ਢਿੱਲੋਂ ਬ੍ਰਦਰਜ਼ ਦੇ ਮਾਮਲੇ ''ਚ ਖੁੱਲ੍ਹੀਆਂ ਨਵੀਂਆਂ ਪਰਤਾਂ, ''ਫੌਜੀ'' ਦੇ ਬਿਆਨ ਨਾਲ ਬਦਲ ਗਿਆ ਕੇਸ ਦਾ ''ਐਂਗਲ''
Wednesday, Nov 06, 2024 - 06:00 AM (IST)
ਜਲੰਧਰ (ਵਰੁਣ)– ਢਿੱਲੋਂ ਬ੍ਰਦਰਜ਼ ਦੀ ਮੌਤ ਦੇ ਮਾਮਲੇ ’ਚ ਸ਼ੁਰੂਆਤੀ ਵਿਵਾਦ ਸਮੇਂ ਥਾਣਾ ਨੰਬਰ 1 ਵਿਚ ਮੌਜੂਦ ਆਰਮੀ ਦੇ ਨਾਇਕ ਨੇ ਮੀਡੀਆ ਸਾਹਮਣੇ ਆ ਕੇ ਵੱਡਾ ਬਿਆਨ ਦਿੱਤਾ ਹੈ। ਜਵਾਨ ਕਰਜਿੰਦਰ ਸਿੰਘ ਦਾ ਬਿਆਨ ਹੈ ਕਿ ਪਹਿਲਾਂ ਮਾਨਵਜੀਤ ਢਿੱਲੋਂ ਨੇ 14 ਅਗਸਤ 2023 ਨੂੰ ਥਾਣੇ ਵਿਚ ਖੂਬ ਹੰਗਾਮਾ ਕੀਤਾ ਸੀ।
ਉਦੋਂ ਥਾਣੇ ਵਿਚ ਐੱਸ.ਐੱਚ.ਓ. ਥਾਣੇ 'ਚ ਮੌਜੂਦ ਨਹੀਂ ਸੀ। 16 ਅਗਸਤ ਨੂੰ ਉਹ ਦੁਬਾਰਾ ਆਏ, ਉਦੋਂ ਥਾਣੇ ਵਿਚ ਮੌਜੂਦ ਸਾਬਕਾ ਐੱਸ.ਐੱਚ.ਓ. ਨਵਦੀਪ ਸਿੰਘ ਨੇ ਲੜਕੇ ਅਤੇ ਲੜਕੀ ਦੇ ਪਰਿਵਾਰਕ ਮੈਂਬਰਾਂ ਨੂੰ ਹੀ ਆਪਣੇ ਕਮਰੇ ਵਿਚ ਰਹਿਣ ਨੂੰ ਕਿਹਾ ਅਤੇ ਬਾਕੀਆਂ ਨੂੰ ਬਾਹਰ ਜਾਣ ਦਾ ਕਹਿ ਦਿੱਤਾ ਸੀ। ਇਸ ਗੱਲ ਨੂੰ ਲੈ ਕੇ ਮਾਨਵਜੀਤ ਢਿੱਲੋਂ ਕਾਫੀ ਤੈਸ਼ ਵਿਚ ਆ ਗਿਆ ਅਤੇ ਕਦੀ ਡੀ.ਜੀ.ਪੀ. ਦਾ ਨਾਂ ਲੈ ਕੇ ਧਮਕਾਇਆ ਅਤੇ ਕਦੀ ਮਾਨਵਜੀਤ ਨੇ ਗੋਲਫ ਦਾ ਪ੍ਰਧਾਨ ਹੋਣ ਦਾ ਡਰ ਦਿਖਾਇਆ। ਥਾਣੇ ਵਿਚ ਉਸ ਸਮੇਂ ਕਾਫੀ ਵਿਵਾਦ ਹੋਇਆ ਸੀ, ਧੱਕਾ-ਮੁੱਕੀ ਵੀ ਹੋਈ ਸੀ।
ਜ਼ੀਰਾ (ਫਿਰੋਜ਼ਪੁਰ) ਦੇ ਰਹਿਣ ਵਾਲੇ ਕਰਜਿੰਦਰ ਸਿੰਘ ਦਾ ਕਹਿਣਾ ਹੈ ਕਿ ਉਸ ਦਾ ਆਪਣੇ ਸਹੁਰਿਆਂ ਨਾਲ ਵਿਵਾਦ ਸੀ, ਜਿਸ ਕਾਰਨ ਉਸ ਖ਼ਿਲਾਫ਼ ਵੀ 107/51 ਦੀ ਕਾਰਵਾਈ ਕੀਤੀ ਗਈ ਸੀ। 16 ਨੂੰ ਜਦੋਂ ਸਾਰਾ ਵਿਵਾਦ ਹੋ ਚੁੱਕਾ ਸੀ, ਉਦੋਂ ਉਸ ਦੀ ਜ਼ਮਾਨਤ ਹੋਈ। ਫੌਜ ਦੇ ਜਵਾਨ ਨੇ ਕਿਹਾ ਕਿ ਉਹ ਇਸ ਗੱਲ ਦਾ ਗਵਾਹ ਹੈ ਕਿ ਨਵਦੀਪ ਸਿੰਘ ਨੇ ਆਪਣੇ ਅਹੁਦੇ ਦੀ ਗ਼ਲਤ ਵਰਤੋਂ ਨਹੀਂ ਕੀਤੀ। ਉਸ ਨੇ ਕਿਹਾ ਕਿ ਜੇਕਰ ਨਵਦੀਪ ਸਿੰਘ ਗਲਤ ਹੀ ਸੀ ਤਾਂ ਮਾਨਵਦੀਪ ਉੱਪਲ ਅਤੇ ਉਸ ਦੇ ਦੋਸਤ ਭਗਵੰਤ ਭੰਤਾ ਨੇ ਉਸ ਦੇ ਪਿੰਡ ਦੇ ਸਰਪੰਚ ਨਾਲ ਸੰਪਰਕ ਕਰ ਕੇ ਇਹ ਗੱਲ ਕਿਉਂ ਕਹੀ ਸੀ ਕਿ ਫੌਜੀ ਨੂੰ ਕਹਿ ਕੇ ਢਿੱਲੋਂ ਬ੍ਰਦਰਜ਼ ਦੇ ਹੱਕ ਵਿਚ ਬਿਆਨ ਦਿਵਾਏ ਜਾਣ।
ਇਹ ਵੀ ਪੜ੍ਹੋ- ਟਿਊਸ਼ਨ ਪੜ੍ਹ ਕੇ ਘਰ ਆ ਰਹੇ ਮਾਸੂਮ ਬੱਚੇ ਨੂੰ ਪਾਲਤੂ ਕੁੱਤੇ ਨੇ ਬਣਾਇਆ ਸ਼ਿਕਾਰ ; ਚਿਹਰੇ 'ਤੇ ਲੱਗੇ 12 ਟਾਂਕੇ
ਕਰਜਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਕੁਲਦੀਪ ਸਿੰਘ ਨਾਂ ਦਾ ਉਸ ਦਾ ਜਾਣਕਾਰ ਵੀ ਇਸ ਗੱਲ ਦਾ ਗਵਾਹ ਹੈ ਕਿ ਉਸ ’ਤੇ ਢਿੱਲੋਂ ਬ੍ਰਦਰਜ਼ ਧਿਰ ਨੇ ਨਵਦੀਪ ਸਿੰਘ ਖ਼ਿਲਾਫ਼ ਬਿਆਨ ਦੇਣ ਨੂੰ ਕਿਹਾ, ਜਦਕਿ ਉਸ ਦੇ ਨੇੜਲੇ ਪਿੰਡ ਦੇ ਲੋਕਾਂ ਤੋਂ ਵੀ ਸਿਫਾਰਸ਼ ਪੁਆਈ ਗਈ ਸੀ। ਉਨ੍ਹਾਂ ਕਿਹਾ ਕਿ ਨਾ ਤਾਂ ਉਹ ਮਾਨਵਦੀਪ ਦੇ ਖਿਲਾਫ ਹੈ ਅਤੇ ਨਾ ਹੀ ਨਵਦੀਪ ਸਿੰਘ ਦੇ ਪੱਖ ਵਿਚ, ਉਹ ਸਿਰਫ ਸੱਚਾਈ ਦੀ ਗੱਲ ਕਰ ਰਿਹਾ ਹੈ, ਜੋ ਉਸ ਦੇ ਸਾਹਮਣੇ ਹੋਇਆ। ਫੌਜ ਦੇ ਨਾਇਕ ਨੇ ਇਹ ਵੀ ਕਿਹਾ ਕਿ ਉਸ ਨੇ ਪੁਲਸ ਨੂੰ ਵੀ ਬਿਆਨ ਦਿੱਤੇ ਹਨ, ਜਦੋਂ ਕਿ ਜੇਕਰ ਉਸ ਦੇ ਮੋਬਾਈਲ ਦੀ ਕਾਲ ਡਿਟੇਲ ਕਢਵਾਈ ਜਾਵੇ ਤਾਂ ਸਪੱਸ਼ਟ ਹੋ ਜਾਵੇਗਾ ਕਿ ਨਵਦੀਪ ਸਿੰਘ ਨਾਲ ਉਸ ਦੀ ਕਦੀ ਗੱਲ ਹੋਈ ਹੈ ਜਾਂ ਨਹੀਂ ਅਤੇ ਉਦੋਂ ਉਸ ਨੂੰ ਢਿੱਲੋਂ ਬ੍ਰਦਰਜ਼ ਦੇ ਪੱਖ ਵੱਲੋਂ ਕਿਸ-ਕਿਸ ਦੇ ਮੋਬਾਈਲ ਫੋਨ ਆਏ ਸਨ।
ਪੁਲਸ ਨੇ ਹਾਈਕੋਰਟ ਵੱਲੋਂ ਦਿੱਤਾ ਸਮਾਂ ਕੱਢਣ ਲਈ ਦੇਰੀ ਨਾਲ ਭੇਜਿਆ ਦੁਬਾਰਾ ਡੀ.ਐੱਨ.ਏ. ਸੈਂਪਲ : ਮਾਨਵਦੀਪ ਉੱਪਲ
ਦੂਜੇ ਪਾਸੇ ਮਾਨਵਦੀਪ ਉੱਪਲ ਲਗਾਤਾਰ ਕਪੂਰਥਲਾ ਪੁਲਸ ’ਤੇ ਸਵਾਲੀਆ ਨਿਸ਼ਾਨ ਖੜ੍ਹੇ ਕਰ ਰਿਹਾ ਹੈ। ਇਸ ਵਾਰ ਮਾਨਵਦੀਪ ਉੱਪਲ ਨੇ ਕਿਹਾ ਕਿ ਮਾਣਯੋਗ ਹਾਈਕੋਰਟ ਨੇ ਜੋ ਕਪੂਰਥਲਾ ਪੁਲਸ ਨੂੰ 31 ਦਸੰਬਰ ਤਕ ਤੱਥ ਸਾਹਮਣੇ ਰੱਖਣ ਦਾ ਸਮਾਂ ਦਿੱਤਾ ਸੀ, ਉਹ ਪੂਰੀ ਯੋਜਨਾ ਤਹਿਤ ਕਿਸੇ ਬਹਾਨੇ ਨਾਲ ਸਮਾਂ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮਈ 2024 ਨੂੰ ਜੇਕਰ ਡੀ.ਐੱਨ.ਏ. ਰਿਪੋਰਟ ਨੈਗੇਟਿਵ ਆਈ ਸੀ ਤਾਂ ਉਸ ਦੇ ਕੁਝ ਦਿਨਾਂ ਅੰਦਰ ਹੀ ਸੈਂਪਲ ਦੁਬਾਰਾ ਕਿਉਂ ਨਹੀਂ ਭੇਜਿਆ ਗਿਆ।
ਉਸ ਨੇ ਅੱਗੇ ਕਿਹਾ ਕਿ ਪੁਲਸ ਨੇ ਹੁਣ ਕੁਝ ਦਿਨ ਪਹਿਲਾਂ ਸੈਂਪਲ ਭੇਜਿਆ, ਜਿਸ ਦੀ ਰਿਪੋਰਟ ਆਉਣ ਵਿਚ ਕਈ ਮਹੀਨਿਆਂ ਦਾ ਸਮਾਂ ਲੱਗ ਜਾਂਦਾ ਹੈ ਅਤੇ ਇਹੀ ਬਹਾਨਾ ਕਪੂਰਥਲਾ ਪੁਲਸ ਮਾਣਯੋਗ ਹਾਈਕੋਰਟ ਸਾਹਮਣੇ ਬਣਾ ਸਕਦੀ ਹੈ। ਉਨ੍ਹਾਂ ਕਿਹਾ ਕਿ 450 ਦਿਨ ਬੀਤ ਜਾਣ ਦੇ ਬਾਅਦ ਵੀ ਕਪੂਰਥਲਾ ਪੁਲਸ ਇਸ ਮਾਮਲੇ ਨੂੰ ਲੈ ਕੇ ਕੋਈ ਰਿਪੋਰਟ ਤਕ ਨਹੀਂ ਬਣਾ ਸਕੀ ਅਤੇ ਨਾ ਹੀ ਉਸ ਨੂੰ ਕੁਝ ਦੱਸਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ- ਪੰਜਾਬ ਦੀ ਸਿਆਸਤ 'ਚ ਵੱਡਾ ਧਮਾਕਾ ; BSP ਨੇ ਪਾਰਟੀ ਪ੍ਰਧਾਨ ਗੜ੍ਹੀ ਨੂੰ ਕੱਢਿਆ ਬਾਹਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e