ਨਵਜੋਤ ਸਿੱਧੂ ਨੇ ਸਾਬਕਾ ਵਿਧਾਇਕ ਢਿੱਲੋਂ ਦੇ ਘਰ ਪਹੁੰਚ ਸਿਆਸਤ ’ਚ ਮਚਾਈ ਹਲਚਲ

04/07/2022 8:27:05 PM

ਮਾਛੀਵਾੜਾ ਸਾਹਿਬ (ਟੱਕਰ) : ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜ ਹਲਕਾ ਸਮਰਾਲਾ ਦੇ ਸਾਬਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ ਦੇ ਗ੍ਰਹਿ ਵਿਖੇ ਪਹੁੰਚੇ, ਜਿੱਥੇ ਉਨ੍ਹਾਂ ਦਾ ਹਾਲ -ਚਾਲ ਪੁੱਛਿਆ, ਉੱਥੇ ਸਿਆਸਤ ਵਿਚ ਨਵੀਂ ਹਲਚਲ ਮਚਾ ਦਿੱਤੀ ਹੈ ਕਿਉਂਕਿ ਵਿਧਾਨ ਸਭਾ ਚੋਣਾਂ ਦੌਰਾਨ ਟਿਕਟ ਨਾ ਮਿਲਣ ਕਾਰਨ ਬਾਗੀ ਹੋ ਕੇ ਲੜੇ ਸਾਬਕਾ ਵਿਧਾਇਕ ਢਿੱਲੋਂ ਨੂੰ ਪਾਰਟੀ ’ਚੋਂ ਬਾਹਰ ਕੱਢਿਆ ਹੋਇਆ ਹੈ। ਅਮਰੀਕ ਸਿੰਘ ਢਿੱਲੋਂ ਨੂੰ ਫਰਵਰੀ ਮਹੀਨੇ ’ਚ ਬ੍ਰੇਨ ਸਟਰੋਕ ਦਾ ਅਟੈਕ ਆਇਆ ਸੀ, ਜਿਸ ਕਾਰਨ ਉਹ ਕਈ ਦਿਨ ਹਸਪਤਾਲ ’ਚ ਦਾਖਲ ਰਹੇ ਤੇ ਹੁਣ ਆਪਣੇ ਗ੍ਰਹਿ ਵਿਖੇ ਅਰਾਮ ਕਰ ਰਹੇ ਹਨ।

ਇਹ ਵੀ ਪੜ੍ਹੋ : ਰਾਜ ਸਭਾ ਮੈਂਬਰਾਂ ਅਤੇ ਚਿੱਪ ਵਾਲੇ ਮੀਟਰਾਂ ਦੇ ਮਾਮਲੇ 'ਤੇ ਸੁਣੋ ਵਿਧਾਇਕ ਕਾਕਾ ਬਰਾੜ ਦਾ ਜਵਾਬ (ਵੀਡੀਓ)

ਨਵਜੋਤ ਸਿੱਧੂ ਵੱਲੋਂ ਸੂਬੇ ’ਚ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਲਈ ਸਾਰੇ ਹੀ ਕਾਂਗਰਸੀ ਆਗੂਆਂ ਤੇ ਸਾਬਕਾ ਵਿਧਾਇਕਾਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਪਰ ਅੱਜ ਪਾਰਟੀ ’ਚੋਂ ਬਾਹਰ ਕੱਢੇ ਢਿੱਲੋਂ ਦਾ ਹਾਲ-ਚਾਲ ਪੁੱਛਣ ਜਾਣਾ ਤੇ ਉਨ੍ਹਾਂ ਨਾਲ ਮੀਟਿੰਗ ਕਰਨਾ ਇਸ ਗੱਲ ਦਾ ਸੰਕੇਤ ਹੈ ਕਿ ਆਉਣ ਵਾਲੇ ਦਿਨਾਂ ’ਚ ਹਲਕਾ ਸਮਰਾਲਾ ਦੀ ਸਿਆਸਤ ’ਚ ਵੱਡੀ ਹਲਚਲ ਹੋਵੇਗੀ। ਇਹ ਵੀ ਜਾਣਕਾਰੀ ਮਿਲੀ ਹੈ ਕਿ ਸਿੱਧੂ 15 ਅਪ੍ਰੈਲ ਨੂੰ ਸਾਬਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ ਦੇ ਸਮਰਾਲਾ ਗ੍ਰਹਿ ਵਿਖੇ ਪੁੱਜਣਗੇ, ਜਿੱਥੇ ਉਨ੍ਹਾਂ ਦੀ ਪਾਰਟੀ ’ਚ ਮੁੜ ਵਾਪਸੀ ਦੇ ਅੰਦਾਜ਼ੇ ਲਗਾਏ ਜਾ ਰਹੇ ਹਨ ਤੇ ਢਿੱਲੋਂ ਪਰਿਵਾਰ ਮੁੜ ਕਾਂਗਰਸ ਵੱਲੋਂ ਹਲਕਾ ਸਮਰਾਲਾ ’ਚ ਆਪਣੀਆਂ ਸਰਗਰਮੀਆਂ ਤੇਜ਼ ਕਰੇਗਾ।

ਇਹ ਵੀ ਪੜ੍ਹੋ : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ’ਚ ਪਿੰਡ ਗੁਲਾਹੜ ਦੀ ਪੰਚਾਇਤ ਨੇ ਲਿਆ ਵੱਡਾ ਅਹਿਦ

ਦੂਜੇ ਪਾਸੇ ਅਮਰੀਕ ਸਿੰਘ ਢਿੱਲੋਂ ਪਾਰਟੀ ’ਚੋਂ ਕੱਢੇ ਜਾਣ ਦੇ ਬਾਵਜੂਦ ਇਹ ਬਿਆਨ ਦਿੰਦੇ ਰਹੇ ਹਨ ਕਿ ਉਹ ਹਮੇਸ਼ਾ ਪਾਰਟੀ ਦੇ ਵਫ਼ਾਦਾਰ ਰਹੇ ਹਨ ਅਤੇ 5 ਵਾਰ ਕਾਂਗਰਸ ਨੇ ਉਨ੍ਹਾਂ ਨੂੰ ਟਿਕਟ ਦਿੱਤੀ, ਜਿਨ੍ਹਾਂ ’ਚੋਂ 4 ਵਾਰ ਉਨ੍ਹਾਂ ਹਲਕਾ ਸਮਰਾਲਾ ਵਾਸੀਆਂ ਦੇ ਸਹਿਯੋਗ ਨਾਲ ਜਿੱਤ ਪ੍ਰਾਪਤ ਕੀਤੀ। ਅੱਜ ਨਵਜੋਤ ਸਿੰਘ ਸਿੱਧੂ ਨਾਲ ਹੋਈ ਮੀਟਿੰਗ ’ਚ ਢਿੱਲੋਂ ਨੇ ਇਹ ਵੀ ਮੁੱਦਾ ਉਠਾਇਆ ਕਿ ਕਾਂਗਰਸ ਹਾਈਕਮਾਂਡ ਨੇ ਉਨ੍ਹਾਂ ਦੀ ਟਿਕਟ ਕੱਟ ਕੇ ਧੱਕਾ ਕੀਤਾ ਪਰ ਉਨ੍ਹਾਂ ਫਿਰ ਵੀ ਕਿਸੇ ਹੋਰ ਸਿਆਸੀ ਪਾਰਟੀ ’ਚ ਸ਼ਮੂਲੀਅਤ ਨਹੀਂ ਕੀਤੀ ਕਿਉਂਕਿ ਉਨ੍ਹਾਂ ਦੇ ਪਰਿਵਾਰ ਨੇ ਹਮੇਸ਼ਾ ਕਾਂਗਰਸ ਪਾਰਟੀ ਦਾ ਸਿਪਾਹੀ ਬਣ ਕੇ ਲੋਕ ਸੇਵਾ ਕੀਤੀ।

ਇਹ ਵੀ ਪੜ੍ਹੋ : ਗਰੀਬ ਕਿਸਾਨਾਂ ਦੇ ਭਲੇ ਲਈ ਅਮੀਰ ਕਿਸਾਨਾਂ ’ਤੇ ਲੱਗੇ ਇਨਕਮ ਟੈਕਸ

ਸਿੱਧੂ ਤੇ ਢਿੱਲੋਂ ਦੀ ਅੱਜ ਹੋਈ ਮਿਲਣੀ ਅਤੇ 15 ਅਪ੍ਰੈਲ ਨੂੰ ਦੁਬਾਰਾ ਹੋ ਰਹੀ ਮੀਟਿੰਗ ਤੋਂ ਬਾਅਦ ਹਲਕਾ ਸਮਰਾਲਾ ਦੀ ਸਿਆਸਤ ਵਿਚ ਫਿਰ ਨਵੇਂ ਸਿਆਸੀ ਸਮੀਕਰਨ ਸਾਹਮਣੇ ਆਉਣਗੇ ਕਿਉਂਕਿ ਢਿੱਲੋਂ ਪਰਿਵਾਰ ਕਾਂਗਰਸ ਪਾਰਟੀ ’ਚ ਹੀ ਰਹਿ ਕੇ ਮੁੜ ਹਲਕੇ ਦੇ ਲੋਕਾਂ ਦੀ ਸੇਵਾ ਵਿਚ ਜੁਟ ਸਕਦਾ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਅੱਜ ਨਵਜੋਤ ਸਿੱਧੂ ਨਾਲ ਢਿੱਲੋਂ ਦਾ ਹਾਲ-ਚਾਲ ਜਾਣਨ ਲਈ ਕਰੀਬ 7 ਤੋਂ ਵੱਧ ਕਾਂਗਰਸੀ ਸਾਬਕਾ ਵਿਧਾਇਕ ਤੇ ਆਗੂ ਵੀ ਮੌਜੂਦ ਸਨ।

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Harnek Seechewal

Content Editor

Related News