ਅਕਾਲੀ ਦਲ ਦੀ ਰੈਲੀ 'ਤੇ 'ਬੱਦਲ' ਭਾਰੂ, ਬਦਲੀ ਕਾਨਫਰੰਸ ਵਾਲੀ ਜਗ੍ਹਾ
Monday, Jan 13, 2020 - 04:14 PM (IST)

ਸ੍ਰੀ ਮੁਕਤਸਰ ਸਾਹਿਬ (ਰਿਣੀ) - ਸ਼੍ਰੋਮਣੀ ਅਕਾਲੀ ਦਲ ਨੇ ਮੇਲਾ ਮਾਘੀ ਸ੍ਰੀ ਮੁਕਤਸਰ ਸਾਹਿਬ ਵਿਖੇ 14 ਜਨਵਰੀ ਨੂੰ ਕੀਤੀ ਜਾਣ ਵਾਲੀ ਕਾਨਫਰੰਸ ਦੀ ਜਗ੍ਹਾ ਮੌਸਮ ਕਾਰਨ ਤਬਦੀਲ ਕਰ ਦਿੱਤੀ ਹੈ। ਸਵੇਰ ਤੋਂ ਪੈ ਰਹੇ ਮੀਂਹ 'ਚ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਾਨਫਰੰਸ ਵਾਲੀ ਜਗ੍ਹਾ 'ਤੇ ਪਹੁੰਚੇ। ਉਨ੍ਹਾਂ ਮੀਂਹ ਕਾਰਨ ਪੰਡਾਲ 'ਚ ਭਰੇ ਪਾਣੀ ਅਤੇ ਪੇਸ਼ ਆ ਰਹੀਆਂ ਮੁਸ਼ਕਲਾਂ ਦਾ ਜਾਇਜ਼ਾ ਲਿਆ, ਜਿਸ ਉਪਰੰਤ ਉਹ ਭਾਈ ਮਹਾਂ ਸਿੰਘ ਦੀਵਾਨ ਹਾਲ ਵਿਖੇ ਗਏ। ਜਾਣਕਾਰੀ ਮੁਤਾਬਕ ਵਰਕਰਾਂ ਦਾ ਇਕੱਠ ਵੱਧ ਹੋਣ ਦੀ ਸੂਰਤ 'ਚ ਪੇਸ਼ ਆਉਣ ਵਾਲੀਆਂ ਮੁਸ਼ਕਲ ਦੇ ਸਬੰਧ 'ਚ ਉਨ੍ਹਾਂ ਨੇ ਸ੍ਰੀ ਮੁਕਤਸਰ ਸਾਹਿਬ-ਮਲੋਟ ਰੋਡ 'ਤੇ ਸਥਿਤ ਨਰਾਇਣਗੜ੍ਹ ਰਿਜ਼ੋਰਟ ਦਾ ਦੌਰਾ ਕੀਤਾ ਅਤੇ ਉਸ ਥਾਂ 'ਤੇ ਕਾਨਫਰੰਸ ਕਰਨ ਦਾ ਐਲਾਨ ਕੀਤਾ।
ਦੱਸ ਦੇਈਏ ਕਿ ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਦੇਸ਼ ਦੇ ਸਮੂਹ ਪੰਜਾਬੀਆਂ ਨੂੰ ਲੋਹੜੀ ਦੇ ਤਿਉਹਾਰ ਦੀ ਵਧਾਈ ਵੀ ਦਿੱਤੀ। ਇਸ ਦੌਰਾਨ ਉਨ੍ਹਾਂ ਹੋਰਨਾਂ ਪਾਰਟੀਆਂ ਵਲੋਂ ਕਾਨਫਰੰਸ ਨਾ ਕਰਨ ਦੇ ਮਾਮਲੇ 'ਤੇ ਤੰਦ ਕੱਸਦਿਆ ਕਿਹਾ ਕਿ ਠੰਡ ਕਾਰਨ ਬਾਕੀ ਪਾਰਟੀਆਂ ਸੁੰਗੜ ਗਈਆਂ ਹਨ। ਇਸ ਮੌਕੇ ਜ਼ਿਲਾ ਪ੍ਰਧਾਨ ਅਤੇ ਵਿਧਾਇਕ ਕੰਵਰਜੀਤ ਸਿੰਘ ਰੋਜੀ ਬਰਕੰਦੀ, ਤੇਜਿੰਦਰ ਸਿੰਘ ਮਿਡੂਖੇੜਾ, ਦਿਆਲ ਸਿੰਘ ਕਿਲਿਆਂਵਾਲੀ, ਹਰਦੀਪ ਸਿੰਘ ਡਿੰਪੀ ਢਿਲੋਂ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ ।