19, 20, 26 ਤੇ 27 ਸਤੰਬਰ ਨੂੰ ਛੁੱਟੀ ਵਾਲੇ ਦਿਨ ਵੀ ਖੁੱਲ੍ਹਾ ਰਹੇਗਾ ਨਗਰ ਨਿਗਮ ਦਫ਼ਤਰ

Saturday, Sep 12, 2026 - 11:40 AM (IST)

19, 20, 26 ਤੇ 27 ਸਤੰਬਰ ਨੂੰ ਛੁੱਟੀ ਵਾਲੇ ਦਿਨ ਵੀ ਖੁੱਲ੍ਹਾ ਰਹੇਗਾ ਨਗਰ ਨਿਗਮ ਦਫ਼ਤਰ

ਬਠਿੰਡਾ (ਮਨਜੀਤ) : ਨਗਰ ਨਿਗਮ ਬਠਿੰਡਾ ਵੱਲੋਂ ਸ਼ਹਿਰ ਵਾਸੀਆਂ ਨੂੰ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਲਈ ਦਿੱਤੀ ਜਾ ਰਹੀ 10 ਫ਼ੀਸਦੀ ਰਿਬੇਟ ਦਾ ਲਾਭ ਲੈਣ ਦੀ ਆਖ਼ਰੀ ਮਿਤੀ 30 ਸਤੰਬਰ 2026 ਨਿਰਧਾਰਤ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨਗਰ ਨਿਗਮ ਕਮਿਸ਼ਨਰ ਲਵਜੀਤ ਕਲਸੀ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਨਿਰਧਾਰਤ ਮਿਤੀ ਤੋਂ ਪਹਿਲਾਂ ਆਪਣਾ ਸਾਲ 2026-27 ਦਾ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾ ਕੇ 10 ਫ਼ੀਸਦੀ ਰਿਬੇਟ ਦਾ ਲਾਭ ਲੈਣ। ਕਮਿਸ਼ਨਰ ਨੇ ਦੱਸਿਆ ਕਿ ਨਗਰ ਨਿਗਮ ਵੱਲੋਂ ਪ੍ਰਾਪਰਟੀ ਟੈਕਸ ਦੀ ਵਸੂਲੀ ਨੂੰ ਸੁਚਾਰੂ ਬਣਾਉਣ ਅਤੇ ਲੋਕਾਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਤੋਂ ਬਚਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ।

ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਸਤੰਬਰ ਮਹੀਨੇ ਦੇ ਛੁੱਟੀ ਵਾਲੇ ਦਿਨਾਂ ਦੌਰਾਨ ਵੀ ਨਗਰ ਨਿਗਮ ਦਫ਼ਤਰ ਖੁੱਲ੍ਹਾ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ 19, 20, 26 ਅਤੇ 27 ਸਤੰਬਰ 2026 ਨੂੰ ਸ਼ਨੀਵਾਰ ਅਤੇ ਐਤਵਾਰ ਦੀਆਂ ਛੁੱਟੀਆਂ ਹੋਣ ਦੇ ਬਾਵਜੂਦ ਨਗਰ ਨਿਗਮ ਦਫ਼ਤਰ ਆਮ ਦਿਨਾਂ ਵਾਂਗ ਖੁੱਲ੍ਹਾ ਰਹੇਗਾ ਅਤੇ ਇਨ੍ਹਾਂ ਦਿਨਾਂ ਦੌਰਾਨ ਪ੍ਰਾਪਰਟੀ ਟੈਕਸ ਦੀ ਵਸੂਲੀ ਕੀਤੀ ਜਾਵੇਗੀ। ਇਸ ਵਿਸ਼ੇਸ਼ ਪ੍ਰਬੰਧ ਦਾ ਮਕਸਦ ਉਨ੍ਹਾਂ ਲੋਕਾਂ ਨੂੰ ਵਾਧੂ ਸਹੂਲਤ ਦੇਣਾ ਹੈ, ਜੋ ਕੰਮਕਾਜੀ ਦਿਨਾਂ ਦੌਰਾਨ ਕਿਸੇ ਕਾਰਨ ਕਰ ਕੇ ਆਪਣਾ ਪ੍ਰਾਪਰਟੀ ਟੈਕਸ ਜਮ੍ਹਾਂ ਨਹੀਂ ਕਰਵਾ ਸਕਦੇ। ਲਵਜੀਤ ਕਲਸੀ ਨੇ ਕਿਹਾ ਕਿ ਪ੍ਰਾਪਰਟੀ ਟੈਕਸ ਨਗਰ ਨਿਗਮ ਦੀ ਆਮਦਨ ਦਾ ਇਕ ਮਹੱਤਵਪੂਰਨ ਸਰੋਤ ਹੈ ਅਤੇ ਇਸ ਤੋਂ ਪ੍ਰਾਪਤ ਹੋਣ ਵਾਲੀ ਰਕਮ ਸ਼ਹਿਰ ’ਚ ਵੱਖ-ਵੱਖ ਬੁਨਿਆਦੀ ਸਹੂਲਤਾਂ, ਸਫ਼ਾਈ ਪ੍ਰਬੰਧ, ਸੜਕਾਂ, ਸਟਰੀਟ ਲਾਈਟਾਂ ਅਤੇ ਹੋਰ ਜਨਤਕ ਸੇਵਾਵਾਂ ਨੂੰ ਬਿਹਤਰ ਬਣਾਉਣ ਲਈ ਵਰਤੀ ਜਾਂਦੀ ਹੈ।

ਇਸ ਲਈ ਸ਼ਹਿਰ ਵਾਸੀਆਂ ਦਾ ਸਮੇਂ ਸਿਰ ਟੈਕਸ ਜਮ੍ਹਾਂ ਕਰਵਾਉਣਾ ਸ਼ਹਿਰ ਦੇ ਵਿਕਾਸ ’ਚ ਵੀ ਯੋਗਦਾਨ ਪਾਉਂਦਾ ਹੈ। ਨਗਰ ਨਿਗਮ ਕਮਿਸ਼ਨਰ ਨੇ ਲੋਕਾਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਉਹ ਆਖ਼ਰੀ ਮਿਤੀ ਦੀ ਉਡੀਕ ਨਾ ਕਰਨ ਅਤੇ ਜਲਦ ਤੋਂ ਜਲਦ ਸਾਲ 2026-27 ਦਾ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ। ਉਨ੍ਹਾਂ ਕਿਹਾ ਕਿ 30 ਸਤੰਬਰ 2026 ਤੱਕ 10 ਫ਼ੀਸਦੀ ਰਿਬੇਟ ਦਾ ਲਾਭ ਲਿਆ ਜਾ ਸਕਦਾ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਨਿਰਧਾਰਤ ਸਮੇਂ ਅੰਦਰ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਪ੍ਰਾਪਰਟੀ ਟੈਕਸ ਅਦਾ ਕਰਨ ਅਤੇ ਰਿਬੇਟ ਦੀ ਸਹੂਲਤ ਦਾ ਵੱਧ ਤੋਂ ਵੱਧ ਲਾਭ ਉਠਾਉਣ।
 


author

Babita

Content Editor

Related News