ਸਾਬਕਾ ਫੌਜੀ ਦੇ ਕਤਲ ਦੇ ਮਾਮਲੇ 'ਚ ਵੱਡਾ ਖੁਲਾਸਾ, ਮਾਂ-ਬੇਟੀ ਨੇ ਕਰਵਾਇਆ ਕਤਲ

01/20/2020 5:00:45 PM

ਨਵਾਂਸ਼ਹਿਰ (ਮਨੋਰੰਜਨ, ਤ੍ਰਿਪਾਠੀ) : ਤਿੰਨ ਦਿਨ ਪਹਿਲੇ ਪਿੰਡ ਖਟਕੜ ਕਲਾਂ 'ਚ ਹੋਏ ਸਾਬਕਾ ਫੌਜੀ ਦੇ ਕਤਲ ਦੇ ਮਾਮਲੇ 'ਚ ਪੁਲਸ ਨੇ ਵੱਡਾ ਖੁਲਾਸਾ ਕਰਦੇ ਹੋਏ ਉਸ ਦੀ ਪਤਨੀ, ਬੇਟੀ ਸਮੇਤ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਮਾਂ-ਬੇਟੀ ਨੇ ਪੰਜ ਲੱਖ ਦੀ ਸੁਪਾਰੀ ਦਾ ਸੌਦਾ ਕਰਕੇ ਕਤਲ ਕਰਵਾਇਆ ਸੀ। ਦੋਸ਼ੀਆਂ ਨੂੰ ਫਿਰੌਤੀ 'ਚ ਦਿੱਤੇ ਗਏ 28 ਹਜ਼ਾਰ ਵੀ ਪੁਲਸ ਨੇ ਬਰਾਮਦ ਕਰ ਲਏ ਹਨ। ਐੱਸ. ਐੱਸ. ਪੀ. ਅਲਕਾ ਮੀਨਾ ਨੇ ਦੱਸਿਆ ਕਿ ਤਿੰਨ ਦਿਨ ਪਹਿਲੇ ਪਿੰਡ ਖਟਤੜ ਕਲਾਂ 'ਚ ਇਕ ਸਾਬਕਾ ਫੌਜੀ ਦੀ ਹੱਤਿਆ ਹੋ ਗਈ ਸੀ। ਪਤਨੀ ਦੇ ਬਿਆਨਾਂ ਦੇ ਆਧਾਰ 'ਤੇ ਪੁਲਸ ਨੇ ਧਾਰਾ 174 ਅਧੀਨ ਕਾਰਵਾਈ ਕਰਦੇ ਜਾਂਚ ਸ਼ੁਰੂ ਕਰ ਦਿੱਤੀ ਸੀ। ਅਲਕਾ ਮੀਨਾ ਨੇ ਦੱਸਿਆ ਕਿ ਦੋਸ਼ੀ ਅਮਰਜੀਤ ਕੌਰ ਨੇ ਘਰ 'ਚ ਪਏ ਦੋ ਸੋਨੇ ਦੇ ਬਿਸਕੁਟ ਪਹਿਲੇ ਹੀ ਵੇਚ ਦਿੱਤੇ ਸਨ ਅਤੇ ਹੁਣ ਬਲਵੀਰ ਸਿੰਘ ਦੇ ਖਾਤੇ ਤੋਂ 13 ਲੱਖ ਰੁਪਏ ਕੱਢਣ ਲਈ ਉਸ ਨੂੰ ਮਾਰਨ ਦੀ ਯੋਜਨਾ ਬਣਾਈ। ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਮ੍ਰਿਤਕ ਬਲਵੀਰ ਸਿੰਘ ਪਤਨੀ ਅਮਰਜੀਤ ਕੌਰ ਨੇ ਆਪਣੀ ਬੇਟੀ ਨਾਲ ਮਿਲ ਕੇ ਹੁਸ਼ਿਆਰਪੁਰ ਦੀ ਇਕ ਮੂੰਹਬੋਲੀ ਭੈਣ ਕਥਿਤ ਦੋਸ਼ੀ ਜਸਵਿੰਦਰ ਕੌਰ,ਅਸ਼ੋਕ ਕੁਮਾਰ, ਸ਼ਿਵਾ, ਸੁਦਾਮ ਹੁਸੈਨ ਦੀ ਮਦਦ ਨਾਲ ਪਤੀ ਬਲਵੀਰ ਸਿੰਘ ਦਾ ਕਤਲ ਕਰਵਾਇਆ।

ਗ੍ਰਿਫਤਾਰ ਦੋਸ਼ੀਆਂ 'ਤੇ ਪਹਿਲਾਂ ਵੀ ਦਰਜ ਹਨ ਕੇਸ
ਐੱਸ. ਐੱਸ. ਪੀ. ਨੇ ਦੱਸਿਆ ਕਿ ਗ੍ਰਿਫਤਾਰ ਦੋਸ਼ੀ ਜਸਵਿੰਦਰ ਕੁਮਾਰ, ਅਸ਼ੋਕ ਕੁਮਾਰ ਦੇ ਖਿਲਾਫ ਹੁਸ਼ਿਆਰਪੁਰ ਦੇ ਸਿਟੀ ਥਾਣੇ 'ਚ ਪਹਿਲਾਂ ਵੀ ਧੋਖਾਦੇਹੀ ਦਾ ਮਾਮਲਾ ਦਰਜ ਹੈ, ਜਦੋਂਕਿ ਹੋਰ ਦੋਸ਼ੀ ਸੁਦੈਨ ਹੁਸੈਨ 'ਤੇ ਥਾਣਾ ਸਦਰ ਹੁਸ਼ਿਆਰਪੁਰ ਵਿਖੇ ਧਾਰਾ 379 ਦੇ ਅਧੀਨ ਮਾਮਲਾ ਦਰਜ ਹੈ। 

ਇਹ ਸੀ ਮਾਮਲਾ
ਇਥੋਂ ਨਜ਼ਦੀਕ ਪੈਂਦੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਸਾਬਕਾ ਫੌਜੀ ਦਾ ਕਤਲ ਹੋ ਗਿਆ ਸੀ। ਜਾਣਕਾਰੀ ਅਨੁਸਾਰ ਸਾਬਕਾ ਫੌਜੀ ਬਲਬੀਰ ਸਿੰਘ ਸੰਧੂ ਪੁੱਤਰ ਜਰਨੈਲ ਸਿੰਘ ਸੰਧੂ ਜਿਸ ਨੇ ਭਾਰਤੀ ਫੌਜ 'ਚ ਅੰਦਾਜ਼ਨ 18 ਸਾਲ ਦੇ ਕਰੀਬ ਸੇਵਾ ਨਿਭਾਈ ਅਤੇ ਉਸ ਉਪਰੰਤ ਉਹ ਕੁਝ ਚਿਰ ਮਗਰੋਂ ਹੀ ਵਿਦੇਸ਼ ਚਲਾ ਗਿਆ। ਮ੍ਰਿਤਕ ਬਲਬੀਰ ਸਿੰਘ ਦੀ ਲੜਕੀ ਅਮਨਦੀਪ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਇਕ ਡੇਢ ਮਹਿਨਾ ਪਹਿਲਾਂ ਹੀ ਵਿਦੇਸ਼ ਤੋਂ ਘਰ ਵਾਪਸ ਆਏ ਸਨ ਅਤੇ ਘਰ 'ਚ ਮਿਸਤਰੀ ਲਾ ਕੇ ਘਰ ਦੀ ਛੱਤ ਉਪਰ ਘਰੇਲੂ ਰਿਪੇਅਰ ਦਾ ਕੰਮ ਕਰਵਾ ਰਹੇ ਸਨ। ਉਨ੍ਹਾਂ ਦਾ ਭਰਾ ਰਣਜੀਤ ਸਿੰਘ ਜੋ ਆਪਣੇ ਪਿਤਾ ਨਾਲ ਹੀ ਕੁਝ ਸਾਲਾਂ ਤੋਂ ਵਿਦੇਸ਼ ਵਿਖੇ ਹੀ ਕੰਮ ਕਰ ਰਿਹਾ ਹੈ ਅਤੇ ਬੀਤੀ ਦੇਰ ਰਾਤ ਉਨ੍ਹਾਂ ਦੇ ਪਿਤਾ ਰੋਜ਼ਾਨਾ ਦੀ ਤਰ੍ਹਾਂ 9.30 ਰਾਤ ਦੇ ਕਰੀਬ ਆਪਣੇ ਕਮਰੇ 'ਚ ਸੁੱਤੇ ਸਨ ਅਤੇ ਅੱਜ ਜਿਵੇਂ ਹੀ ਉਹ ਸਵੇਰੇ 7 ਵਜੇ ਦੇ ਕਰੀਬ ਆਪਣੇ ਪਿਤਾ ਦੇ ਕਮਰੇ 'ਚ ਗਈ ਤਾਂ ਉਸਦੇ ਪਿਤਾ ਜ਼ਮੀਨ 'ਤੇ ਡਿੱਗੇ ਪਏ ਸਨ ਤੇ ਉਨ੍ਹਾਂ ਦਾ ਮੂੰਹ ਖੂਨ ਨਾਲ ਲੱਥ-ਪੱਥ ਸੀ ਅਤੇ ਕਮਰੇ 'ਚ ਸਾਰੇ ਸਾਮਾਨ ਦੀ ਫਰੋਲਾ-ਫਰਾਲੀ ਕੀਤੀ ਹੋਈ ਸੀ। ਜਿਸ ਨੂੰ ਦੇਖ ਉਹ ਘਬਰਾ ਗਈ ਅਤੇ ਗੁਆਂਢੀਆਂ ਨੂੰ ਇਸ ਦੀ ਜਾਣਕਾਰੀ ਦਿੱਤੀ। ਪਿੰਡ ਦੇ ਹੀ ਡਾਕਟਰ ਨੂੰ ਬੁਲਾਇਆ ਜਿਸ ਨੇ ਵੇਖਦੇ ਹੀ ਉਨ੍ਹਾਂ ਦੀ ਮੌਤ ਕਈ ਘੰਟੇ ਪਹਿਲਾਂ ਹੋਣ ਦੀ ਪੁਸ਼ਟੀ ਕੀਤੀ ਅਤੇ ਖੂਨ ਨਾਲ ਲਿੱਬੜੇ ਗਲੇ, ਮੂੰਹ ਨੂੰ ਵੇਖਦੇ ਕਤਲ ਹੋਣ ਦੀ ਸੰਭਾਵਨਾ ਜ਼ਾਹਿਰ ਕੀਤੀ ਅਤੇ ਇਸ ਬਾਰੇ ਪਿੰਡ ਦੇ ਸਰਪੰਚ ਅਤੇ ਪੁਲਸ ਨੂੰ ਸੂਚਿਤ ਕੀਤਾ।

PunjabKesari

ਅਦਾਲਤ 'ਚ ਪੇਸ਼ ਕਰਕੇ ਲਿਆ ਜਾਵੇਗਾ ਪੁਲਸ ਰਿਮਾਂਡ
ਐੱਸ. ਐੱਸ. ਪੀ. ਅਲਕਾ ਮੀਨਾ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਨੇ ਘਰ ਦੇ ਕੁੱਤੇ ਨੂੰ ਅਫੀਮ ਦੇ ਕੇ ਸੁੱਲਾ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕਰਕੇ ਉਨ੍ਹਾਂ ਦਾ ਪੁਲਸ ਰਿਮਾਂਡ ਲਿਆ ਜਾਵੇਗਾ।

ਪੁਲਸ ਨੇ ਪਾਲਤੂ ਕੁੱਤੇ ਨੂੰ ਡਾਕਟਰੀ ਜਾਂਚ ਲਈ ਭੇਜਿਆ ਵੈਟਰਨਰੀ ਹਸਪਤਾਲ
ਇਸ ਮੌਤ ਕਰ ਕੇ ਘਰ 'ਚ ਰੱਖਿਆ ਪਾਲਤੂ ਕੁੱਤਾ ਜੋ ਕਿ ਸਵੇਰ ਤੋਂ ਘਰ ਅੰਦਰ ਬਣੇ ਪਿੰਜਰੇ 'ਚ ਸੀ ਜੋ ਕਿ ਨਾ ਤਾਂ ਭੌਂਕ ਰਿਹਾ ਸੀ ਅਤੇ ਕਾਫੀ ਖਾਮੋਸ਼ ਅਤੇ ਸੁਸਤ ਹਾਲਤ 'ਚ ਪਿੰਜਰੇ ਅੰਦਰ ਬੈਠਾ ਹੋਇਆ ਸੀ। ਜਿਸ ਦੀ ਖਾਮੋਸ਼ੀ ਅਤੇ ਸੁਸਤੀ ਨੂੰ ਵੇਖਦੇ ਹੋਏ ਪੁਲਸ ਨੇ ਉਕਤ ਕੁੱਤੇ ਦੀ ਡਾਕਟਰੀ ਜਾਂਚ ਲਈ ਵੈਟਰਨਰੀ ਹਸਪਤਾਲ ਭੇਜਿਆ।


Anuradha

Content Editor

Related News