ਡਾ. ਤ੍ਰੇਹਣ ਕਤਲ ਮਾਮਲੇ ''ਚ ਅਕਾਲੀ ਆਗੂ ਵਲਟੋਹਾ ''ਤੇ ਕਰਾਂਗੇ ਕਾਰਵਾਈ : ਨਿਮਿਸ਼ਾ
Thursday, Jan 17, 2019 - 03:58 PM (IST)
ਜਲੰਧਰ : ਪੰਜਾਬ ਪ੍ਰਦੇਸ਼ ਕਾਂਗਰਸ ਦੀ ਬੁਲਾਰਨ ਨਿਮਿਸ਼ਾ ਮਹਿਤਾ ਨੇ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਖਿਲਾਫ ਡਾ. ਤ੍ਰੇਹਣ ਕਤਲ ਮਾਮਲੇ 'ਚ ਕਾਰਵਾਈ ਕਰਨ ਦੀ ਗੱਲ ਕਹੀ ਹੈ। ਨਿਮਿਸ਼ਾ ਨੇ ਕਿਹਾ ਕਿ ਇਸ ਕਤਲ ਮਾਮਲੇ 'ਚ ਹਰਦੇਵ ਸਿੰਘ ਤੇ ਬਲਦੇਵ ਸਿੰਘ ਨਾਂ ਦੇ ਵਿਅਕਤੀ ਫੜ੍ਹੇ ਗਏ ਸਨ, ਜਿਨ੍ਹਾਂ ਨੇ ਖੁਲਾਸਾ ਕੀਤਾ ਸੀ ਕਿ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਵੀ ਇਸ ਕਤਲ 'ਚ ਸ਼ਾਮਲ ਸਨ। ਇਸ ਤੋਂ ਬਾਅਦ ਵਲਟੋਹਾ ਇਸ ਮਾਮਲੇ 'ਚੋਂ ਬਰੀ ਹੋਣ ਦਾ ਸਬੂਤ ਕਿਤੇ ਵੀ ਨਹੀਂ ਦੇ ਸਕੇ। ਨਿਮਿਸ਼ਾ ਨੇ ਕਿਹਾ ਕਿ ਵਲਟੋਹਾ ਨੇ ਚੋਣਾਂ ਦੌਰਾਨ ਆਪਣੇ ਐਫੀਡੇਵਿਟਾਂ 'ਚ ਕਿਹਾ ਹੈ ਕਿ ਮੇਰੇ ਖਿਲਾਫ ਕੋਈ ਮਾਮਲਾ ਪੈਂਡਿੰਗ ਨਹੀਂ ਹੈ, ਜਿਸ ਤੋਂ ਸਾਫ ਜ਼ਾਹਿਰ ਹੈ ਕਿ ਵਲਟੋਹਾ ਨੇ ਪੰਜਾਬ ਦੇ ਵੋਟਰਾਂ ਨੂੰ ਗੁੰਮਰਾਹ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਵਲਟੋਹਾ ਖਿਲਾਫ ਧਾਰਾ-420 ਤੇ 402 ਤਹਿਤ ਮਾਮਲਾ ਦਰਜ ਕਰਾਉਣਗੇ।
ਉਨ੍ਹਾਂ ਕਿਹਾ ਕਿ ਬੜੀ ਸ਼ਰਮ ਦੀ ਗੱਲ ਹੈ ਕਿ ਵਲਟੋਹਾ ਵਰਗੇ ਆਗੂ ਨੇ ਵਿਧਾਨ ਸਭਾ 'ਚ ਖੜ੍ਹੇ ਹੋ ਕੇ ਸ਼ਰੇਆਮ ਕਿਹਾ ਸੀ ਕਿ ਉਹ ਅੱਤਵਾਦੀ ਸੀ, ਅੱਤਵਾਦੀ ਹੈ ਅਤੇ ਅੱਤਵਾਦੀ ਰਹੇਗਾ। ਨਿਮਿਸ਼ਾ ਨੇ ਕਿਹਾ ਕਿ ਜੇਕਰ ਸੁਖਬੀਰ ਬਾਦਲ ਇਹ ਕਹਿੰਦੇ ਹਨ ਕਿ ਉਨ੍ਹਾਂ ਦੀ ਪਾਰਟੀ ਨਿਰਪੱਖਤਾ ਦੇ ਆਧਾਰ 'ਤੇ ਚੱਲਦੀ ਹੈ ਤਾਂ ਫਿਰ ਇਹ ਸਪੱਸ਼ਟ ਕਰਨ ਕਿ ਵਲਟੋਹਾ ਨੂੰ ਪਾਰਟੀ 'ਚ ਰੱਖਣ ਪਿੱਛੇ ਉਨ੍ਹਾਂ ਦੀ ਕੀ ਮਜਬੂਰੀ ਹੈ। ਨਿਮਿਸ਼ਾ ਮਹਿਤਾ ਨੇ ਕਿਹਾ ਕਿ ਸੁਖਬੀਰ ਦੀ ਪਾਰਟੀ ਜੇਕਰ ਨਿਰਪੱਖ ਹੈ ਤਾਂ ਫੌਰੀ ਤੌਰ 'ਤੇ ਵਿਰਸਾ ਸਿੰਘ ਵਲਟੋਹਾ ਨੂੰ ਪਾਰਟੀ 'ਚੋਂ ਬਾਹਰ ਕੱਢਿਆ ਜਾਵੇ। ਦੱਸ ਦੇਈੇਏ ਕਿ ਸਾਲ 1983 'ਚ ਪੱਟੀ ਸ਼ਹਿਰ 'ਚ ਡਾ. ਤ੍ਰੇਹਣ ਦਾ ਕਤਲ ਕਰ ਦਿੱਤਾ ਗਿਆ ਸੀ। ਬਾਅਦ 'ਚ ਇਸ ਕਤਲ ਮਾਮਲੇ 'ਚ 2 ਦੋਸ਼ੀਆਂ ਹਰਦੀਪ ਸਿੰਘ ਤੇ ਬਲਦੇਵ ਸਿੰਘ ਨੂੰ ਫੜ੍ਹਿਆ ਗਿਆ ਸੀ, ਜਿਨ੍ਹਾਂ ਨੇ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਦੇ ਵੀ ਇਸ ਕਤਲ 'ਚ ਸ਼ਾਮਲ ਹੋਣ ਦੀ ਗੱਲ ਕਹੀ ਸੀ।