ਨਗਰ ਕੌਂਸਲ ਚੋਣਾ : ਧਰਮਕੋਟ ਹਲਕੇ 'ਚ ਕਾਂਗਰਸ ਦੇ ਮੌਜੂਦਾ ਵਿਧਾਇਕ ਤੇ ਢੋਸ ਗਰੁੱਪ ਹੋਏ ਆਹਮੋ-ਸਾਹਮਣੇ

Wednesday, Dec 06, 2017 - 09:27 PM (IST)

ਨਗਰ ਕੌਂਸਲ ਚੋਣਾ : ਧਰਮਕੋਟ ਹਲਕੇ 'ਚ ਕਾਂਗਰਸ ਦੇ ਮੌਜੂਦਾ ਵਿਧਾਇਕ ਤੇ ਢੋਸ ਗਰੁੱਪ ਹੋਏ ਆਹਮੋ-ਸਾਹਮਣੇ

ਧਰਮਕੋਟ/ਮੋਗਾ (ਪਵਨ ਗਰੋਵਰ, ਗੋਪੀ ਰਾਊਕੇ)- ਪੰਜਾਬ ਅੰਦਰ 10 ਸਾਲਾ ਬਾਅਦ, ਛੇ ਮਹੀਨੇ ਪਹਿਲਾਂ ਸੱਤਾ 'ਚ ਆਈ ਕਾਂਗਰਸ ਪਾਰਟੀ ਲਈ ਵੱਕਾਰ ਦਾ ਸਵਾਲ ਬਣੀਆਂ ਮਿਊਂਸੀਪਲ ਚੋਣਾਂ ਦੌਰਾਨ ਜਿੱਥੇ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਅਤੇ ਆਮ ਆਦਮੀ ਪਾਰਟੀ ਵਲੋਂ ਧੱਕੇਸ਼ਾਹੀ ਦੇ ਦੋਸ਼ ਸਤਾਧਾਰੀ ਪਾਰਟੀ ਉੱਪਰ ਲਗਾਏ ਜਾ ਰਹੇ ਹਨ, ਉੱਥੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂਆਂ ਦੀ ਧੜੇ ਬੰਦੀ ਵੀ ਕਈ ਥਾਵਾਂ 'ਤੇ ਸਿਖਰਾਂ 'ਤੇ ਪਹੁੰਚ ਗਈ ਹੈ। ਮੋਗਾ ਜ਼ਿਲੇ ਅੰਦਰ ਨਗਰ ਕੌਂਸਲ ਧਰਮਕੋਟ ਦੀਆਂ ਚੋਣਾਂ ਲਈ ਮੌਜੂਦਾ ਕਾਂਗਰਸੀ ਵਿਧਾਇਕ ਸੁਖਜੀਤ ਸਿੰਘ ਸਿੰਘ ਕਾਕਾ ਲੋਹਗੜ ਅਤੇ ਮਨਪ੍ਰੀਤ ਸਿੰਘ ਬਾਦਲ ਖਜ਼ਾਨਾ ਮੰਤਰੀ ਪੰਜਾਬ ਦੇ ਅਤਿ ਨਜ਼ਦੀਕੀ ਕੁਲਦੀਪ ਸਿੰਘ ਢੋਸ ਦਾ ਧੜਾ ਚੋਣਾਂ 'ਚ ਆਹਮੋ-ਸਾਹਮਣੇ ਹੋ ਗਿਆ ਹੈ ਅਤੇ ਅੱਜ ਨਾਮਜ਼ਦਗੀਆਂ ਭਰਨ ਦੇ ਆਖਰੀ ਦਿਨ ਦੋਵਾਂ ਧੜਿਆਂ ਦੇ ਉਮੀਦਵਾਰ ਉਮੀਦਵਾਰ ਵਲੋਂ ਵੱਖੋ-ਵੱਖਰੇ ਤੌਰ 'ਤੇ ਨਾਮਜ਼ਦਗੀ ਪੇਪਰ ਦਾਖਲ ਕੀਤੇ ਗਏ। ਕਾਂਗਰਸੀ ਦੀ ਇਸ ਧੜੇ ਬੰਦੀ ਦਾ ਫਾਇਦਾ ਸੰਭਵ ਤੌਰ 'ਤੇ ਦੂਸਰੀਆਂ ਧਿਰਾਂ ਨੂੰ ਮਿਲਣ ਦੀ ਸੰਭਾਵਨਾ ਹੈ।
ਮਨਪ੍ਰੀਤ ਦੇ ਬਾਦਲ ਦੇ 'ਰਾਈਟ ਹੈਂਡ' ਵਜੋਂ ਜਾਣਿਆ ਜਾਂਦਾ ਹੈ ਢੋਸ ਪਰਿਵਾਰ
ਜਾਣਕਾਰੀ ਅਨੁਸਾਰ ਲੰਮਾ ਸਮਾਂ ਅਕਾਲੀ ਦਲ ਦਲ ਨਾਲ ਵਫਾਦਾਰੀ ਨਿਭਾਉਣ ਵਾਲੇ ਜਥੇਦਾਰ ਕੁਲਦੀਪ ਸਿੰਘ ਢੋਸ ਅਤੇ ਉਸਦੇ ਫਰਜ਼ੰਦ ਦਵਿੰਦਰਜੀਤ ਸਿੰਘ ਲਾਡੀ ਢੋਸ ਵਿਧਾਨ ਸਭਾ ਚੋਣਾਂ 2012 ਤੋਂ ਪਹਿਲਾਂ ਮਨਪ੍ਰੀਤ ਬਾਦਲ ਦਾ ਪੱਲਾ ਫੜਦਿਆਂ ਪੀਪਲਜ਼ ਪਾਰਟੀ 'ਚ ਸ਼ਾਮਲ ਹੋ ਗਏ ਅਤੇ ਉਸਤੋਂ ਬਾਅਦ ਬੇਸ਼ੱਕ ਮਨਪ੍ਰੀਤ ਬਾਦਲ ਦੇ ਕਈ ਸਾਥੀ ਉਸਦਾ ਸਾਥ ਛੱਡ ਗਏ ਪ੍ਰੰਤੂ ਢੋਸ ਪਰਿਵਾਰ ਨੇ 'ਬਾਦਲ' ਦਾ ਪੱਲਾ ਨਹੀਂ ਛੱਡਿਆ ਅਤੇ ਪਿਛਲੇ ਸਮੇਂ ਦੌਰਾਨ ਮਨਪ੍ਰੀਤ ਬਾਦਲ ਦੀ ਕਾਂਗਰਸ ਪਾਰਟੀ 'ਚ ਸ਼ਮੂਲੀਅਤ ਸਮੇਂ ਢੋਸ ਪਰਿਵਾਰ ਵੀ ਕਾਂਗਰਸ 'ਚ ਸ਼ਾਮਲ ਹੋ ਗਿਆ। ਲੰਘੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸੀ ਉਮੀਦਵਾਰ ਸੁਖਜੀਤ ਸਿੰਘ ਕਾਕਾ ਲੋਹਗੜ ਦੇ ਹੱਕ 'ਚ ਢੋਸ ਪਰਿਵਾਰ ਅਤੇ ਉਸਦੇ ਸਮਰਥਕਾਂ ਨੂੰ ਨਾਲ ਤੋਰਨ ਲਈ ਮਨਪ੍ਰੀਤ ਬਾਦਲ ਉਚੇਚੇ ਤੌਰ 'ਤੇ ਧਰਮਕੋਟ ਆਏ ਸਨ ਅਤੇ ਦੋਵਾਂ ਆਗੂਆਂ ਨੇ ਆਪਣੇ ਧੜਿਆਂ ਦਾ ਰਲੇਵਾਂ ਕਰਕੇ, ਇਕੱਠਿਆਂ ਚੱਲਣ ਦਾ ਅਹਿਦ ਲਿਆ ਸੀ, ਪ੍ਰੰਤੂ ਸਰਕਾਰ ਬਣਨ ਤੋਂ ਬਾਅਦ ਦੋਵਾਂ ਆਗੂਆਂ ਦੇ ਸੰਬੰਧਾਂ 'ਚ ਖਟਾਸ ਪੈਦਾ ਹੋ ਗਈ ਅਤੇ ਦੂਰੀਆਂ ਵੱਧਣ ਨਾਲ ਅੱਜ ਮਿਊਂਸੀਪਲ ਚੋਣਾਂ ਦੌਰਾਨ ਵੱਡਾ ਧਮਾਕਾ ਸਾਹਮਣੇ ਆ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਕੁਲਦੀਪ ਸਿੰਘ ਢੋਸ ਅਤੇ ਯੂਥ ਆਗੂ ਲਾਡੀ ਢੋਸ ਨੇ ਕਿਹਾ ਕਿ ਕਾਂਗਰਸੀ ਉਮੀਦਵਾਰਾਂ ਦਾ ਐਲਾਨ ਕਰਨ ਸਮੇਂ ਹਲਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ ਨੇ ਉਨਾਂ ਨੂੰ ਭਰੋਸੇ 'ਚ ਨਹੀਂ ਲਿਆ, ਜਿਸ ਕਾਰਨ ਮਜ਼ਬੂਰੀਵੱਸ ਉਨਾਂ ਵਲੋਂ ਸ਼ਹਿਰ ਦੇ ਸਾਰੇ 13 ਵਾਰਡਾਂ 'ਚ ਆਪਣੇ ਉਮੀਦਵਾਰ ਖੜੇ ਕੀਤੇ ਗਏ ਹਨ। ਉਨਾਂ ਸਪੱਸ਼ਟ ਕੀਤਾ ਕਿ ਉਹ ਕਾਂਗਰਸ ਪਾਰਟੀ ਨਾਲ ਹੀ ਜੁੜੇ ਹਨ ਅਤੇ ਚੋਣਾਂ ਜਿੱਤਣ ਉਪਰੰਤ ਕਾਂਗਰਸ ਪਾਰਟੀ ਦਾ ਪ੍ਰਧਾਨ ਹੀ ਬਨਾਉਣਗੇ।  
ਢੋਸ ਵਲੋਂ ਖੜੇ ਕੀਤੇ ਉਮੀਦਵਾਰ ਅਕਾਲੀ ਅਤੇ ਆਪ ਨਾਲ ਸੰਬੰਧਤ-ਲੋਹਗੜ
ਦੂਸਰੇ ਪਾਸੇ ਕਾਂਗਰਸ ਪਾਰਟੀ ਨਾਲ ਸੰਬੰਧਤ ਹਲਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ ਨੇ ਢੋਸ ਧੜੇ ਵਲੋਂ ਖੜੇ ਕੀਤੇ ਉਮੀਦਵਾਰਾਂ ਨੂੰ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਸਮਰਥਕ ਹੀ ਦੱਸਿਆ। ਉਨਾਂ ਕਿਹਾ ਕਿ ਢੋਸ ਗਰੁੱਪ ਵਲੋਂ ਵਿਰੋਧੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਫਾਇਦਾ ਪਹੁੰਚਾਉਣ ਲਈ ਆਪਣੇ ਪੱਧਰ 'ਤੇ ਉਮੀਦਵਾਰ ਖੜੇ ਕੀਤੇ ਗਏ ਹਨ, ਪ੍ਰੰਤੂ ਚੋਣ ਅਖਾੜੇ 'ਚ ਇਸ ਧੜੇ ਦਾ ਕੁਝ ਵੀ ਨਹੀਂ ਵੱਟਿਆ ਜਾਣਾ। ਉਨਾਂ ਸਪੱਸ਼ਟ ਕੀਤਾ ਕਿ ਧਰਮਕੋਟ ਨਗਰ ਕੌਂਸਲ ਦੀਆਂ ਚੋਣਾਂ ਕਾਂਗਰਸ ਪਾਰਟੀ ਸ਼ਾਨ ਨਾਲ ਜਿੱਤੇਗੀ।
ਫੋਟੋ ਨਾਲ ਹੀ ਅਟੈਚ ਹੈ।


Related News