ਨਾਭਾ ਦੀ ਪੁਲਸ ਚੌਂਕੀ ''ਚ ਐਸ. ਟੀ. ਐੱਫ. ਵਲੋਂ ਛਾਪੇਮਾਰੀ
Monday, Apr 27, 2020 - 11:47 AM (IST)
ਨਾਭਾ (ਰਾਹੁਲ) : ਨਾਭਾ ਦੀ ਰੋਹਟੀ ਪੁਲਸ ਚੌਂਕੀ 'ਚ ਐਸ. ਟੀ. ਐੱਫ. ਦੇ ਉੱਚ ਅਧਿਕਾਰੀਆਂ ਵਲੋਂ ਬੀਤੀ ਦੇਰ ਰਾਤ ਛਾਪੇਮਾਰੀ ਕੀਤੀ ਗਈ। ਐਸ. ਟੀ. ਐੱਫ. ਦੀ ਟੀਮ ਵਲੋਂ ਪੁਲਸ ਚੌਂਕੀ ਦੇ ਏ. ਐਸ. ਆਈ. ਮਨਜੀਤ ਸਿੰਘ ਦੇ ਘਰ 'ਚ ਵੀ ਛਾਪਾ ਮਾਰਿਆ ਗਿਆ। ਇਹ ਸਰਚ ਮੁਹਿੰਮ ਰਾਤ ਭਰ ਚੱਲਦੀ ਰਹੀ। ਐੱਸ. ਟੀ. ਐੱਫ. ਦੇ ਅਧਿਕਾਰੀਆਂ ਵਲੋਂ ਮੀਡੀਆ ਕਰਮੀਆਂ ਨੂੰ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਗਿਆ। ਇਹ ਛਾਪਾ ਐਸ. ਟੀ. ਐਫ. ਦੇ ਡੀ. ਐਸ. ਪੀ. ਸੁਖ ਅੰਮ੍ਰਿਤ ਸਿੰਘ ਵੱਲੋਂ ਮਾਰਿਆ ਗਿਆ।
ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਚੌਂਕੀ ਇੰਚਾਰਜ ਦਾ ਕੁਨੈਕਸ਼ਨ ਨਸ਼ਾ ਤਸਕਰਾਂ ਨਾਲ ਜੁੜਿਆ ਹੋਇਆ ਹੈ, ਜਿਸ ਦੇ ਚੱਲਦਿਆਂ ਐੱਸ. ਟੀ. ਐੱਫ. ਵਲੋਂ ਛਾਪੇਮਾਰੀ ਕੀਤੀ ਗਈ, ਐੱਸ. ਟੀ. ਐੱਫ. ਨੇ ਤਲਾਸ਼ੀ ਦੌਰਾਨ ਕੁਝ ਸਮਾਨ ਵੀ ਆਪਣੇ ਕਬਜ਼ੇ 'ਚ ਲਿਆ ਹੈ, ਜਿਸ 'ਚ ਕੈਸ਼ ਵੀ ਦੱਸਿਆ ਜਾ ਰਿਹਾ ਹੈ। ਜਦੋਂ ਇਸ ਸਬੰਧੀ ਐੱਸ. ਟੀ. ਐੱਫ. ਦੇ ਡੀ. ਐਸ. ਪੀ. ਸੁਖ ਅੰਮ੍ਰਿਤ ਸਿੰਘ ਨਾਲ ਇਸ ਬਾਰੇ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨੇ ਕਿਹਾ ਕਿ ਅਜੇ ਆਪਰੇਸ਼ਨ ਪੂਰਾ ਨਹੀਂ ਹੋਇਆ, ਜਦੋਂ ਪੂਰਾ ਹੋਵੇਗਾ ਤਾਂ ਜਾਣਕਾਰੀ ਮੀਡੀਆ ਨਾਲ ਸਾਂਝੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਉਨ੍ਹਾਂ ਨੇ ਕੁੱਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।