ਜ਼ਹਿਰੀਲੀ ਸ਼ਰਾਬ ਦੇ ਮਾਮਲੇ ''ਚ ਮਜੀਠੀਆ ਦੇ ਟਵੀਟ ''ਤੇ ਨਿਮਿਸ਼ਾ ਦਾ ਪਲਟਵਾਰ
Wednesday, Aug 26, 2020 - 05:11 PM (IST)
ਜਲੰਧਰ/ਗੜ੍ਹਸ਼ੰਕਰ— ਜ਼ਹਿਰੀਲੀ ਸ਼ਰਾਬ ਦੇ ਮੁੱਦੇ 'ਤੇ ਸਰਕਾਰ ਨੂੰ ਘੇਰਣ ਲਈ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲੋਂ ਕੀਤੇ ਗਏ ਟਵੀਟ 'ਤੇ ਕਾਂਗਰਸ ਦੀ ਸੀਨੀਅਰ ਆਗੂ ਨਿਮਿਸ਼ਾ ਮਹਿਤਾ ਮਜੀਠੀਆ ਨਾਲ ਭਿੜ ਗਈ। ਮਜੀਠੀਆ ਦੇ ਟਵੀਟ ਦਾ ਜਵਾਬ ਦਿੰਦੇ ਹੋਏ ਨਿਮਿਸ਼ਾ ਨੇ ਲਿਖਿਆ, ''ਕਾਂਗਰਸ ਦੀ ਸਰਕਾਰ ਨੇ ਮ੍ਰਿਤਕਾਂ ਨੂੰ ਮੁਆਵਜ਼ਾ ਦੇਣ ਦੇ ਨਾਲ-ਨਾਲ ਇਸ ਮਾਮਲੇ 'ਚ ਜ਼ਿੰਮੇਵਾਰ ਪੁਲਸ ਅਤੇ ਆਬਕਾਰੀ ਮਹਿਕਮੇ ਦੇ ਅਫ਼ਸਰਾਂ 'ਤੇ ਕਾਰਵਾਈ ਤਾਂ ਕੀਤੀ ਹੈ। ਤੁਸੀਂ ਅਕਾਲੀ-ਭਾਜਪਾ ਸ਼ਾਸਨ ਕਾਲ 'ਚ ਬਤੌਰ ਮੰਤਰੀ ਚਿੱਟੇ ਨਾਲ ਜਾਨ ਗਵਾਉਣ ਵਾਲੇ ਲੋਕਾਂ ਨੂੰ ਕੀ ਮੁਆਵਜ਼ਾ ਦਿੱਤਾ ਸੀ। ਚਿੱਟੇ ਨੂੰ ਲੈ ਕੇ ਤੁਹਾਡੇ ਕਾਰਨਾਮੇ ਦੁਨੀਆ ਤੋਂ ਲੁਕੇ ਨਹੀਂ ਹਨ।'' ਨਿਮਿਸ਼ਾ ਨੇ ਅੱਗੇ ਲਿਖਿਆ ਕਿ ਤੁਸੀਂ ਤਾਂ ਆਪਣੇ ਰਾਜ 'ਚ ਚਿੱਟੇ ਨਾਲ ਪੀੜਤ ਇਕ ਵੀ ਵਿਅਕਤੀ ਨੂੰ ਨਸ਼ਾ ਛੁਡਾਊ ਕੇਂਦਰ 'ਚ ਜਾਣ ਦੀ ਜ਼ਹਿਮਤ ਨਹੀਂ ਚੁੱਕੀ, ਕੀ ਤੁਹਾਡੇ ਕੋਲ 2017 ਤੱਕ ਇਕ ਵੀ ਵਿਅਕਤੀ ਨੂੰ ਨਸ਼ਾ ਛੁਡਾਊ ਕੇਂਦਰ 'ਚ ਦਾਖ਼ਲ ਕਰਵਾਉਣ ਦਾ ਰਿਕਾਰਡ ਹੈ?
ਇਹ ਵੀ ਪੜ੍ਹੋ: ਕੈਪਟਨ ਦੀ ਸੋਨੀਆ ਨਾਲ ਗੱਲਬਾਤ, 'ਕੋਰੋਨਾ' ਦੇ ਹਾਲਾਤ ਤੋਂ ਕਰਵਾਇਆ ਜਾਣੂੰ
ਕੀ ਲਿਖਿਆ ਸੀ ਮਜੀਠੀਆ ਨੇ
ਜ਼ਿਕਰਯੋਗ ਹੈ ਮਜੀਠੀਆ ਨੇ ਆਪਣੇ ਟਵੀਟ 'ਚ ਲਿਖਿਆ ਸੀ, ''ਜ਼ਹਿਰੀਲੀ ਸ਼ਰਾਬ ਕਾਰਨ 100 ਤੋਂ ਵੱਧ ਹੋਈਆਂ ਮੌਤਾਂ ਦੇ ਮਾਮਲੇ 'ਚ ਸਰਕਾਰ ਨੂੰ ਕਾਂਗਰਸੀ ਆਗੂਆਂ ਦੀ ਡਿਸਟਲਰੀਜ਼ ਅਤੇ ਸ਼ਰਾਬ ਮਾਫੀਆ ਖ਼ਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਪੰਜਾਬ 'ਚ ਮੌਤਾਂ ਦਾ ਨੰਗਾ ਨਾਚ ਉਦੋਂ ਹੀ ਖਤਮ ਹੋਵੇਗਾ ਜਦੋਂ ਸਰਕਾਰੀ ਅਧਿਕਾਰੀਆਂ, ਪੁਲਸ ਅਫ਼ਸਰਾਂ ਦੀ ਮਿਲੀਭੁਗਤ ਨਾਲ ਚਲਾਇਆ ਜਾ ਰਿਹਾ ਇਹ ਨੈੱਕਸਸ ਟੁੱਟੇਗਾ।''
ਇਹ ਵੀ ਪੜ੍ਹੋ: ਕਲਯੁੱਗੀ ਪੁੱਤ ਤੇ ਨੂੰਹ ਦਾ ਸ਼ਰਮਨਾਕ ਕਾਰਾ, ਬਜ਼ੁਰਗ ਮਾਂ ਦੀ ਕੁੱਟਮਾਰ ਕਰਕੇ ਰਾਤ ਦੇ ਹਨ੍ਹੇਰੇ ’ਚ ਹਾਈਵੇਅ ’ਤੇ ਸੁੱਟਿਆ
ਇਥੇ ਦੱਸਣਯੋਗ ਹੈ ਕਿ ਬੀਤੇ ਦਿਨੀਂ ਪੰਜਾਬ ਦੇ ਮਾਝਾ 'ਚ ਅੰਮ੍ਰਿਤਸਰ, ਗੁਰਦਾਸਪੁਰ ਅਤੇ ਤਰਨਤਾਰਨ ਜ਼ਿਲ੍ਹਿਆਂ 'ਚ ਜ਼ਹਿਰੀਲੀ ਸ਼ਰਾਬ ਪੀਣ ਨਾਲ 100 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ। ਸਰਕਾਰ ਨੇ ਇਸ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਸਨ ਅਤੇ ਕਈ ਪੁਲਸ ਅਧਿਕਾਰੀ ਆਬਕਾਰੀ ਮਹਿਕਮੇ ਦੇ ਅਧਿਕਾਰੀ ਇਸ ਮਾਮਲੇ 'ਚ ਮੁਅੱਤਲ ਕੀਤੇ ਗਏ ਹਨ। ਇਨ੍ਹਾਂ ਮੌਤਾਂ ਤੋਂ ਬਾਅਦ ਹੀ ਵਿਰੋਧੀ ਧਿਰ ਲਗਾਤਾਰ ਸਰਕਾਰ 'ਤੇ ਹਮਲਾਵਰ ਹੈ।
ਇਹ ਵੀ ਪੜ੍ਹੋ: ਹੁਸ਼ਿਆਰਪੁਰ 'ਚ ਬੇਰਹਿਮੀ ਨਾਲ ਵਿਅਕਤੀ ਦਾ ਕਤਲ, ਦਰੱਖ਼ਤ ਨਾਲ ਲਟਕਦੀ ਮਿਲੀ ਲਾਸ਼