ਵਿਸ਼ਾਲ ਨਗਰ ਕੀਰਤਨ ਸਜਾਇਆ

06/30/2017 7:22:53 AM

ਪਟਿਆਲਾ (ਜੋਸਨ) - ਅੱਜ ਇਤਿਹਾਸਕ ਗੁਰਦੁਆਰਾ ਪਾਤਿਸ਼ਾਹੀ ਨੌਵੀਂ ਬਹਾਦਰਗੜ੍ਹ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਆਮਦ ਨੂੰ ਸਮਰਪਿਤ ਪੰਜ ਪਿਆਰਿਆਂ ਦੀ ਅਗਵਾਈ ਵਿਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਬਾਰਿਸ਼ ਦੌਰਾਨ ਵੀ ਇਸ ਵਿਚ ਇਲਾਕੇ ਦੀਆਂ ਸਮੂਹ ਸੰਗਤਾਂ ਸ਼ਰਧਾ ਤੇ ਉਤਸ਼ਾਹ ਨਾਲ ਸ਼ਾਮਿਲ ਹੋ ਰਹੀਆਂ ਸਨ। ਨਗਰ ਕੀਰਤਨ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਵੱਖ-ਵੱਖ ਪਿੰਡਾਂ ਲਈ ਰਵਾਨਾ ਕੀਤਾ।
ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਸਮੁੱਚੇ ਵਿਸ਼ਵ 'ਚ 'ਹਿੰਦ ਦੀ ਚਾਦਰ' ਕਰ ਕੇ  ਜਾਣੇ ਜਾਂਦੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਧਰਮ ਦੀ ਰੱਖਿਆ ਅਤੇ ਮਨੁੱਖਤਾ ਦੀ ਭਲਾਈ  ਲਈ ਆਪਣਾ ਸੀਸ ਕੁਰਬਾਨ ਕਰ ਕੇ ਸਮੁੱਚੀ ਲੋਕਾਈ ਨੂੰ ਇਹ ਸੰਦੇਸ਼ ਦਿੱਤਾ ਕਿ ਸਬਰ ਅਤੇ ਸੰਜਮ ਨਾਲ ਵੀ ਜਬਰ-ਜ਼ੁਲਮ ਨੂੰ ਰੋਕਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਅੰਨ-ਧਨ ਦੀ ਹਿਫਾਜ਼ਤ ਕਰ ਕੇ ਧਾਰਮਿਕ ਰਹਿਬਰ ਬਣੇ। ਅਜਿਹੀ ਮਿਸਾਲ ਦੁਨੀਆ ਦੇ ਕਿਸੇ ਇਤਿਹਾਸ 'ਚ ਨਹੀਂ ਮਿਲਦੀ। ਉਹ ਇੱਕੋ-ਇੱਕ ਅਜਿਹੇ ਗੁਰੂ ਹਨ, ਜਿਨ੍ਹਾਂ ਨੇ ਆਪਣਾ ਬਲੀਦਾਨ ਦੇ ਕੇ ਦੂਸਰੇ ਧਰਮ ਦੀ ਰੱਖਿਆ ਕੀਤੀ।
  ਸ੍ਰੀ ਗੁਰੂ ਗੰ੍ਰਥ ਸਾਹਿਬ ਨੂੰ ਸੁੰਦਰ ਪਾਲਕੀ ਵਿਚ ਬਿਰਾਜਮਾਨ ਕੀਤਾ ਹੋਇਆ ਸੀ। ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਛਤਰ-ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਜਾਏ ਇਸ ਵਿਸ਼ਾਲ ਨਗਰ ਕੀਰਤਨ ਦਾ ਸਮੂਹ ਸੰਗਤਾਂ ਥਾਂ-ਥਾਂ ਸ਼ਰਧਾਪੂਰਵਕ ਸਵਾਗਤ ਕਰ ਰਹੀਆਂ ਸਨ। ਕੀਰਤਨੀ ਜਥਿਆਂ ਵੱਲੋਂ ਰਸਭਿੰਨੀ ਬਾਣੀ ਦਾ ਪ੍ਰਵਾਹ ਚਲਾਇਆ ਗਿਆ। ਸੰਗਤਾਂ ਨੇ ਆਪਣੇ-ਆਪ ਨੂੰ ਗੁਰੂ ਨਾਲ ਜੋੜਨ ਦੀ ਸਾਂਝ ਪਾਈ।   ਇਸ ਮੌਕੇ ਹਲਕਾ ਸਨੌਰ ਦੇ ਪ੍ਰਧਾਨ ਹਰਿੰਦਰਪਾਲ ਸਿੰਘ ਚੰਦੂਮਾਜਰਾ, ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਜਰਨੈਲ ਸਿੰਘ ਕਰਤਾਰਪੁਰ, ਜਥੇਦਾਰ ਲਾਭ ਸਿੰਘ ਦੇਵੀਨਗਰ, ਜਗਜੀਤ ਸਿੰਘ ਕੋਹਲੀ, ਗੁਰਦੀਪ ਸਿੰਘ ਸ਼ੇਖੂਪੁਰ, ਗੁਰਦੁਆਰਾ ਬਹਾਦਰਗੜ੍ਹ ਦੇ ਮੈਨੇਜਰ ਰਣਜੀਤ ਸਿੰਘ ਗਾਜ਼ੀਪੁਰ ਤੇ ਜੋਗਾ ਸਿੰਘ ਮੈਨੇਜਰ ਕਰਹਾਲੀ ਸਾਹਿਬ ਤੋਂ ਇਲਾਵਾ ਸਮੂਹ ਸੰਗਤਾਂ ਨੇ ਉਤਸ਼ਾਹ ਨਾਲ ਭਾਗ ਲਿਆ। ਨਗਰ ਕੀਰਤਨ ਮੌਕੇ ਮੈਨੇਜਰ ਰਣਜੀਤ ਸਿੰਘ ਨੇ ਦੱਸਿਆ ਕਿ 30 ਜੂਨ ਨੂੰ ਸਵੇਰੇ ਸ੍ਰੀ ਅਖੰਡ ਸਾਹਿਬ ਜੀ ਦੇ ਭੋਗ ਉਪਰੰਤ ਕੀਰਤਨ ਸਮਾਗਮ ਹੋਵੇਗਾ। ਸਮਾਗਮਾਂ ਵਿਚ ਸਿੰਘ ਸਾਹਿਬ ਹਰਪ੍ਰੀਤ ਸਿੰਘ ਤਖ਼ਤ ਸ੍ਰੀ ਦਮਦਮਾ ਸਾਹਿਬ ਵੀ ਸ਼ਿਰਕਤ ਕਰਨਗੇ।


Related News