ਦਿੱਲੀ ਤੋਂ ਸ਼ੁਰੂ ਹੋਈ ਨਵੀਂ ਰਾਜਨੀਤੀ, 2022 ’ਚ ਬਦਲੇਗੀ ਪੰਜਾਬ ਦੀ ਦਿਸ਼ਾ : ਜਰਨੈਲ ਸਿੰਘ

03/05/2020 11:36:13 PM

ਅੰਮ੍ਰਿਤਸਰ,(ਮਮਤਾ)- ਦਿੱਲੀ ਤੋਂ ਦੇਸ਼ ’ਚ ਇਕ ਨਵੀਂ ਕਿਸਮ ਦੀ ਰਾਜਨੀਤੀ ਦੀ ਸ਼ੁਰੂਆਤ ਹੋਈ ਹੈ, ਜੋ 2022 ਵਿਚ ਪੰਜਾਬ ਦੀ ਦਿਸ਼ਾ ਬਦਲੇਗੀ। ਇਹ ਦਾਅਵਾ ਅੱਜ ਆਮ ਆਦਮੀ ਪਾਰਟੀ (ਆਪ) ਪੰਜਾਬ ਮਾਮਲਿਆਂ ਦੇ ਨਵ-ਨਿਯੁਕਤ ਇੰਚਾਰਜ ਅਤੇ ਦਿੱਲੀ ਦੇ ਸੀਨੀਅਰ ਵਿਧਾਇਕ ਜਰਨੈਲ ਸਿੰਘ ਨੇ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ। ਉਹ ਅੱਜ ਪੰਜਾਬ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਤੇ ਪਾਰਟੀ ਦੇ ਸੀਨੀਅਰ ਨੇਤਾਵਾਂ ਨਾਲ ਅੰਮ੍ਰਿਤਸਰ ਪੁੱਜੇ। ਉਹ ਸ੍ਰੀ ਹਰਿਮੰਦਰ ਸਾਹਿਬ ਅਤੇ ਭਗਵਾਨ ਵਾਲਮੀਕਿ ਤੀਰਥ ਵਿਖੇ ਨਤਮਸਤਕ ਹੋਣ ਪੁੱਜੇ ਅਤੇ ਪੰਜਾਬ ਅਤੇ ਪਾਰਟੀ ਦੀ ਸਫਲਤਾ ਲਈ ਅਰਦਾਸਾਂ ਕੀਤੀਆਂ। ਉਨ੍ਹਾਂ ਨਾਲ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਤੇ ਕੋਰ ਕਮੇਟੀ ਦੇ ਚੇਅਰਮੈਨ ਅਤੇ ਵਿਧਾਇਕ ਪ੍ਰਿੰ. ਬੁੱਧ ਰਾਮ ਮੌਜੂਦ ਸਨ। ਭਗਵੰਤ ਮਾਨ ਨੇ ਦਿੱਲੀ ਦੀ ਹਿੰਸਾ ਨੂੰ ਇਨਸਾਨੀਅਤ ਦਾ ਕਤਲ ਕਰਾਰ ਦਿੰਦਿਆਂ ਕਿਹਾ ਕਿ ਭਾਜਪਾ ਅਤੇ ਆਰ. ਐੱਸ. ਐੱਸ. ਦੇ ਆਗੂਆਂ ਨੇ ਦਿੱਲੀ ਚੋਣਾਂ ਦੌਰਾਨ ਨਫ਼ਰਤ ਭਰੇ ਭਾਸ਼ਣ ਦੇ ਕੇ ਪਹਿਲਾਂ ਇਸ ਹਿੰਸਾ ਨੂੰ ਸੁਲਗਾਇਆ, ਫਿਰ ਦਿੱਲੀ ਚੋਣਾਂ ਦੀ ਹਾਰ ਤੋਂ ਬੌਖਲਾ ਕੇ ਦੰਗਿਆਂ ਦੀ ਅੱਗ ਭਡ਼ਕਾਈ। ਅਕਾਲੀ ਦਲ (ਬਾਦਲ) ਅਤੇ ਭਾਜਪਾ ਦਰਮਿਆਨ ਸੀਟਾਂ ਨੂੰ ਲੈ ਕੇ ਚੱਲ ਰਹੀ ਖਿੱਚੋਤਾਣ ਸਬੰਧੀ ਸਵਾਲ ’ਤੇ ਭਗਵੰਤ ਮਾਨ ਨੇ ਕਿਹਾ ਕਿ ਅਕਾਲੀ ਦਲ ਨੂੰ ਹੁਣ ਗੰਭੀਰਤਾ ਨਾਲ ਲੈਣ ਦੀ ਲੋਡ਼ ਨਹੀਂ, ਇਹ ਪਾਰਟੀ ਅਸੂਲਾਂ ਅਤੇ ਸਿਧਾਂਤਾਂ ਦੇ ਆਧਾਰ ’ਤੇ 1920 ’ਚ ਬਣੀ ਸੀ, ਅੱਜ ਉਨ੍ਹਾਂ ਸਿਧਾਂਤਾਂ ਤੋਂ ਭਟਕ ਕੇ ਇਕ ਪਰਿਵਾਰ ਦੀ ਪਾਰਟੀ ਵਜੋਂ 2019 ’ਚ ਖ਼ਤਮ ਹੋ ਚੁੱਕੀ ਹੈ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਾਕਿਸਤਾਨੀ ਮਹਿਲਾ ਮਿੱਤਰ ਅਰੂਸਾ ਆਲਮ ਬਾਰੇ ਸਵਾਲ ਦੇ ਜਵਾਬ ’ਚ ਭਗਵੰਤ ਮਾਨ ਨੇ ਕਿਹਾ ਕਿ ਬੇਸ਼ੱਕ ਇਹ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਦਾ ਮਾਮਲਾ ਹੈ ਪਰ ਉਹ ਮੁੱਖ ਮੰਤਰੀ ਦੇ ਸਰਕਾਰੀ ਨਿਵਾਸ ’ਤੇ ਕਿਸ ਵੀਜ਼ੇ ਤਹਿਤ ਰਹਿ ਰਹੇ ਹਨ, ਇਸ ਬਾਰੇ ਉਹ ਸੰਸਦ ’ਚ ਪੁੱਛਣਗੇ ਕਿਉਂਕਿ ਇਹ ਦੇਸ਼ ਦੀ ਸੁਰੱਖਿਆ ਨਾਲ ਜੁਡ਼ਿਆ ਮੁੱਦਾ ਹੈ। ਇਸ ਮੌਕੇ ਜਰਨੈਲ ਸਿੰਘ ਨੇ ਕਿਹਾ ਕਿ ਦਿੱਲੀ ਤੋਂ ਦੇਸ਼ ’ਚ ਇਕ ਨਵੀਂ ਕਿਸਮ ਦੀ ਰਾਜਨੀਤੀ ਦੀ ਸ਼ੁਰੂਆਤ ਹੋਈ ਹੈ, ਜੋ ਕੰਮ ਦੀ ਰਾਜਨੀਤੀ ’ਤੇ ਆਧਾਰਿਤ ਹੈ। ਦਿੱਲੀ ਚੋਣਾਂ ਦੌਰਾਨ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ‘ਆਪ’ ਨੇ ਆਪਣੇ 5 ਸਾਲਾਂ ਦੇ ਕੰਮ ਦਿਖਾ ਕੇ ਵੋਟਾਂ ਮੰਗੀਆਂ ਸਨ। ਪਹਿਲੀ ਵਾਰ ਕਿਸੇ ਪਾਰਟੀ ਨੇ ਅਜਿਹੀ ਹਿੰਮਤ ਕੀਤੀ ਅਤੇ ਦਿੱਲੀ ਦੇ ਲੋਕਾਂ ਨੇ ਕੰਮ ਦੀ ਸਿਆਸਤ ’ਤੇ ਮੋਹਰ ਲਾ ਕੇ ਪੂਰੇ ਦੇਸ਼ ਦੀ ਸਿਆਸਤ ਨੂੰ ਨਵੀਂ ਦਿਸ਼ਾ ਦਿੱਤੀ ਹੈ, ਜੋ 2022 ’ਚ ਪੰਜਾਬ ਦੀ ਦਸ਼ਾ ਵੀ ਬਦਲੇਗੀ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਅੱਜ ਬਿਕਰਮ ਮਜੀਠੀਆ ਅਤੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਇਕ-ਦੂਜੇ ’ਤੇ ਗੈਂਗਸਟਰਾਂ ਨੂੰ ਪਾਲਣ ਦੇ ਦੋਸ਼ ਲਾ ਰਹੇ ਹਨ, ਜਦਕਿ ਅਸਲੀਅਤ ਇਹ ਹੈ ਕਿ ਦੋਵੇਂ ਇਕੋ ਜਿਹੇ ਹਨ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਅਤੇ ਕਾਂਗਰਸ ਰਲ-ਮਿਲ ਕੇ ਸੂਬੇ ਦੇ ਬਹੁਭਾਂਤੀ ਮਾਫ਼ੀਆ ਨੂੰ ਚਲਾ ਰਹੇ ਹਨ। ਇਹ ਗੱਲ ਵਾਰ-ਵਾਰ ਸਾਬਤ ਹੋ ਰਹੀ ਹੈ।

ਇਸ ਮੌਕੇ ਪ੍ਰਿੰ. ਬੁੱਧ ਰਾਮ ਨੇ ਦੱਸਿਆ ਕਿ ਕੋਰ ਕਮੇਟੀ ਦੀ ਬੈਠਕ ’ਚ ਦਿੱਲੀ ਹਿੰਸਾ ਵਿਰੁੱਧ ਨਿੰਦਾ ਮਤਾ ਅਤੇ ਜਰਨੈਲ ਸਿੰਘ ਦੀ ਨਿਯੁਕਤੀ ਲਈ ਪਾਰਟੀ ਹਾਈਕਮਾਨ ਲਈ ਧੰਨਵਾਦ ਮਤਾ ਪਾਸ ਕੀਤਾ ਗਿਆ, ਇਸ ਤੋਂ ਇਲਾਵਾ ਮਹਿੰਗੀ ਬਿਜਲੀ ਵਿਰੁੱਧ ਪਾਰਟੀ ਵੱਲੋਂ 16 ਮਾਰਚ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੋਤੀ ਮਹਿਲ ਦਾ ਬਿਜਲੀ ਕੁਨੈਕਸ਼ਨ ਕੱਟਣ ਅਤੇ ਰੋਸ ਪ੍ਰਦਰਸ਼ਨ ਦੀਆਂ ਤਿਆਰੀਆਂ ’ਤੇ ਵਿਚਾਰ-ਚਰਚਾ ਹੋਈ। ਬੈਠਕ ’ਚ ਕੁਲਤਾਰ ਸਿੰਘ ਸੰਧਵਾਂ, ਅਮਨ ਅਰੋਡ਼ਾ, ਪ੍ਰੋ. ਬਲਜਿੰਦਰ ਕੌਰ, ਬੀਬੀ ਸਰਬਜੀਤ ਕੌਰ ਮਾਣੂੰਕੇ, ਰੁਪਿੰਦਰ ਕੌਰ ਰੂਬੀ, ਮੀਤ ਹੇਅਰ, ਜੈ ਕ੍ਰਿਸ਼ਨ ਸਿੰਘ ਰੋਡ਼ੀ, ਕੁਲਵੰਤ ਸਿੰਘ ਪੰਡੋਰੀ, ਮਾ. ਬਲਦੇਵ ਸਿੰਘ, ਮਨਜੀਤ ਸਿੰਘ ਬਿਲਾਸਪੁਰ (ਸਾਰੇ ਵਿਧਾਇਕ), ਪ੍ਰੋ. ਸਾਧੂ ਸਿੰਘ, ਸੁਖਵਿੰਦਰ ਸੁੱਖੀ, ਗੈਰੀ ਬਡ਼ਿੰਗ, ਹਰਚੰਦ ਸਿੰਘ ਬਰਸਟ, ਕੁਲਦੀਪ ਸਿੰਘ ਧਾਲੀਵਾਲ, ਗੁਰਦਿੱਤ ਸਿੰਘ ਸੇਖੋਂ, ਦਲਬੀਰ ਸਿੰਘ ਢਿੱਲੋਂ, ਡਾ. ਬਲਬੀਰ ਸਿੰਘ, ਜਮੀਲ ਉਰ ਰਹਿਮਾਨ, ਬਲਜਿੰਦਰ ਸਿੰਘ ਚੌਂਦਾ ਅਤੇ ਮਨਜੀਤ ਸਿੰਘ ਸਿੱਧੂ ਹਾਜ਼ਰ ਸਨ।


Bharat Thapa

Content Editor

Related News