ਚੰਡੀਗੜ੍ਹ ''ਚ ਇਸ ਕਾਰਨ ਕਤਲ ਕੀਤੀਆਂ ਗਈਆਂ ਸਨ ਦੋ ਸਕੀਆਂ ਭੈਣਾਂ

08/16/2019 8:23:04 PM

ਚੰਡੀਗੜ੍ਹ: ਬੀਤੇ ਦਿਨੀ ਅਬੋਹਰ ਦੀਆਂ ਦੋ ਭੈਣਾਂ ਰਾਜਵੰਤ ਤੇ ਮਨਪ੍ਰੀਤ ਦੇ ਚੰਡੀਗੜ 'ਚ ਹੋਏ ਕਤਲ ਮਗਰੋਂ ਵੱਡਾ ਖੁਲਾਸਾ ਹੋਇਆ ਹੈ। ਉਨ੍ਹਾਂ ਦਾ ਕਤਲ ਪਿਆਰ ਦੇ ਚੱਕਰ 'ਚ ਹੀ ਹੋਇਆ ਹੈ। ਮੁਲਜ਼ਮ ਵੱਡੀ ਭੈਣ ਮਨਪ੍ਰੀਤ ਕੌਰ ਨੂੰ ਪਿਛਲੇ 10 ਸਾਲ ਤੋਂ ਪਿਆਰ ਕਰਦਾ ਸੀ। ਪੁਲਸ ਵੱਲੋਂ ਗ੍ਰਿਫਤਾਰ ਕੁਲਦੀਪ ਸਿੰਘ ਨੇ ਚੰਡੀਗੜ੍ਹ ਦੇ ਸੈਕਟਰ-22 'ਚ ਡਬਲ ਮਰਡਰ ਕੀਤਾ ਸੀ। ਉਸ ਨੇ ਆਪਣਾ ਜੁਰਮ ਕਬੂਲ ਲਿਆ ਹੈ। ਚੰਡੀਗੜ੍ਹ ਪੁਲਸ ਨੇ ਦਿੱਲੀ ਰੇਲਵੇ ਸਟੇਸ਼ਨ ਤੋਂ ਕੁਲਦੀਪ ਨੂੰ ਗ੍ਰਿਫਤਾਰ ਕੀਤਾ ਹੈ।

ਚੰਡੀਗੜ੍ਹ ਪੁਲਿਸ ਦੀ ਗ੍ਰਿਫਤ ਵਿੱਚ ਕੁਲਦੀਪ ਸਿੰਘ ਨੇ ਪੂਰੀ ਕਹਾਣੀ ਦੱਸੀ ਕਿ ਆਖਰਕਾਰ ਦੋਵੇਂ ਭੈਣਾਂ ਦਾ ਕਤਲ ਕਰਨ ਦੀ ਨੌਬਤ ਕਿਉਂ ਆਈ? ਚੰਡੀਗੜ੍ਹ ਦੀ ਐੱਸ.ਐੱਸ.ਪੀ. ਨਿਲੰਬਰੀ ਜਗਦਲੇ ਨੇ ਦੱਸਿਆ ਕਿ ਕੁਲਦੀਪ ਦਾ ਰਿਸ਼ਤਾ ਵੱਡੀ ਭੈਣ ਮਨਪ੍ਰੀਤ ਨਾਲ ਹੋ ਰਿਹਾ ਸੀ। ਇਸ ਦੌਰਾਨ ਮਨਪ੍ਰੀਤ ਨੇ ਕੁਲਦੀਪ ਨਾਲੋਂ ਨਾਤਾ ਤੋੜ ਲਿਆ। ਇਹ ਕੁਲਦੀਪ ਤੋਂ ਬਰਦਾਸ਼ਤ ਨਹੀਂ ਹੋਇਆ। ਉਹ ਮਨਪ੍ਰੀਤ ਨੂੰ ਵਾਰ ਵਾਰ ਗੱਲ ਕਰਨ ਲਈ ਜ਼ੋਰ ਪਾਉਂਦਾ ਰਿਹਾ।

ਵਾਰਦਾਤ ਦੀ ਰਾਤ ਕੁਲਦੀਪ ਦੋਵੇਂ ਭੈਣਾਂ ਦੇ ਕਮਰੇ 'ਚ ਛੱਤ ਰਾਹੀਂ ਦਾਖਲ ਹੋਇਆ। ਕੁਲਦੀਪ ਘਰ ਦਾ ਚੰਗੀ ਤਰ੍ਹਾਂ ਭੇਤੀ ਸੀ, ਇਸ ਕਰਕੇ ਉਸ ਨੂੰ ਹਰ ਰਸਤੇ ਦੀ ਜਾਣਕਾਰੀ ਸੀ। ਘਰ 'ਚ ਦਾਖਲ ਹੋ ਕੇ ਕੁਲਦੀਪ ਨੇ ਮਨਪ੍ਰੀਤ ਦਾ ਫੋਨ ਖੰਗਾਲਿਆ। ਕੁਲਦੀਪ ਨੂੰ ਸ਼ੱਕ ਸੀ ਕਿ ਸ਼ਾਇਦ ਮਨਪ੍ਰੀਤ ਨੇ ਕਿਸੇ ਹੋਰ ਨਾਲ ਨਾਤਾ ਜੋੜ ਲਿਆ ਹੈ। ਸੁੱਤੀਆਂ ਪਈਆਂ ਦੋਵੇਂ ਭੈਣਾਂ ਦੇ ਕਮਰੇ 'ਚ ਵੜ ਕੇ ਕੁਲਦੀਪ ਨੇ ਜਦੋਂ ਫੋਨ ਚੱਕਿਆ ਤਾਂ ਮਨਪ੍ਰੀਤ ਦੀ ਜਾਗ ਖੁੱਲ੍ਹ ਗਈ। ਮਨਪ੍ਰੀਤ ਦੀ ਜਾਗ ਖੁੱਲ੍ਹਣ 'ਤੇ ਛੋਟੀ ਭੈਣ ਰਾਜਵੰਤ ਕੌਰ ਵੀ ਉੱਠ ਗਈ। ਇਸ ਤੋਂ ਬਾਅਦ ਹੱਥੋਪਾਈ ਹੋ ਗਈ। ਰਸੋਈ 'ਚ ਪਈ ਕੈਂਚੀ ਨਾਲ ਕੁਲਦੀਪ ਨੇ ਦੋਵੇਂ ਭੈਣਾਂ ਦਾ ਕਤਲ ਕਰ ਦਿੱਤਾ। ਚੰਡੀਗੜ੍ਹ ਪੁਲਸ ਨੇ ਕੁਲਦੀਪ ਦੇ ਖੂਨ ਨਾਲ ਲਿੱਬੜੇ ਕੱਪੜੇ ਤੇ ਮੋਟਰਸਾਈਕਲ ਬਰਾਮਦ ਕਰ ਲਿਆ ਹੈ ਪਰ ਹਥਿਆਰ ਦੀ ਬਰਾਮਦਗੀ ਅਜੇ ਬਾਕੀ ਹੈ। ਦਿੱਲੀ ਦੇ ਰੇਲਵੇ ਸਟੇਸ਼ਨ ਤੋਂ ਗ੍ਰਿਫ਼ਤਾਰ ਕਰ ਕੁਲਦੀਪ ਦਾ ਚੰਡੀਗੜ੍ਹ ਅਦਾਲਤ 'ਚ ਰਿਮਾਂਡ ਮੰਗਿਆ ਜਾਵੇਗਾ।


Karan Kumar

Content Editor

Related News