ਐੱਨ. ਆਰ. ਆਈ. ਦੇ ਘਰ ਅੱਗੇ ਅਣਪਛਾਤੇ ਨਕਾਬਪੋਸ਼ਾਂ ਨੇ ਕੀਤੀ ਫਾਇਰਿੰਗ

Tuesday, Jul 10, 2018 - 12:34 AM (IST)

ਐੱਨ. ਆਰ. ਆਈ. ਦੇ ਘਰ ਅੱਗੇ ਅਣਪਛਾਤੇ ਨਕਾਬਪੋਸ਼ਾਂ ਨੇ ਕੀਤੀ ਫਾਇਰਿੰਗ

 ਕਾਹਨੂੰਵਾਨ/ਗੁਰਦਾਸਪੁਰ,   (ਵਿਨੋਦ)-  ਬੀਤੀ ਰਾਤ ਸਮਾਜ ਵਿਰੋਧੀ ਅਨਸਰਾਂ ਵੱਲੋਂ ਪਿੰਡ ਜੋਗੀ ਚੀਮਾ  ਦੇ  ਇਕ ਐੱਨ. ਆਰ. ਆਈ. ਦੇ ਘਰ ਅੱਗੇ   ਫਾਇਰਿੰਗ ਕਰਨ ਦੀ ਖਬਰ ਹੈ। ਮੌਕੇ ਤੋਂ ਪ੍ਰਾਪਤ ਕੀਤੀ ਸੂਚਨਾ ਤੇ ਪੁਲਸ ਨੂੰ ਕੀਤੀ ਸ਼ਿਕਾਇਤ ਅਨੁਸਾਰ ਪ੍ਰਦੀਪ ਸਿੰਘ ਪੁੱਤਰ ਅਵਤਾਰ ਸਿੰਘ ਜੋ ਕਿ ਵਿਦੇਸ਼ ’ਚ ਰੋਜ਼ਗਾਰ ਲਈ ਪੱਕੇ ਤੌਰ ’ਤੇ ਰਹਿੰਦਾ ਹੈ  ਪਰ  ਇਸ  ਸਮੇਂ  ਇੰਡੀਆ  ਆਇਆ  ਹੋਇਆ  ਹੈ, ਦੀ ਮਾਂ ਕੁਲਵੰਤ ਕੌਰ ਨੇ ਦੱਸਿਆ ਕਿ ਐਤਵਾਰ ਦੀ ਰਾਤ ਨੂੰ 9 ਵਜੇ ਦੇ ਕਰੀਬ ਉਨ੍ਹਾਂ ਦੇ ਘਰ ਦਾ ਬਾਹਰਲਾ ਗੇਟ ਕਿਸੇ ਨੇ ਖਡ਼ਕਾਇਆ।
 ਜਦੋਂ ਮੈਂ ਗੇਟ ਖੋਲ੍ਹਿਆ ਤਾਂ ਇਕ ਨੌਜਵਾਨ ਜਿਸ ਨੇ ਆਪਣਾ ਮੂੰਹ ਇਕ ਕੱਪਡ਼ੇ ਨਾਲ ਢਕਿਆ ਹੋਇਆ ਸੀ, ਨੇ ਪਾਣੀ ਪੀਣ ਦੀ ਮੰਗ ਕੀਤੀ। ਉਸ ਨੌਜਵਾਨ ਨਾਲ ਮੋਟਰਸਾਈਕਲ ’ਤੇ ਆਏ ਦੂਸਰੇ ਵਿਅਕਤੀ ਨੇ ਵੀ ਆਪਣਾ ਚਿਹਰਾ ਕੱਪਡ਼ੇ ਨਾਲ ਢਕਿਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਦਾ ਸ਼ੱਕੀ ਹੁਲੀਆ ਦੇਖ ਕੇ ਮੈਂ ਘਰ ਦਾ ਗੇਟ ਬੰਦ ਕਰ ਲਿਆ। ਏਨੇ ਨੂੰ ਇਹ ਸ਼ੱਕੀ ਬੰਦੇ ਉਨ੍ਹਾਂ ਦਾ ਗੇਟ ਜ਼ੋਰ-ਜ਼ੋਰ ਦੀ ਖਡ਼ਕਾਉਣ ਲੱਗ ਪਏ। ਪ੍ਰਦੀਪ ਸਿੰਘ ਨੇ ਦੱਸਿਆ ਕਿ ਜਦੋਂ ਉਸ ਨੇ ਘਰ ਦੀ ਛੱਤ ’ਤੇ ਚਡ਼੍ਹ ਕੇ ਟਾਰਚ ਦੀ ਲਾਈਟ ਨਾਲ ਦੇਖਿਆ ਤਾਂ ਸ਼ੱਕੀ ਬੰਦੇ ਘਰ ਦੇ ਗੇਟ ਅੱਗੇ ਸਡ਼ਕ ’ਤੇ ਰੁੱਖ ਹੇਠ ਖਡ਼੍ਹੇ ਸਨ। ਉਨ੍ਹਾਂ ਨੇ ਘਰ ਵੱਲ ਨੂੰ ਪਿਸਤੌਲ ਨਾਲ ਤਿੰਨ ਹਵਾਈ ਫਾਇਰ ਵੀ ਕੀਤੇ। ਇਸ ਘਟਨਾ ਦੀ ਸੂਚਨਾ ਆਪਣੇ ਗੁਆਂਢੀ ਚੰਨੇ ਤੇ ਪਿੰਡ ਦੇ ਮੋਹਤਬਰ ਮਨਦੀਪ ਚੀਮਾ ਨੂੰ ਦੇਣ ਤੋਂ ਇਲਾਵਾ ਥਾਣਾ ਕਾਹਨੂੰਵਾਨ ਦੇ ਮੁਖੀ ਸੁਰਿੰਦਰਪਾਲ ਸਿੰਘ ਨੂੰ ਵੀ ਸੂਚਿਤ ਕੀਤਾ। ਕੁਝ ਸਮੇਂ ਬਾਅਦ ਥਾਣਾ ਕਾਹਨੂੰਵਾਨ ਦੀ ਪੁਲਸ ਪਾਰਟੀ ਘਟਨਾ ਸਥਾਨ ’ਤੇ ਪਹੁੰਚੀ ਤੇ ਉਨ੍ਹਾਂ ਨੇ ਸਾਰੀ ਘਟਨਾ ਪੁਲਸ ਨੂੰ ਬਿਆਨ ਕੀਤੀ।
 ਪ੍ਰਦੀਪ ਸਿੰਘ ਦੇ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦੀ ਕਿਸੇ ਪਿੰਡ ਵਾਸੀ, ਰਿਸ਼ਤੇਦਾਰ ਜਾਂ ਕਿਸੇ ਹੋਰ ਵਿਅਕਤੀ ਨਾਲ ਕੋਈ ਦੁਸ਼ਮਣੀ ਨਹੀਂ ਹੈ। ਘਟਨਾ ਕਾਰਨ ਸਹਿਮੇ ਹੋਏ ਪਰਿਵਾਰ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਉਨ੍ਹਾਂ ਦੇ ਘਰ ਦੇ ਗੇਟ ਅੱਗੇ ਕਿਸੇ ਨੇ ਅੱਗ ਲਾ ਦਿੱਤੀ ਸੀ। ਪਰਿਵਾਰ ਨੇ  ਪੁਲਸ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਪਰਿਵਾਰ ਦੀ ਜਾਨ-ਮਾਲ ਦੀ ਰਾਖੀ ਕੀਤੀ ਜਾਵੇ, ਜਿਸ ’ਚ ਬਜ਼ੁਰਗ ਅੌਰਤਾਂ ਤੇ ਛੋਟੇ ਬੱਚੇ ਵੀ ਹਨ।
 ਇਸ ਸਬੰਧੀ ਜਦੋਂ ਥਾਣਾ ਕਾਹਨੂੰਵਾਨ ਦੇ ਮੁਖੀ ਸੁਰਿੰਦਰਪਾਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਮੌਕੇ ’ਤੇ ਜਾ ਕੇ ਸਾਰੀ ਘਟਨਾ ਦਾ  ਜਾਇਜ਼ਾ ਲਿਆ  ਗਿਆ ਹੈ ਪਰ ਕੋਈ ਠੋਸ ਸਬੂਤ ਜਾਂ ਕਾਰਨ ਸਾਹਮਣੇ ਨਹੀਂ ਆਇਆ ਹੈ। ਘਟਨਾ ’ਚ ਸ਼ਾਮਲ ਅਨਸਰਾਂ ਦੀ ਕੀ ਮਨਸ਼ਾ ਸੀ, ਉਹ ਵੀ ਸਾਫ ਨਹੀਂ ਹੋਈ। ਪੁਲਸ ਆਪਣੇ ਪੱਧਰ ’ਤੇ ਇਸ ਘਟਨਾ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।
 


Related News