ਨਵਜੋਤ ਸਿੱਧੂ ਪੰਜਾਬ ਅਤੇ ਕੌਮੀ ਪੱਧਰ ’ਤੇ ਕਾਂਗਰਸ ਲਈ ਬੇਹੱਦ ਉਪਯੋਗੀ : ਹਰੀਸ਼ ਰਾਵਤ

Monday, Sep 28, 2020 - 10:13 PM (IST)

ਨਵਜੋਤ ਸਿੱਧੂ ਪੰਜਾਬ ਅਤੇ ਕੌਮੀ ਪੱਧਰ ’ਤੇ ਕਾਂਗਰਸ ਲਈ ਬੇਹੱਦ ਉਪਯੋਗੀ : ਹਰੀਸ਼ ਰਾਵਤ

ਪਟਿਆਲਾ, (ਰਾਜੇਸ਼ ਪੰਜੌਲਾ)- ਆਲ ਇੰਡੀਆ ਕਾਂਗਰਸ ਕਮੇਟੀ ਵਲੋਂ ਮਿਸ਼ਨ 2022 ਫਤਿਹ ਕਰਨ ਲਈ ਪੰਜਾਬ ਕਾਂਗਰਸ ਦੇ ਇੰਚਾਰਜ ਲਾਏ ਗਏ ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਨੇ ਕਿਹਾ ਕਿ ਸਾਬਕਾ ਕ੍ਰਿਕਟਰ ਤੇ ਪੰਜਾਬ ਦੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਕਾਂਗਰਸ ਪਾਰਟੀ ਲਈ ਪੰਜਾਬ ਤੇ ਕੌਮੀ ਪੱਧਰ ’ਤੇ ਬੇਹੱਦ ਉਪਯੋਗੀ ਹਨ। ਪਾਰਟੀ ਜਿਥੇ ਉਨ੍ਹਾਂ ਦਾ ਇਸਤੇਮਾਲ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਜਿੱਤਣ ਲਈ ਕਰੇਗੀ, ਉਥੇ ਹੀ 2024 ’ਚ ਕੌਮੀ ਪੱਧਰ ’ਤੇ ਨਵਜੋਤ ਸਿੰਘ ਸਿੱਧੂ ਦੀਆਂ ਸੇਵਾਵਾਂ ਅਹਿਮ ਹਨ।

‘ਜਗ ਬਾਣੀ’ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਹਰੀਸ਼ ਰਾਵਤ ਨੇ ਕਿਹਾ ਕਿ ਪੰਜਾਬ ਦੇ ਰਾਜਨੀਤਕ ਹਾਲਾਤ ਕਾਂਗਰਸ ਪਾਰਟੀ ਦੇ ਅਨੁਕੂਲ ਹਨ। ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਵਰਗੀ ਲੀਡਰਸ਼ਿਪ ਕਿਸੇ ਹੋਰ ਪਾਰਟੀ ਕੋਲ ਨਹੀਂ। ਉਨ੍ਹਾਂ ਕਿਹਾ ਕਿ ਸਿੱਧੂ ਨੂੰ ਪੰਜਾਬ ਦੇ ਲੋਕ ਅਤੇ ਖਾਸ ਕਰ ਕੇ ਨੌਜਵਾਨ ਵਰਗ ਬੇਹੱਦ ਪਿਆਰ ਕਰਦਾ ਹੈ। ਪਾਰਟੀ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਸਿੱਧੂ ਨੂੰ ਅਹਿਮ ਜ਼ਿੰਮੇਵਾਰੀ ਦੇਣਾ ਚਾਹੁੰਦੇ ਹਨ। ਸਿੱਧੂ ਕਾਂਗਰਸ ਲਈ ਬੇਹੱਦ ਉਪਯੋਗੀ ਹਨ ਅਤੇ ਪੁਰਾਣੇ ਕਾਂਗਰਸੀ ਹਨ।

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪੁਨਰਗਠਨ ਬਾਰੇ ਪੁੱਛੇ ਇਕ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਜਲਦੀ ਹੀ ਉਹ ਪੰਜਾਬ ਦੇ ਵੱਖ-ਵੱਖ ਨੇਤਾਵਾਂ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਆਪਣੀ ਰਿਪੋਰਟ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਦੇਣਗੇ। ਇਸ ਤੋਂ ਬਾਅਦ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪੁਨਰਗਠਨ ਕਰ ਦਿੱਤਾ ਜਾਵੇਗਾ। ਰਾਵਤ ਨੇ ਕਿਹਾ ਕਿ ਮੋਦੀ ਸਰਕਾਰ ਨੇ ਜੋ ਕਿਸਾਨ ਵਿਰੋਧੀ ਬਿੱਲ ਪਾਸ ਕੀਤੇ ਹਨ, ਉਸ ਤੋਂ ਬਾਅਦ ਕੇਂਦਰ ਸਰਕਾਰ ਦਾ ਪਤਨ ਸ਼ੁਰੂ ਹੋ ਗਿਆ ਹੈ।


author

Bharat Thapa

Content Editor

Related News