ਰਾਜਾ ਵੜਿੰਗ ਦੀ ਤਾਜਪੋਸ਼ੀ ''ਚ ਮੰਚ ਤੋਂ ਨਾਦਾਰਦ ਰਹੇ ''ਨਵਜੋਤ ਸਿੱਧੂ'', ਪਾਰਟੀ ਆਗੂਆਂ ਨੇ ਵਿੰਨ੍ਹੇ ਨਿਸ਼ਾਨੇ
Saturday, Apr 23, 2022 - 09:23 AM (IST)
ਚੰਡੀਗੜ੍ਹ (ਅਸ਼ਵਨੀ) : ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਤਾਜਪੋਸ਼ੀ ਸਮਾਰੋਹ ਤੋਂ ਸਾਬਕਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨਦਾਰਦ ਰਹੇ। ਸਿੱਧੂ ਸਮਾਰੋਹ ’ਚ ਆਏ ਪਰ ਮੰਚ ’ਤੇ ਮੌਜੂਦ ਆਗੂਆਂ ਦੀ ਲਾਈਨ ਵਿਚ ਨਹੀਂ ਬੈਠੇ। ਉਨ੍ਹਾਂ ਨੇ ਰਾਜਾ ਵੜਿੰਗ ਨੂੰ ਵਧਾਈ ਦਿੱਤੀ, ਗਲੇ ਲਗਾਇਆ ਅਤੇ ਮੰਚ ’ਤੇ ਵਿਰਾਜਮਾਨ ਹੋਏ ਬਿਨਾਂ ਹੀ ਪਰਤ ਗਏ। ਸਿੱਧੂ ਦੀ ਗੈਰ-ਮੌਜੂਦਗੀ ਪੰਜਾਬ ਕਾਂਗਰਸ ਭਵਨ ਵਿਚ ਚਰਚਾ ਦਾ ਵਿਸ਼ਾ ਬਣੀ ਰਹੀ। ਹਾਲਾਂਕਿ ਰਾਜਾ ਵੜਿੰਗ ਨੇ ਸਿੱਧੂ ਦੇ ਨਦਾਰਦ ਹੋਣ ਦੇ ਕਾਰਨ ’ਤੇ ਉੱਠੇ ਸਵਾਲਾਂ ਦਾ ਬੱਸ ਇੰਨਾ ਹੀ ਜਵਾਬ ਦਿੱਤਾ ਕਿ ਇਸ ਦਾ ਕਾਰਨ ਤਾਂ ਖ਼ੁਦ ਨਵਜੋਤ ਸਿੰਘ ਸਿੱਧੂ ਹੀ ਦੱਸ ਸਕਦੇ ਹਨ। ਉਧਰ, ਪੰਜਾਬ ਕਾਂਗਰਸ ਪ੍ਰਧਾਨ ਅਹੁਦਾ ਸੰਭਾਲਣ ਤੋਂ ਬਾਅਦ ਰਾਜਾ ਵੜਿੰਗ ਨੇ ਪਾਰਟੀ ਨੂੰ ਮਜ਼ਬੂਤ ਕਰਨ ਲਈ 3-ਡੀ ਡਿਸਿਪਲਨ, ਡੈਡੀਕੈਸ਼ਨ ਅਤੇ ਡਾਇਲਾਗ ਦਾ ਮੰਤਰ ਦਿੱਤਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਟੀਮ ਦੇ ਰੂਪ ਵਿਚ ਕੰਮ ਕਰਨਗੇ, ਨਾ ਕਿ ਕਿਸੇ ਵਿਅਕਤੀ ਵਿਸ਼ੇਸ਼ ਦਾ ਕੋਈ ਖਾਸ ਏਜੰਡਾ ਚੱਲੇਗਾ। ਪ੍ਰਦੇਸ਼ ਕਾਂਗਰਸ ਪ੍ਰਧਾਨ ਰਾਜ ਦੀ ਆਮ ਆਦਮੀ ਪਾਰਟੀ ਸਰਕਾਰ ’ਤੇ ਵੀ ਵਰ੍ਹੇ।
ਉਨ੍ਹਾਂ ਕਿਹਾ ਕਿ ਪਹਿਲੇ ਮਹੀਨੇ ਵਿਚ ਹੀ ਪਾਰਟੀ ਦੀ ਸਰਕਾਰ ਨੇ ਮਾਣ ਕਰਨ ਯੋਗ ਕੋਈ ਕੰਮ ਨਹੀਂ ਕੀਤਾ ਹੈ, ਸਗੋਂ ਸਰਕਾਰ ਸਿਆਸੀ ਬਦਲਾਖੋਰੀ ’ਤੇ ਉਤਰ ਆਈ ਹੈ ਅਤੇ ਵਿਅਕਤੀਗਤ ਦੁਸ਼ਮਣੀ ਕੱਢਣ ਲਈ ਪੁਲਸ ਦੀ ਦੁਰਵਰਤੋਂ ਕਰ ਰਹੀ ਹੈ। ਵੜਿੰਗ ਨੇ ਕਿਹਾ ਕਿ ਪਾਰਟੀ ਦੀ ਸਫ਼ਲਤਾ ਲਈ ਅਨੁਸ਼ਾਸਨ ਸਭ ਤੋਂ ਜ਼ਿਆਦਾ ਜ਼ਰੂਰੀ ਹੈ। ਬਿਨ੍ਹਾਂ ਕਿਸੇ ਦਾ ਨਾਂ ਲਏ ਵੜਿੰਗ ਨੇ ਕਿਹਾ ਕਿ ਹਰ ਕਿਸੇ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਅਨੁਸ਼ਾਸਨ ਭੰਗ ਨਾ ਹੋਵੇ ਅਤੇ ਪਾਰਟੀ ਦੇ ਹਿੱਤਾਂ ਨੂੰ ਨੁਕਸਾਨ ਨਾ ਪਹੁੰਚੇ। ਉਨ੍ਹਾਂ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦਾ ਉਨ੍ਹਾਂ ’ਤੇ ਭਰੋਸਾ ਕਰਨ ਲਈ ਧੰਨਵਾਦ ਕੀਤਾ। ਇਸ ਮੌਕੇ ’ਤੇ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਚੌਧਰੀ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪੰਜਾਬ ਕਾਂਗਰਸ ਵਿਧਾਇਕ ਦਲ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਵਿਧਾਇਕ ਦਲ ਦੇ ਉਪ ਨੇਤਾ ਡਾਕਟਰ ਰਾਜਕੁਮਾਰ ਚੱਬੇਵਾਲ, ਸੀਨੀਅਰ ਨੇਤਾ ਮਨੀਸ਼ ਤਿਵਾੜੀ, ਸ਼ਮਸ਼ੇਰ ਸਿੰਘ ਦੁੱਲੋਂ, ਜਸਬੀਰ ਸਿੰਘ ਡਿੰਪਾ, ਗੁਰਜੀਤ ਔਜਲਾ, ਬ੍ਰਹਮ ਮਹਿੰਦਰਾ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ, ਸੁਖਬਿੰਦਰ ਸਿੰਘ ਸਰਕਾਰੀਆ, ਸੁਖਪਾਲ ਸਿੰਘ ਖਹਿਰਾ, ਨਰੇਸ਼ ਪੁਰੀ, ਬਾਵਾ ਹੈਨਰੀ, ਪੰਜਾਬ ਯੂਥ ਕਾਂਗਰਸ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਸਮੇਤ ਕਈ ਨੇਤਾ ਮੌਜੂਦ ਰਹੇ।
ਇਹ ਵੀ ਪੜ੍ਹੋ : ਚੰਡੀਗੜ੍ਹ PGI ਨੇ ਹਾਸਲ ਕੀਤੀ ਨਵੀਂ ਕਾਮਯਾਬੀ, ਬਿਨਾ ਹਾਰਟ ਸਰਜਰੀ ਦੇ ਦਿਲ 'ਚ ਵਾਲਵ ਪਾ ਕੰਟਰੋਲ ਕੀਤੀ ਲੀਕੇਜ
ਮਨੀਸ਼ ਤਿਵਾੜੀ ਨੇ ਸਿੱਧੂ ਨੂੰ ਦੱਸਿਆ ਕਾਂਗਰਸ ਦਾ ਕਿਰਾਏਦਾਰ
ਕਾਂਗਰਸ ਨੇਤਾ ਮਨੀਸ਼ ਤਿਵਾੜੀ ਨੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ’ਤੇ ਤਿੱਖਾ ਹਮਲਾ ਬੋਲਦੇ ਹੋਏ ਸਿੱਧੂ ਨੂੰ ਕਾਂਗਰਸ ਦਾ ਕਿਰਾਏਦਾਰ ਦੱਸਿਆ। ਸਿੱਧੂ ਨਾਲ ਜੁੜੇ ਇਕ ਸਵਾਲ ’ਤੇ ਜਵਾਬ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਕਾਂਗਰਸ ਵਿਚ ਕਈ ਭਾਗੀਦਾਰ ਅਤੇ ਕਿਰਾਏਦਾਰ ਹੁੰਦੇ ਹਨ।
ਇਹ ਵੀ ਪੜ੍ਹੋ : 'ਰਾਜਾ ਵੜਿੰਗ' ਨੇ ਸਾਂਭਿਆ ਪੰਜਾਬ ਕਾਂਗਰਸ ਪ੍ਰਧਾਨ ਦਾ ਅਹੁਦਾ, ਬੋਲੇ-'ਪਾਰਟੀ ਲਈ ਆਖ਼ਰੀ ਦਮ ਤੱਕ ਲੜਾਂਗੇ'
ਅਨੁਸ਼ਾਸਨ ਭੰਗ ਕਰਨ ਵਾਲਿਆਂ ’ਤੇ ਹੋਵੇਗੀ ਸਖ਼ਤ ਕਾਰਵਾਈ : ਹਰੀਸ਼ ਚੌਧਰੀ
ਉੱਧਰ, ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਚੌਧਰੀ ਨੇ ਕਿਹਾ ਕਿ ਪਾਰਟੀ ਵਿਚ ਸਾਰਿਆਂ ਨੂੰ ਅਨੁਸ਼ਾਸਨ ਦੇ ਦਾਇਰੇ ਵਿਚ ਰਹਿ ਕੇ ਕੰਮ ਕਰਨਾ ਪਵੇਗਾ। ਸਿੱਧੂ ਦੀ ਗੈਰ-ਹਾਜ਼ਰੀ ਨਾਲ ਜੁੜੇ ਸਵਾਲ ’ਤੇ ਹਰੀਸ਼ ਚੌਧਰੀ ਨੇ ਕਿਹਾ ਕਿ ਅਨੁਸ਼ਾਸਨ ਤੋੜਨ ਵਾਲਾ ਕੋਈ ਕਿਸੇ ਵੀ ਕੱਦ ਦਾ ਨੇਤਾ ਹੋਵੇ, ਪਾਰਟੀ ਵਿਚ ਸਭ ਲਈ ਨਿਯਮ ਬਰਾਬਰ ਹਨ। ਆਉਣ ਵਾਲੇ ਸਮੇਂ ਵਿਚ ਇਸ ਦੇ ਨਤੀਜੇ ਵੀ ਵਿਖਾਈ ਦੇਣਗੇ ਅਤੇ ਅਨੁਸ਼ਾਸਨ ਭੰਗ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ, ਭਾਰਤ ਭੂਸ਼ਣ ਆਸ਼ੂ ਅਤੇ ਪ੍ਰਤਾਪ ਸਿੰਘ ਬਾਜਵਾ ਦੀ ਅਗਵਾਈ ’ਚ ਪਾਰਟੀ ਮਜ਼ਬੂਤੀ ਨਾਲ ਕੰਮ ਕਰੇਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ