ਅਨੁਰਾਗ ਵਰਮਾ ਦੀ ਨਿਯੁਕਤੀ ਮਗਰੋਂ 5 ਵਿਭਾਗਾਂ ਲਈ ਸ਼ੁਰੂ ਹੋਈ ਨਵੇਂ ਪ੍ਰਿੰਸੀਪਲ ਸਕੱਤਰ ਦੀ ਭਾਲ
Friday, Jun 30, 2023 - 01:26 PM (IST)
ਲੁਧਿਆਣਾ (ਹਿਤੇਸ਼) : ਪੰਜਾਬ ਸਰਕਾਰ ਵਲੋਂ ਅਨੁਰਾਗ ਵਰਮਾ ਨੂੰ ਨਵਾਂ ਮੁੱਖ ਸਕੱਤਰ ਲਗਾਉਣ ਲਈ ਚੁਣਿਆ ਗਿਆ ਹੈ। ਹਾਲਾਂਕਿ ਉਨ੍ਹਾਂ ਵਲੋਂ ਵੀ. ਕੇ. ਜੰਜੂਆ ਦੇ ਰਿਟਾਇਰ ਹੋਣ ’ਤੇ 1 ਜੁਲਾਈ ਤੋਂ ਚਾਰਜ ਗ੍ਰਹਿਣ ਕੀਤਾ ਜਾਵੇਗਾ ਪਰ ਉਨ੍ਹਾਂ ਵਿਭਾਗਾਂ ਲਈ ਅਜੇ ਤੱਕ ਕਿਸੇ ਨਵੇਂ ਪ੍ਰਿੰਸੀਪਲ ਸਕੱਤਰ ਦੀ ਨਿਯੁਕਤੀ ਨਹੀਂ ਕੀਤੀ ਗਈ, ਜਿਨ੍ਹਾਂ ਦਾ ਚਾਰਜ ਅਨੁਰਾਗ ਵਰਮਾ ਵਲੋਂ ਬਤੌਰ ਵਧੀਕ ਮੁੱਖ ਸਕੱਤਰ ਦੇਖਿਆ ਜਾ ਰਿਹਾ ਸੀ। ਇਨ੍ਹਾਂ ’ਚ ਗ੍ਰਹਿ ਵਿਭਾਗ ਸਭ ਤੋਂ ਅਹਿਮ ਹੈ। ਇਸ ਤੋਂ ਇਲਾਵਾ ਅਨੁਰਾਗ ਵਰਮਾ ਕੋਲ ਇੰਡਸਟਰੀ, ਲੀਗਲ, ਇਨਫਰਮੇਸ਼ਨ ਟੈਕਨਾਲੋਜੀ ਅਤੇ ਇਨਵੈਸਟਮੈਂਟ ਪ੍ਰਮੋਸ਼ਨ ਦਾ ਚਾਰਜ ਵੀ ਹੈ, ਜਦੋਂਕਿ ਮੁੱਖ ਸਕੱਤਰ ਲਗਾਉਣ ਦੌਰਾਨ ਅਨੁਰਾਗ ਵਰਮਾ ਨੂੰ ਵਿਜੀਲੈਂਸ ਅਤੇ ਪਰਸੋਨਲ ਡਿਪਾਰਟਮੈਂਟ ਦਾ ਚਾਰਜ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਆਸਟ੍ਰੇਲੀਆ ਗਈ ਪਤਨੀ ਨੇ ਦਿਖਾ ਦਿੱਤਾ ਅਸਲੀ ਰੰਗ, Block List 'ਚ ਪਾਇਆ ਪਤੀ ਦਾ ਨੰਬਰ ਤੇ...
ਜਿੱਥੋਂ ਤੱਕ ਅਨੁਰਾਗ ਵਰਮਾ ਕੋਲ ਪਹਿਲਾਂ ਤੋਂ ਮੌਜੂਦ ਵਿਭਾਗਾਂ ਦੇ ਚਾਰਜ ਦਾ ਸਵਾਲ ਹੈ, ਉਸ ਨੂੰ ਲੈ ਕੇ ਬਾਅਦ ’ਚ ਆਰਡਰ ਜਾਰੀ ਕਰਨ ਦਾ ਜ਼ਿਕਰ ਮੁੱਖ ਸਕੱਤਰ ਦੇ ਨਿਯੁਕਤੀ ਸਬੰਧੀ ਜਾਰੀ ਸਰਕੂਲਰ ’ਚ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਅਨੁਰਾਗ ਵਰਮਾ ਦੀ ਮੁੱਖ ਸਕੱਤਰ ਵਜੋਂ ਨਿਯੁਕਤੀ ਤੋਂ ਬਾਅਦ ਖ਼ਾਲੀ ਹੋਣ ਵਾਲੇ ਵਿਭਾਗਾਂ ਦਾ ਚਾਰਜ ਦੇਣ ਲਈ ਨਵੇਂ ਅਧਿਕਾਰੀਆਂ ਦੀ ਭਾਲ ਕੀਤੀ ਜਾ ਰਹੀ ਹੈ, ਜਿਸ ਨੂੰ ਲੈ ਕੇ ਹੋਣ ਵਾਲੇ ਫ਼ੈਸਲੇ ਨੂੰ ਲੈ ਕੇ ਸਭ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਹਨ।
ਇਹ ਵੀ ਪੜ੍ਹੋ : ਪੰਜਾਬ ਪੁਲਸ ਦੇ ਬਰਖ਼ਾਸਤ ਅਧਿਕਾਰੀ ਰਾਜਜੀਤ ਸਿੰਘ ਨੂੰ ਸੁਪਰੀਮ ਕੋਰਟ ਦਾ ਝਟਕਾ, ਰਾਹਤ ਦੇਣ ਤੋਂ ਕੀਤਾ ਇਨਕਾਰ
7 ਅਧਿਕਾਰੀਆਂ ਨੂੰ ਬਣਾਇਆ ਗਿਆ ਹੈ ਸਪੈਸ਼ਲ ਮੁੱਖ ਸਕੱਤਰ
ਅਨੁਰਾਗ ਵਰਮਾ ਦੀ ਮੁੱਖ ਸਕੱਤਰ ਵਜੋਂ ਨਿਯੁਕਤੀ ਲਈ 7 ਅਧਿਕਾਰੀਆਂ ਨੂੰ ਸਪੈਸ਼ਲ ਮੁੱਖ ਸਕੱਤਰ ਬਣਾਇਆ ਗਿਆ ਹੈ, ਜੋ ਬੈਚ ਵਿਚ ਅਨੁਰਾਗ ਵਰਮਾ ਤੋਂ ਸੀਨੀਅਰ ਹਨ ਅਤੇ ਉਨ੍ਹਾਂ ’ਚੋਂ ਕੁਝ ਤਾਂ ਮੁੱਖ ਸਕੱਤਰ ਬਣਨ ਦੀ ਦੌੜ ’ਚ ਵੀ ਸ਼ਾਮਲ ਸਨ। ਇਨ੍ਹਾਂ ’ਚ ਅਨਿਰੁੱਧ ਤਿਵਾੜੀ, ਏ. ਵੇਣੂ ਪ੍ਰਸਾਦ, ਅਨੁਰਾਗ ਅਗਰਵਾਲ, ਸੀਮਾ ਜੈਨ, ਸਰਬਜੀਤ ਸਿੰਘ, ਰਾਜੀ ਪੀ. ਸ਼੍ਰੀਵਾਸਤਵ, ਕੇ. ਏ. ਪੀ. ਸਿਨਹਾ ਦਾ ਨਾਂ ਸ਼ਾਮਲ ਹੈ, ਜੋ ਪਹਿਲਾਂ ਵਧੀਕ ਮੁੱਖ ਸਕੱਤਰ ਵਜੋਂ ਕੰਮ ਕਰ ਰਹੇ ਹਨ। ਹਾਲਾਂਕਿ ਅਨਿਰੁੱਧ ਤਿਵਾੜੀ ਪਹਿਲਾਂ ਮੁੱਖ ਸਕੱਤਰ ਰਹਿ ਚੁੱਕੇ ਹਨ ਅਤੇ ਏ. ਵੇਣੂੰ ਪ੍ਰਸਾਦ ਨੂੰ ਮੁੱਖ ਮੰਤਰੀ ਵਲੋਂ ਆਪਣੇ ਨਾਲ ਪ੍ਰਿੰਸੀਪਲ ਸਕੱਤਰ ਲਗਾਇਆ ਗਿਆ ਹੈ।
ਪ੍ਰਸ਼ਾਸਨਿਕ ਫੇਰਬਦਲ ਦੀ ਵੀ ਚਰਚਾ
ਅਨੁਰਾਗ ਵਰਮਾ ਨੂੰ ਮੁੱਖ ਸਕੱਤਰ ਲਗਾਉਣ ਤੋਂ ਬਾਅਦ ਪੰਜਾਬ ’ਚ ਪ੍ਰਸ਼ਾਸਨਿਕ ਫੇਰਬਦਲ ਦੀ ਵੀ ਚਰਚਾ ਸ਼ੁਰੂ ਹੋ ਗਈ ਹੈ ਕਿਉਂਕਿ ਇਕ ਤਾਂ ਅਨੁਰਾਗ ਵਰਮਾ ਵਲੋਂ ਪਹਿਲਾਂ ਦੇਖੇ ਜਾ ਰਹੇ 5 ਵਿਭਾਗਾਂ ਦਾ ਚਾਰਜ ਦੂਜੇ ਅਧਿਕਾਰੀਆਂ ਨੂੰ ਦਿੱਤਾ ਜਾਣਾ ਹੈ। ਇਸ ’ਚ ਜੇਕਰ ਕਿਸੇ ਅਧਿਕਾਰੀ ਨੂੰ ਵਾਧੂ ਚਾਰਜ ਦਿੱਤਾ ਗਿਆ ਤਾਂ ਠੀਕ ਹੈ, ਨਹੀਂ ਤਾਂ ਇਕ-ਦੂਜੇ ਅਧਿਕਾਰੀਆਂ ਦੇ ਵਿਭਾਗ ਬਦਲਣ ’ਤੇ ਆਉਣ ਵਾਲੇ ਦਿਨਾਂ ਦੌਰਾਨ ਪੰਜਾਬ ’ਚ ਵੱਡਾ ਪ੍ਰਸ਼ਾਸਨਿਕ ਫੇਰਬਦਲ ਦੇਖਣ ਨੂੰ ਮਿਲ ਸਕਦਾ ਹੈ ਕਿਉਂਕਿ ਅਨੁਰਾਗ ਵਰਮਾ ਵਲੋਂ ਵੀ ਆਪਣੀ ਟੀਮ ਦੇ ਕੁਝ ਅਧਿਕਾਰੀਆਂ ਨੂੰ ਅਹਿਮ ਜ਼ਿੰਮੇਵਾਰੀਆਂ ਦੇਣ ਦਾ ਯਤਨ ਕੀਤਾ ਜਾਵੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ