਗੇ : ਭਗਵੰਤ ਮਾਨ    

 ਕੈਪਟਨ, ਜਾਖੜ ਵਰਗੇ ਨੇਤਾ ਵੀ ਭਾਜਪਾ ਵਿਚ ਆਏ ਪਰ ਹਾਲੇ ਲੋਕ ਇਸਨੂੰ ਸ਼ਹਿਰੀ ਪਾਰਟੀ ਕਿਉਂ ਮੰਨਦੇ ਹਨ ?
 ਸੰਗਠਨ ਸਮਾਂ ਮੰਗਦੇ ਹਨ। ਸਾਡਾ ਕੋਰੋਨਾ ਵਿਚ ਇੱਕ ਸਾਲ ਨਿਕਲਿਆ, ਫਿਰ ਕਿਸਾਨ ਅੰਦੋਲਨ ਵਿਚ। ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋਏ 3 ਸਾਲ ਹੋਣ ਨੂੰ ਆਏ। ਸੰਗਠਨ ਤੌਰ ’ਤੇ ਅਸੀਂ ਖੁਦ ਨੂੰ ਵਿਕਸਿਤ ਕੀਤਾ ਹੈ। ਪਹਿਲਾਂ ਸ਼੍ਰੋਮਣੀ ਅਕਾਲੀ ਦਲ ਵੱਡੇ ਪੈਮਾਨੇ ’ਤੇ ਚੋਣ ਲੜਦਾ ਸੀ, ਅਸੀਂ ਸ਼ਹਿਰਾਂ-ਕਸਬਿਆਂ ਤਕ ਸੀਮਤ ਸੀ। ਅੱਜ ਸਾਡਾ ਹਰ ਪਿੰਡ ਤੱਕ ਯੂਨਿਟ ਬਣ ਰਿਹਾ ਹੈ।

ਕੀ ਅਕਾਲੀ ਦਲ ਤੋਂ ਵੱਖ ਹੋਣਾ ਚੰਗਾ ਰਿਹਾ ਭਾਜਪਾ ਲਈ?
ਬਿਲਕੁੱਲ, ਭਾਜਪਾ ਵਿਚ ਲਈਏ ਤਾਂ ਚੰਗਾ ਹੋਇਆ ਹੀ , ਪੰਜਾਬ ਲਈ ਵੀ ਚੰਗਾ ਹੋਇਆ ਹੈ। ਨਰਿੰਦਰ ਮੋਦੀ ਨੇ ਜੋ ਪੰਜਾਬ ਲਈ, ਪੰਜਾਬੀਆਂ ਲਈ ਕੀਤਾ, ਜੇਕਰ ਉਹ ਇਨ੍ਹਾਂ ਗੱਲਾਂ ਨੂੰ ਲੈ ਕੇ ਹਰ ਪਿੰਡ ਦੇ ਹਰ ਚੌਰਾਹੇ ਤੱਕ ਜਾਂਦਾ ਤਾਂ ਜੋ ਲੋਕ ਇਕ ਚਾਲ ਤਹਿਤ ਭਾਜਪਾ ਦੇ ਅਕਸ ਨੂੰ ਖ਼ਰਾਬ ਕਰ ਰਹੇ ਸਨ, ਉਹ ਕਾਮਯਾਬ ਨਾ ਹੁੰਦੇ। ਕਰਤਾਰਪੁਰ ਕੋਰੀਡੋਰ ਬਣਾਉਣਾ, ਕਾਲੀ ਸੂਚੀ ਨੂੰ ਖਤਮ ਕਰਨਾ, ਫਿਰ ਸੁਲਤਾਨਪੁਰ ਲੋਧੀ ਦੇ ਵਿਕਾਸ ਲਈ ਪੈਸੇ ਦੇਣਾ, ਸਾਹਿਬਜ਼ਦਿਆਂ ਦੀ ਸ਼ਹਾਦਤ ਨੂੰ ਵੀਰ ਬਾਲ ਦਿਵਸ ਦੇ ਰੂਪ ਵਿਚ ਮਨਾਉਣਾ, 1984 ਦੇ ਕਤਲੇਆਮ ਦੇ ਦੋਸ਼ੀਆਂ ਨੂੰ ਜੇਲ ਤੱਕ ਲੈ ਕੇ ਜਾਣ ਵਾਲੇ ਨਰਿੰਦਰ ਮੋਦੀ ਹਨ, ਪੰਜਾਬੀਆਂ ਨੂੰ ਜਦੋਂ ਇਹ ਗੱਲ ਪਤਾ ਚੱਲਦੀ ਹੈ ਤਾਂ ਉਨ੍ਹਾਂ ਨੂੰ ਲੱਗਦਾ ਹੈ ਕਿ ਇਹ ਤਾਂ ਉਨ੍ਹਾਂ ਨੂੰ ਦੱਸਿਆ ਹੀ ਨਹੀਂ ਗਿਆ । ਅੱਜ ਸਾਡੇ ਕੋਲ ਮੌਕਾ ਹੈ ਕਿ ਪ੍ਰਧਾਨ ਮੰਤਰੀ ਨੇ ਪੰਜਾਬ ਅਤੇ ਪੰਜਾਬੀਅਤ ਲਈ ਜੋ ਕੰਮ ਕੀਤੇ ਹਨ, ਇੰਨੇ ਕਿਸੇ ਸਰਕਾਰ ਨੇ ਨਹੀਂ ਕੀਤੇ, ਉਸਦੀ ਜਾਣਕਾਰੀ ਹਰ ਘਰ ਤੱਕ ਦੇ ਕੇ ਜਾਵਾਂਗੇ।    

ਇਹ ਵੀ ਪੜ੍ਹੋ : ਕੇਜਰੀਵਾਲ ਨੇ ਜਲੰਧਰ ਉਪ-ਚੋਣ ਜਿੱਤਣ ’ਤੇ ਕੇਕ ਕੱਟਿਆ, ਭਗਵੰਤ ਮਾਨ ਨੇ ਦਿੱਤਾ ਰਾਤਰੀ ਭੋਜ

 ਤੁਸੀਂ ਅੱਜ ਤੋਂ ਕੇਂਦਰ ਦੀ ਮੋਦੀ ਸਰਕਾਰ ਦੀਆਂ ਉਪਲਬਧੀਆਂ ਨੂੰ ਸੂਬੇ ਭਰ ਵਿਚ ਪਹੁੰਚਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਪਰ ਵਿਰੋਧੀ ਪਾਰਟੀਆਂ ਇਸ ’ਤੇ ਟਿੱਪਣੀਆਂ ਕਰ ਰਹੀਆਂ ਹਨ, ਕੀ ਕਹੋਗੇ ?
 ਵਿਰੋਧੀਆਂ ਦਾ ਕੰਮ ਹੈ ਵਿਰੋਧ ਕਰਨਾ ਅਤੇ ਜਿਨ੍ਹਾਂ ਨੇ ਕੰਮ ਕਰਨਾ ਹੈ, ਉਨ੍ਹਾਂ ਦਾ ਕੰਮ ਹੈ, ਕੰਮ ਨੂੰ ਕਰਦੇ ਰਹਿਣਾ। ਨਰਿੰਦਰ ਮੋਦੀ 9 ਸਾਲ ਤੋਂ ਜਿਸ ਤਰ੍ਹਾਂ ਨਵੇਂ ਭਾਰਤ ਦੇ ਨਿਰਮਾਣ ਵਿਚ ਲੱਗੇੇ ਹਨ, ਉਸਦਾ ਗਵਾਹ ਸਿਰਫ ਹਿੰਦੁਸਤਾਨ ਨਹੀਂ, ਪੂਰਾ ਸੰਸਾਰ ਹੈ। ਉਨ੍ਹਾਂ ਨੇ ਆਪਣੇ ਸ਼ਾਸਨ ਦੀ ਸ਼ੁਰੂਆਤ ਵਿਚ ਕਿਹਾ ਸੀ ਕਿ ਸਭ ਕਾ ਸਾਥ, ਸਭ ਕਾ ਵਿਕਾਸ, ਸਭ ਕਾ ਵਿਸ਼ਵਾਸ ਅਤੇ ਸਭ ਕਾ ਪਰਿਆਸ। ਇਹ 9 ਸਾਲ ਗਰੀਬ ਭਲਾਈ ਨੀਤੀਆਂ ਨੂੰ ਸਮਰਪਿਤ ਰਹੇ। ਉਨ੍ਹਾਂ ਨੇ ਇੱਕ ਪਾਸੇ ਆਰਥਿਕ ਵਿਕਾਸ ਕੀਤਾ, ਉੱਥੇ ਹੀ ਆਮ ਲੋਕਾਂ ਦੀਆਂ ਜ਼ਰੂਰਤਾਂ ਨੂੰ ਵੀ ਧਿਆਨ ਵਿਚ ਰੱਖ ਕੇ ਨੀਤੀਆਂ ਬਣਾਈਆਂ। ਇਹ ਨੀਤੀਆਂ ਜਾਤੀ ਜਾਂ ਮਜ਼ਹਬ ਦੇ ਆਧਾਰ ’ਤੇ ਨਹੀਂ ਬਣਾਈਆਂ ਗਈਆਂ, ਸਗੋਂ ਇਨ੍ਹਾਂ ਦਾ ਕੇਂਦਰ ਬਿੰਦੂ ਇਹੀ ਸੀ ਕਿ ਜਿਸਦੀ ਜੋ ਜ਼ਰੂਰਤ ਹੈ, ਉਸ ਤਕ ਕਿਵੇਂ ਉਸਨੂੰ ਪਹੁੰਚਾਉਣ। ਜਿਵੇਂ ਆਵਾਸ ਯੋਜਨਾ ਦੀ ਗੱਲ ਕਰੀਏ ਤਾਂ ਅੱਜ 3 ਕਰੋੜ ਆਮ ਲੋਕਾਂ ਨੂੰ ਘਰ ਮਿਲਿਆ। 9 ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਗੈਸ ਕਨੈਕਸ਼ਨ ਮਿਲਿਆ। ਕੋਰੋਨਾ ਮਹਾਮਾਰੀ ਵਿਚ ਜਦੋਂ ਵਿਕਸਿਤ ਦੇਸ਼ ਗੋਡਿਆਂ ’ਤੇ ਆ ਗਏ ਸਨ, ਤਦ ਵਿਕਾਸਸ਼ੀਲ ਦੇਸ਼ ਹੁੰਦੇ ਹੋਏ ਨਰਿੰਦਰ ਭਾਈ ਮੋਦੀ ਨੇ ਜਿਸ ਪ੍ਰਕਾਸ਼ ਭਾਰਤ ਦੀ ਅਗਵਾਈ ਕੀਤੀ, ਉਸਦੀ ਸ਼ਲਾਘਾ ਪੂਰੀ ਦੁਨੀਆ ਵਿਚ ਹੋਈ। 200 ਕਰੋੜ ਤੋਂ ਜ਼ਿਆਦਾ ਮੁਫਤ ਵੈਕਸੀਨੇਸ਼ਨ ਆਪਣੇ ਆਪ ਵਿਚ ਵੱਡਾ ਕੰਮ ਸੀ, ਜੋ ਮੋਦੀ ਸਰਕਾਰ ਨੇ ਕੀਤਾ। ਵਿਸ਼ਵ ਪੱਧਰ ’ਤੇ ਭਾਰਤ ਨੂੰ ਅੱਜ ਜਿਸ ਤਰ੍ਹਾਂ ਵੇਖਿਆ ਜਾਂਦਾ ਹੈ, ਉਹ ਸਾਡੀ ਵਿਦੇਸ਼ ਨੀਤੀ ਦੀ ਸਫਲਤਾ ਹੈ। ਅੰਦਰੂਨੀ ਸੁਰੱਖਿਆ ਹੋਵੇ, ਜਾਂ ਬਾਹਰੀ, ਇਸ ਸਰਕਾਰ ਦੀ ਨੀਤੀ ਸਪੱਸ਼ਟ ਰਹੀ ਹੈ। ਕਰਤਾਰਪੁਰ ਕੋਰੀਡੋਰ ਦੀ ਸਾਡੀ ਲੰਬੇ ਸਮੇਂ ਤੋਂ ਮੰਗ ਰਹੀ, ਬਾਬੇ ਨਾਨਕ ਦੀ ਕਿਰਪਾ ਨਾਲ ਮੋਦੀ ਪੀ. ਐੱਮ. ਬਣੇ ਤਾਂ ਇਹ ਮੰਗ ਵੀ ਪੂਰੀ ਹੋਈ।

ਭਾਜਪਾ ਕਰਨਾਟਕ, ਹਿਮਾਚਲ ਦੀ ਚੋਣ ਹਾਰ ਚੁੱਕੀ ਹੈ, ਵਿਰੋਧੀ ਪਾਰਟੀਅਾਂ ਇੱਕਜੁਟ ਹੋ ਰਹੀਆਂ ਹਨ, ਕੀ ਇਸਦਾ ਅਸਰ 2024 ਦੀਆਂ ਲੋਕਸਭਾ ਚੋਣਾਂ ’ਤੇ ਪਵੇਗਾ?
ਲੋਕਤੰਤਰ ਵਿਚ ਹਰ ਚੋਣ ਦਾ ਆਪਣਾ ਸੁਭਾਅ ਹੁੰਦਾ ਹੈ, ਉਸਨੂੰ 2024 ਦੀਆਂ ਚੋਣਾਂ ਨਾਲ ਨਹੀਂ ਜੋੜ ਸਕਦੇ। ਮਿਊਂਸੀਪਲ ਚੋਣਾਂ ਵਿਚ ਵੱਖ, ਵਿਧਾਨਸਭਾ ਲਈ ਵੱਖਰੇ ਤਰ੍ਹਾਂ ਦੀਆਂ ਵੋਟ ਹੁੰਦੀਆਂ ਅਤੇ ਲੋਕਸਭਾ ਲਈ ਵੱਖਰੇ ਤਰ੍ਹਾਂ ਦੀਆਂ। ਪਿਛਲੀ ਵਾਰ ਰਾਜਸਥਾਨ ਵਿਚ ਕਾਂਗਰਸ ਦੀ ਸਰਕਾਰ ਹੁੰਦੇ ਹੋਏ ਵੀ ਕਾਂਗਰਸ ਇੱਕ ਵੀ ਸੀਟ ਲੋਕਸਭਾ ਦੀ ਨਹੀਂ ਜਿੱਤ ਸਕੀ। ਸਾਡਾ ਲੋਕਤੰਤਰ ਇੰਨਾ ਮਜ਼ਬੂਤ ਹੋ ਚੁੱਕਿਆ ਹੈ ਕਿ ਵੋਟਾਂ ਦੇ ਸਮੇਂ ਲੋਕ ਧਿਆਨ ਰੱਖਦੇ ਹਨ ਕਿ ਇਹ ਵੋਟ ਦੇਸ਼ ਲਈ, ਮੋਦੀ ਲਈ ਜਾ ਰਹੀ ਹੈ।

ਕੀ ਪੰਜਾਬ ਵਿਚ 2024 ਚੋਣਾਂ ਦੀ ਤਿਆਰੀ ਭਾਜਪਾ ਨੇ ਸ਼ੁਰੂ ਕਰ ਦਿੱਤੀ ਹੈ ?
ਪੰਜਾਬ ਭਾਜਪਾ ਲਈ ਇਹ ਚੋਣਾਂ ਮੌਕਾ ਹੈ। ਸਾਰੇ ਜਾਣਦੇ ਹਨ ਕਿ ਅਸੀਂ ਲੰਬਾ ਸਮਾਂ ਗਠਜੋੜ ਵਿਚ ਰਹੇ ਅਤੇ ਸਾਡਾ ਇੱਕ ਸੀਮਤ ਦਾਇਰਾ ਸੀ। ਜਦੋਂ ਤੋਂ ਉਨ੍ਹਾਂ ਨੇ ਸਾਨੂੰ ਛੱਡਿਆ, ਉਸ ਤੋਂ ਬਾਅਦ ਸਾਡੇ ਲਈ ਖੇਤਰਫਲ ਅਤੇ ਸੰਭਾਵਨਾਵਾਂ ਵਧੀਆਂ ਹਨ। ਆਪਣੇ ਸੰਗਠਨਾਤਮਕ ਢਾਂਚੇ ਨੂੰ ਵੀ ਪੰਜਾਬ ਦੇ ਹਰ ਇਲਾਕੇ, ਹਰ ਪਿੰਡ ਤੱਕ ਲੈ ਕੇ ਜਾਣਾ ਭਾਜਪਾ ਲਈ ਮੌਕਾ ਹੈ ਅਤੇ ਪਾਰਟੀ ਇਸਦਾ ਪੂਰਾ ਲਾਭ ਉਠਾ ਰਹੀ ਹੈ। ਚਾਹੇ ਮਾਝਾ ਹੋਵੇ ਜਾਂ ਮਾਲਵਾ, ਦੋਆਬਾ ਹੋਵੇ ਜਾਂ ਸ਼ਹਿਰੀ-ਪੇਂਡੂ ਖੇਤਰ, ਸਾਡੇ ਲਈ ਕੋਈ ਬੰਧਨ ਨਹੀਂ ਹੈ। ਅੱਜ ਮੇਰੀ ਪਾਰਟੀ ਦੇ ਵਰਕਰ ਨੂੰ ਕਿਸੇ ਵੀ ਪਿੰਡ ਵਿਚ ਜਾਣ ਵਿਚ, ਸੰਗਠਨ ਖੜ੍ਹਾ ਕਰਨ ਵਿਚ ਮੁਸ਼ਕਿਲ ਨਹੀਂ। ਸਾਡਾ ਫੋਕਸ ਇਹ ਹੈ ਕਿ 2024 ਦੀਆਂ ਚੋਣਾਂ ਤੋਂ ਪਹਿਲਾਂ ਹਰ ਪਿੰਡ ਵਿੱਚ ਪਾਰਟੀ ਦਾ ਯੂਨਿਟ ਬਣ ਜਾਵੇ ਅਤੇ ਇਸ ਵਿਚ ਲੋਕ ਵੀ ਸਹਾਇਕ ਹੋ ਰਹੇ ਹਨ। ਅੱਜ ਪੰਜਾਬ ਵਿਚ ਜੇਕਰ ਲੋਕ ਕਿਸੇ ਨੂੰ ਆਸ ਦੇ ਰੂਪ ਵਿਚ ਵੇਖ ਰਹੇ ਹਨ, ਤਾਂ ਉਹ ਭਾਜਪਾ ਹੀ ਹੈ। ਜ਼ਮੀਨੀ ਪੱਧਰ ’ਤੇ ਪਿੰਡਾਂ ਵਿਚ ਹਰ ਵਰਗ ਆਪਣੀ ਪਹਿਲੀ ਪਸੰਦ ਭਾਜਪਾ ਨੂੰ ਮੰਨ ਰਿਹਾ ਹੈ। ਇੱਥੇ ਸਰਕਾਰਾਂ ਬਦਲਦੀਆਂ ਰਹੀਆਂ ਪਰ ਪੰਜਾਬ ਨਹੀਂ ਬਦਲਿਆ, ਇਸ ਕਾਰਣ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਮੌਕਾ ਦਿੱਤਾ । ਇੱਕ ਸਾਲ ਵਿਚ ਉਸ ਤੋਂ ਵੀ ਨਿਰਾਸ਼ਾ ਹੀ ਲੋਕਾਂ ਨੂੰ ਮਿਲੀ। ਪੰਜਾਬ ਆਰਥਿਕ ਵਿਕਾਸ ਤੋਂ ਪਛੜ ਗਿਆ, ਇੱਥੇ ਕਾਨੂੰਨ ਦਾ ਰਾਜ ਨਹੀਂ, ਕਿਸਾਨ ਦੀ ਹਾਲਤ ਸੁਧਰ ਨਹੀਂ ਰਹੀ। ਪੰਜਾਬੀ ਤਾਣੇ-ਬਾਣੇ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਹੋਣ ਲੱਗੀ ਹੈ। ਅਜਿਹੇ ਮਾਹੌਲ ਵਿਚ ਲੋਕਾਂ ਨੂੰ ਲੱਗਦਾ ਹੈ ਕਿ ਪੰਜਾਬ ਨੂੰ ਵਿਕਾਸ ਦੀ ਰਾਹ ’ਤੇ ਮੋਦੀ ਹੀ ਲਿਆ ਸਕਦੇ ਹਨ।

ਕੇਂਦਰ ਦੀ ਮੋਦੀ ਸਰਕਾਰ ਦੀਆਂ 9 ਸਾਲ ਦੀਆਂ ਉਪਲਬਧੀਆਂ ਨੂੰ ਪੰਜਾਬ ਦੇ ਹਰ ਪਿੰਡ-ਸ਼ਹਿਰ ਤੱਕ ਪਹੁੰਚਾਉਣ ਲਈ ਵਰਕਰਾਂ ਸਮੇਤ ਨੇਤਾਵਾਂ ਨੇ ਕਮਰ ਕੱਸ ਲਈ ਹੈ। ਇਕ ਮਹੀਨੇ ਤਕ ਚੱਲਣ ਵਾਲੇ ਇਸ ਪ੍ਰੋਗਰਾਮ ਵਿਚ ਕਈ ਵੱਡੇ ਨੇਤਾ ਸ਼ਿਰਕਤ ਕਰਨਗੇ। ਪੰਜਾਬ ਦੇ 13 ਲੋਕਸਭਾ ਹਲਕਿਆਂ ਵਿਚ 1-1 ਰੈਲੀ ਹੋਵੇਗੀ। ਇਸ ਤੋਂ ਬਾਅਦ 1 ਵੱਡੀ ਸੂਬਾ ਪੱਧਰੀ ਰੈਲੀ ਹੋਵੇਗੀ, ਜਿਸ ਵਿਚ ਕੌਣ ਕੇਂਦਰ ਤੋਂ ਆਵੇਗਾ, ਇਹ ਪਾਰਟੀ ਲੀਡਰਸ਼ਿਪ ਤੈਅ ਕਰੇਗੀ।

ਪਹਿਲਾਂ ਕਦੇ ਕੋਈ ਸ਼ੋਰ ਕਿਉਂ ਨਹੀਂ ਹੋਇਆ?
ਇਕ ਪਾਸੇ ਤੁਸੀ ਕੇਂਦਰ ਦੀਆਂ ਉਪਲਬਧੀਆਂ ਦੱਸ ਰਹੇ ਹੋ, ਦੂਜੇ ਪਾਸੇ ਵਿਰੋਧੀ ਪਾਰਟੀਆਂ ਸੰਘੀ ਢਾਂਚੇ ’ਤੇ ਹਮਲੇ ਦੇ ਦੋਸ਼ ਭਾਜਪਾ ਸਰਕਾਰ ’ਤੇ ਲਗਾ ਰਹੀਆਂ ਹਨ। ਜਿਸ ਤਰ੍ਹਾਂ ਦਿੱਲੀ ਵਿਚ ਐੱਲ.ਜੀ. ਦੀਆਂ ਸ਼ਕਤੀਆਂ ਵਧਾਈਆਂ ਗਈਆਂ, ਉਸ ਨਾਲ ਵਿਰੋਧੀ ਧਿਰ ਲਾਮਬੰਦ ਹੋਈ ਹੈ।
► ਪਹਿਲੀ ਗੱਲ ਇਹ ਸਮਝਣੀ ਹੋਵੇਗੀ ਕਿ ਦਿੱਲੀ ਪੂਰਨ ਰਾਜ ਨਹੀਂ ਹੈ, ਦੇਸ਼ ਦੀ ਰਾਜਧਾਨੀ ਹੈ ਅਤੇ ਇਹ ਕੇਜਰੀਵਾਲ ਦੇ ਸਮੇਂ ਅਧਿਕਾਰ ਘੱਟ ਨਹੀਂ ਹੋਏ। ਪਹਿਲਾਂ ਵੀ ਕਈ ਮੁੱਖ ਮੰਤਰੀ ਰਹੇ ਹਨ, ਉਦੋਂ ਕੋਈ ਸ਼ੋਰ ਕਿਉਂ ਨਹੀਂ ਹੋਇਆ। ਇਨ੍ਹਾਂ ਦੇ ਸਮੇਂ ਹੀ ਕਿਉਂ ਇਹ ਮੁੱਦਾ ਉੱਠਿਆ। ਦਿੱਲੀ ਵਰਗੀ ਸੰਵੇਦਨਸ਼ੀਲ ਰਾਜਧਾਨੀ ਨੂੰ ਕੇਜਰੀਵਾਲ ਦੇ ਭਰੋਸੇ ਕਿਵੇਂ ਛੱਡਿਆ ਜਾ ਸਕਦਾ ਹੈ। ਇਹ ਆਰਡੀਨੈਂਸ ਦੇਸ਼ ਅਤੇ ਦਿੱਲੀ ਦੇ ਹਿੱਤ ਵਿਚ ਹੈ। ਜੋ ਮੁੱਖ ਸਕੱਤਰ ਘੋਟਾਲੇ ਦੀ ਜਾਂਚ ਕਰ ਰਿਹਾ ਹੈ, ਸਭ ਤੋਂ ਪਹਿਲਾਂ ਉਸ ਦਾ ਤਬਾਦਲਾ ਕਰਨ ਦੀ ਗੱਲ ਆਈ। ਜੋ ਲਾਮਬੰਦ ਹੋ ਰਹੇ ਹਨ, ਉਹ ਉਹੀ ਲੋਕ ਹਨ, ਜੋ ਪਰਿਵਾਰਵਾਦ ਦੀ ਰਾਜਨੀਤੀ ਕਰਕੇ ਪਰਿਵਾਰ ਦੇ ਵਿਕਾਸ ’ਤੇ ਚਲਦੇ ਰਹੇ।

‘ਆਪ’ ਦੀ ਜਲੰਧਰ ਉਪ ਚੋਣ ਵਿਚ ਜਿੱਤ ’ਤੇ ਕੀ ਕਹੋਗੇ?
ਉਹ ਜ਼ਮੀਨੀ ਹਕੀਕਤ ਨਹੀਂ ਪਹਿਚਾਣ ਰਹੇ। ਸੰਗਰੂਰ ਉਪ ਚੋਣ ਵਿਚ ਉਨ੍ਹਾਂ ਦਾ ਹੰਕਾਰ ਟੁੱਟਿਆ ਸੀ, ਹੁਣ ਫਿਰ ਜਲੰਧਰ ਤੋਂ ਬਾਅਦ ਵਧ ਗਿਆ ਹੈ। ਉਨ੍ਹਾਂ ਨੂੰ ਹੰਕਾਰ ਵਿਚ ਹੀ ਰਹਿਣ ਦੇਣਾ ਚਾਹੀਦਾ ਹੈ। ਮੈਂ ਇਸ ਗੱਲ ਵਿਚ ਨਹੀਂ ਪੈਣਾ ਚਾਹੁੰਦਾ ਕਿ ਇਸ ਜਿੱਤ ਵਿਚ ਕਿਸ ਤਰ੍ਹਾਂ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਹੋਈ। ਜਿੱਤ, ਜਿੱਤ ਹੁੰਦੀ ਹੈ, ਉਸ ਨੂੰ ਸਵੀਕਾਰ ਕਰਨਾ ਚਾਹੀਦਾ ਹੈ। ਸਾਨੂੰ ਇੰਨਾ ਤਾਕਤਵਰ ਹੋਣਾ ਚਾਹੀਦਾ ਹੈ ਕਿ ਸਰਕਾਰੀ ਤੰਤਰ ਦੀ ਉਹ ਦੁਰਵਰਤੋਂ ਹੀ ਨਾ ਕਰ ਸਕਣ।

ਕਾਂਗਰਸ ਸਮੇਤ ਹੋਰ ਪਾਰਟੀਆਂ ਤੋਂ ਆਏ ਨੇਤਾਵਾਂ ਨੂੰ ਕੀ ਜ਼ਿੰਮੇਵਾਰੀ ਦਿੱਤੀ ਜਾਵੇਗੀ, ਚੋਣਾਂ ਵਿਚ ਟਿਕਟ ਦਿੱਤੀ ਜਾਵੇਗੀ?
ਜ਼ਿੰਮੇਵਾਰੀ ਤਾਂ ਉਨ੍ਹਾਂ ਨੂੰ ਦਿੱਤੀ ਗਈ ਹੈ। ਜਿੱਥੋਂ ਤਕ ਟਿਕਟ ਦੀ ਗੱਲ ਹੈ ਤਾਂ ਉਸ ਲਈ ਸਾਡਾ ਸੰਸਦੀ ਬੋਰਡ ਹੈ। ਬੀ.ਜੇ.ਪੀ. ਕਿਸੇ ਪਰਿਵਾਰ ਦੀ ਪਾਰਟੀ ਨਹੀਂ ਹੈ, ਬੀ.ਜੇ.ਪੀ. ਦਾ ਇਕ ਸਿਸਟਮ ਹੈ। ਸਾਡੇ ਰਾਸ਼ਟਰੀ ਪ੍ਰਧਾਨ ਹਨ, ਪ੍ਰਧਾਨ ਮੰਤਰੀ ਹਨ, ਸੰਸਦੀ ਬੋਰਡ ਹੈ, ਇਸ ਵਿਚ 2-3 ਨਾਮ ਜਾਂਦੇ ਹਨ। ਉਸ ਦੇ ਅੰਦਰ ਸਮੀਖਿਆ ਕਰਨ ਤੋਂ ਬਾਅਦ ਜਿੱਤ ਦੀ ਸਮਰੱਥਾ ਵਾਲੇ ਨੂੰ ਟਿਕਟ ਦਿੱਤੀ ਜਾਂਦੀ ਹੈ। ਹੋਰ ਪਾਰਟੀਆਂ ਤੋਂ ਆਏ ਸਾਰੇ ਨੇਤਾਵਾਂ ਦੀ ਪਾਰਟੀ ਵਿਚ ਸ਼ਮੂਲੀਅਤ ਹੈ, ਜਲੰਧਰ ਉਪ ਚੋਣ ਵਿਚ ਵੀ ਸੀ।

ਤੁਸੀਂ 9 ਸਾਲ ਦੇ ਕੰਮਾਂ ਦੀ ਗੱਲ ਕਰ ਰਹੇ ਹੋ, ਇਸ ਸਿਲਸਿਲੇ ਵਿਚ ਕਿਹੜੇ ਵੱਡੇ ਨੇਤਾ ਪੰਜਾਬ ਆਉਣਗੇ?
ਸਾਡੇ ਰਾਸ਼ਟਰੀ ਪ੍ਰਧਾਨ ਜੇ.ਪੀ. ਨੱਡਾ ਨੇ ਪੂਰੇ ਦੇਸ਼ ਨੂੰ 144 ਕਲੱਸਟਰਾਂ ਵਿਚ ਵੰਡਿਆ ਹੈ, ਹਰੇਕ ਕਲੱਸਟਰ ਵਿਚ 3-4 ਲੋਕ ਸਭਾ ਸੀਟਾਂ ਹਨ। ਪੰਜਾਬ ਨੂੰ 4 ਕਲੱਸਟਰਾਂ ਵਿਚ ਵੰਡਿਆ ਗਿਆ ਹੈ ਅਤੇ ਕੇਂਦਰੀ ਮੰਤਰੀਆਂ ਗਜੇਂਦਰ ਸ਼ੇਖਾਵਤ, ਮਨਸੁਖ ਮਾਂਡਵੀਆ, ਅਰਜੁਨ ਮੇਘਵਾਲ ਨੂੰ 1-1 ਕਲਸਟਰ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਤਾਜ਼ਾ ਅਭਿਆਨ ਦੇ ਤਹਿਤ ਸੂਬੇ ਵਿਚ ਹਰ ਘਰ ਤੱਕ ਕੇਂਦਰ ਦੀਆਂ ਉਪਲਬਧੀਆਂ ਨੂੰ ਪਹੁੰਚਾਇਆ ਜਾਵੇਗਾ, ਇਸ ਲਈ ਪੰਜਾਬੀ ਬੁਕਲੈਟ ਤੱਕ ਤਿਆਰ ਕੀਤੀ ਗਈ ਹੈ। ਇਸ ਤੋਂ ਪਹਿਲਾਂ ਹਰ ਵਿਧਾਨਸਭਾ ਹਲਕੇ ਵਿਚ 1,000 ਪਰਿਵਾਰ ਚੁਣੇ ਜਾਣਗੇ, ਜਿਨ੍ਹਾਂ ਦੀ ਸਮਾਜ ਦੇ ਵੱਖ-ਵੱਖ ਵਰਗਾਂ ਵਿਚ ਪੈਠ ਹੋਵੇਗੀ, ਇਨ੍ਹਾਂ ਤੱਕ ਸੀਨੀਅਰ ਨੇਤਾ ਪਹੁੰਚਣਗੇ।

ਇਹ ਵੀ ਪੜ੍ਹੋ : ਘੱਲੂਘਾਰਾ ਹਫ਼ਤੇ ਨੂੰ ਲੈ ਕੇ ਪੁਲਸ ਨੇ ਵਧਾਈ ਚੌਕਸੀ,  24 ਘੰਟੇ ਰਹੇਗੀ ਪੁਲਸ ਤਾਇਨਾਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Anuradha

Content Editor

Related News