ਸ੍ਰੀ ਖੁਰਾਲਗੜ ਸਾਹਿਬ ਨੂੰ ਜਾਣ ਵਾਲੀ ਸੜਕ ਅਸੁਰੱਖਿਅਤ: ਨਿਮਿਸ਼ਾ ਮਹਿਤਾ

Thursday, Apr 13, 2023 - 04:31 PM (IST)

ਸ੍ਰੀ ਖੁਰਾਲਗੜ ਸਾਹਿਬ ਨੂੰ ਜਾਣ ਵਾਲੀ ਸੜਕ ਅਸੁਰੱਖਿਅਤ: ਨਿਮਿਸ਼ਾ ਮਹਿਤਾ

ਗੜ੍ਹਸ਼ੰਕਰ- ਸ੍ਰੀ ਖੁਰਾਲਗੜ ਸਾਹਿਬ ਨੂੰ ਜਾ ਰਹੀ ਰਸਦ ਵਾਲੀ ਟਰਾਲੀ ਪਲਟਣ ਦੇ ਕਾਰਨ ਹੋਏ ਦਰਦਨਾਕ ਹਾਦਸੇ ਬਾਰੇ ਭਾਜਪਾ ਆਗੂ ਨਿਮਿਸ਼ਾ ਮਹਿਤਾ ਨੇ ਟਿੱਪਣੀ ਕਰਦਿਆਂ ਇਕ ਪ੍ਰੈੱਸ ਬਿਆਨ ਰਾਹੀਂ ਕਿਹਾ ਹੈ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਤਪ ਸਥਾਨ ਨੂੰ ਜਾਣ ਵਾਲਾ ਇਹ ਰਸਤਾ ਕਾਫ਼ੀ ਅਸੁਰੱਖਿਅਤ ਹੈ। ਇਸੇ ਕਰਕੇ ਇਹ ਭਿਆਨਕ ਹਾਦਸਾ ਵਾਪਰਿਆ ਹੈ। ਉਨ੍ਹਾਂ ਕਿਹਾ ਕਿ ਸ੍ਰੀ ਖੁਰਾਲਗੜ ਸਾਹਿਬ ਗੁਰੂ ਰਵਿਦਾਸ ਜੀ ਦਾ ਇਤਿਹਾਸਕ ਸਥਾਨ ਹੈ ਅਤੇ ਹਜ਼ਾਰਾਂ ਦੀ ਗਿਣਤੀ ਵਿਚ ਸ਼ਰਧਾਲੂ ਰਵਿਦਾਸ ਜਯੰਤੀ ਅਤੇ ਵਿਸਾਖੀ ਦੇ ਦਿਹਾੜੇ ਇਥੇ ਨਤਮਸਤਕ ਹੋਣ ਲਈ ਪੰਜਾਬ ਭਰ ਵਿਚੋਂ ਆਉਂਦੇ ਹਨ ਪਰ ਇਸ ਮਹੱਤਵਪੂਰਨ ਸਥਾਨ ਨੂੰ ਜਾਣ ਵਾਲੇ ਰਸਤੇ ਦੀ ਚੌੜ੍ਹਾਈ ਬਹੁਤ ਘੱਟ ਹੈ। ਇਸ ਦੇ ਨਾਲ ਹੀ ਇਸ ਮਾਰਗ ਦੀ ਉਤਰਾਈ-ਚੜ੍ਹਾਈ ਵੀ ਕਾਫ਼ੀ ਖ਼ਤਰਨਾਕ ਹੈ, ਜਿਸ ਕਾਰਨ ਕਈ ਹਾਦਸੇ ਇਸ ਮਾਰਗ 'ਤੇ ਵਾਪਰ ਚੁੱਕੇ ਹਨ ਅਤੇ ਅਨੇਕਾਂ ਮੌਤਾਂ ਹੋ ਚੁੱਕੀਆਂ ਹਨ। 

ਇਹ ਵੀ ਪੜ੍ਹੋ :ਪੰਜਾਬ ਸਰਕਾਰ ਵੱਲੋਂ 1 ਆਈ. ਐੱਫ਼. ਐੱਸ. ਤੇ 12 ਆਈ. ਏ. ਐੱਸ. ਅਧਿਕਾਰੀਆਂ ਦੇ ਤਬਾਦਲੇ

ਅੱਗੇ ਬੋਲਦੇ ਹੋਏ ਨਿਮਿਸ਼ਾ ਮਹਿਤਾ ਨੇ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਮੰਗ ਕਰਦੇ ਕਿਹਾ ਕਿ ਸ੍ਰੀ ਖੁਰਾਲਗੜ ਸਾਹਿਬ ਨੂੰ ਜਾਣ ਵਾਲਾ ਇਹ ਰਸਤਾ ਚੌੜਾ ਅਤੇ ਸੁੱਰਖਿਅਤ ਬਣਾਉਣ ਨੂੰ ਤਰਜੀਹ ਦੇ ਕੇ ਸਰਕਾਰ ਪਹਿਲ ਦੇ ਆਧਾਰ 'ਤੇ ਇਸ ਰਸਤੇ ਦਾ ਸੁਧਾਰ ਕਰਾਵੇ। ਭਾਜਪਾ ਆਗੂ ਨੇ ਕਿਹਾ ਕਿ 'ਆਪ' ਵਿਧਾਇਕ ਜੈ ਕ੍ਰਿਸ਼ਨ ਰੋੜੀ ਦਾ ਵਾਅਦਾ ਸੀ ਕਿ ਸੱਤਾ ਵਿਚ ਆਉਂਦੇ ਹੀ ਉਹ ਚੁੰਗੀ-ਗੜ੍ਹਸ਼ੰਕਰ ਮਾਰਗ ਬਣਵਾਉਣਗੇ ਪਰ ਸਰਕਾਰ ਬਣੇ ਨੂੰ 14 ਮਹੀਨੇ ਹੋ ਚੁੱਕੇ ਹਨ ਇਹ ਰਸਤੇ ਦੀ ਹਾਲਤ ਸਿਰਫ਼ ਬਦ ਤੋਂ ਬਦਤਰ ਹੀ ਹੋ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਫਰਵਰੀ ਮਹੀਨੇ ਵਿਚ ਸੜਕ ਉਸਾਰੀ ਦੇ ਨਾਮ 'ਤੇ ਭੱਦਾ ਮਜ਼ਾਕ ਕਰਦੇ ਸਰਕਾਰੀ ਉਦਘਾਟਨ ਤੋਂ ਇਲਾਵਾ ਸੜਕ ਦਾ ਕੋਈ ਕੰਮ ਨਹੀਂ ਕੀਤਾ ਗਿਆ ਅਤੇ ਮੰਦੀ ਹਾਲਤ ਸੜਕ ਦੀ ਵਜ੍ਹਾ ਨਾਲ ਅਨੇਕਾਂ ਹਾਦਸੇ ਵਾਪਰ ਚੁੱਕੇ ਹਨ ਅਤੇ ਕਈ ਜਾਨਾਂ ਜਾ ਚੁੱਕੀਆਂ ਹਨ। 

ਨਿਮਿਸ਼ਾ ਮਹਿਤਾ ਨੇ ਕਿਹਾ ਕਿ ਸੜਕ ਦੀ ਖ਼ਰਾਬੀ ਅਤੇ ਖ਼ਤਰਨਾਕ ਢਲਾਣ ਅਤੇ ਚੜਾਈ ਕਾਰਨ ਹੋ ਰਹੇ ਸੜਕ ਹਾਦਸਿਆਂ ਲਈ ਪੰਜਾਬ ਸਰਕਾਰ ਦਾ ਪੀ. ਡਬਲਿਊ. ਡੀ. ਵਿਭਾਗ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ ਅਤੇ ਸਰਕਾਰ ਨੂੰ ਹਾਦਸਿਆਂ ਵਿਚ ਜਾਨਾਂ ਗੁਆਉਣ ਵਾਲੇ ਲੋਕਾਂ ਨੂੰ ਘੱਟੋ-ਘੱਟ 50 ਲੱਖ ਰੁਪਏ ਮੁਆਵਜ਼ਾ ਪ੍ਰਤੀ ਮ੍ਰਿਤਕ ਪਰਿਵਾਰ ਅਤੇ 35 ਲੱਖ ਰੁਪਏ ਜੋ ਲੋਕ ਹਾਦਸਿਆਂ ਵਿਚ ਦਿਵਿਆਂਗ ਹੋ ਗਏ ਹਨ, ਉਨ੍ਹਾਂ ਨੂੰ ਜਾਰੀ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਐਲਾਨਿਆ ਦੋ ਲੱਖ ਦਾ ਮੁਆਵਜ਼ਾ ਸੜਕ ਦੀ ਖ਼ਰਾਬੀ ਕਰਕੇ ਹੋਏ ਹਾਦਸਿਆਂ ਵਿਚ ਮਰੇ ਵਿਅਕਤੀਆਂ ਲਈ ਭੱਦਾ ਮਜ਼ਾਕ ਹੈ। 

ਇਹ ਵੀ ਪੜ੍ਹੋ : ਰਾਹੋਂ 'ਚ ਰੂਹ ਕੰਬਾਊ ਹਾਦਸਾ, 35 ਪ੍ਰਵਾਸੀ ਮਜ਼ਦੂਰਾਂ ਦੀਆਂ ਝੌਂਪੜੀਆਂ ਨੂੰ ਲੱਗੀ ਅੱਗ, 8 ਸਾਲਾ ਬੱਚੀ ਦੀ ਮੌਤ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

 


author

shivani attri

Content Editor

Related News