ਸੋਨੀਆ ਗਾਂਧੀ ਦੇ ਹਲਕੇ ਰਾਏਬਰੇਲੀ ''ਚ ਪਹੁੰਚੇ ਨਵਜੋਤ ਸਿੱਧੂ
Sunday, Apr 28, 2019 - 06:56 PM (IST)
ਨਵੀਂ ਦਿੱਲੀ/ਜਲੰਧਰ (ਰਮਨਦੀਪ ਸਿੰਘ ਸੋਢੀ) : ਲੋਕ ਸਭਾ ਚੋਣਾਂ 'ਚ ਕਾਂਗਰਸ ਲਈ ਪ੍ਰਚਾਰ ਕਰ ਰਹੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਸੋਨੀਆ ਗਾਂਧੀ ਦੇ ਹਲਕੇ ਰਾਏਬਰੇਲੀ 'ਚ ਪਹੁੰਚ ਚੁੱਕੇ ਹਨ। ਮਿਲੀ ਜਾਣਕਾਰੀ ਮੁਤਾਬਕ ਨਵਜੋਤ ਸਿੱਧੂ ਰਾਏਬਰੇਲੀ 'ਚ ਸਥਿਤ ਸੋਨੀਆ ਗਾਂਧੀ ਦੇ ਨਿੱਜੀ ਘਰ ਵਿਚ ਠਹਿਰੇ ਹੋਏ ਹਨ ਅਤੇ ਸ਼ਾਮ ਨੂੰ ਰਿਫਾਰਮ ਕਲੱਬ ਵਿਚ ਇਕ ਸਭਾ ਨੂੰ ਸੰਬੋਧਨ ਕਰਨਗੇ ਅਤੇ ਸ਼ਾਮ ਨੂੰ ਉਥੋਂ ਵਾਪਸੀ ਕਰਨਗੇ। ਜਿਸ ਤੋਂ ਬਾਅਦ ਸਿੱਧੂ ਸੋਮਵਾਰ ਨੂੰ ਮੱਧ ਪ੍ਰਦੇਸ਼ 'ਚ ਪ੍ਰਚਾਰ ਲਈ ਰਵਾਨਾ ਹੋਣਗੇ। ਸਿੱਧੂ ਪਹਿਲੀ ਵਾਰ ਰਾਏਬਰੇਲੀ ਵਿਚ ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਦੇ ਹਲਕੇ 'ਚ ਪ੍ਰਚਾਰ ਕਰਨ ਲਈ ਪਹੁੰਚੇ ਹਨ।
ਦੱਸਣਯੋਗ ਹੈ ਕਿ ਕਾਂਗਰਸ ਹਾਈ ਕਮਾਨ ਨੇ ਨਵਜੋਤ ਸਿੱਧੂ ਦੀ ਸਟਾਰ ਪ੍ਰਚਾਰਕ ਵਜੋਂ ਦੇਸ਼ ਭਰ ਵਿਚ ਪ੍ਰਚਾਰ ਕਰਨ ਦੀ ਡਿਊਟੀ ਲਗਾਈ ਗਈ ਹੈ ਅਤੇ ਸਿੱਧੂ ਹੁਣ ਤਕ ਦੇਸ਼ ਭਰ ਵਿਚ 40 ਦੇ ਕਰੀਬ ਰੈਲੀਆਂ ਕਰ ਚੁੱਕੇ ਹਨ। ਇਥੇ ਇਹ ਵੀ ਦੱਸਣਯੋਗ ਹੈ ਕਿ ਚੋਣ ਕਮਿਸ਼ਨ ਨੇ ਸਿੱਧੂ ਵਲੋਂ ਚੋਣ ਜ਼ਾਬਤੇ ਦੀ ਉਲੰਘਣ ਕਰਨ ਦੇ ਚੱਲਦੇ 72 ਘੰਟਿਆਂ ਲਈ ਚੋਣ ਪ੍ਰਚਾਰ 'ਤੇ ਰੋਕ ਲਗਾ ਦਿੱਤੀ ਸੀ ਅਤੇ ਬੀਤੇ ਦਿਨੀਂ ਇਹ ਮਿਆਦ ਪੂਰੀ ਹੋਣ ਤੋਂ ਬਾਅਦ ਸਿੱਧੂ ਮੁੜ ਮੈਦਾਨ ਵਿਚ ਡੱਟ ਗਏ ਹਨ।