ਰਾਜ ਸਭਾ ''ਚ ਸਤਨਾਮ ਸੰਧੂ ਨੇ ਸਕੂਲੀ ਬੱਚਿਆਂ ਨੂੰ ਪੰਜਾਬ ਦੇ ਸੱਭਿਆਚਾਰ ਤੇ ਵਿਰਸੇ ਤੋਂ ਜਾਣੂ ਕਰਵਾਉਣ ਲਈ ਕੀਤੇ ਉਪਰਾਲਿਆਂ ਦਾ ਮੰਗਿਆ ਵੇਰਵਾ

Saturday, Aug 03, 2024 - 07:35 PM (IST)

ਰਾਜ ਸਭਾ ''ਚ ਸਤਨਾਮ ਸੰਧੂ ਨੇ ਸਕੂਲੀ ਬੱਚਿਆਂ ਨੂੰ ਪੰਜਾਬ ਦੇ ਸੱਭਿਆਚਾਰ ਤੇ ਵਿਰਸੇ ਤੋਂ ਜਾਣੂ ਕਰਵਾਉਣ ਲਈ ਕੀਤੇ ਉਪਰਾਲਿਆਂ ਦਾ ਮੰਗਿਆ ਵੇਰਵਾ

ਮੋਹਾਲੀ, (ਨਿਆਮੀਆਂ) : ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਰਾਜ ਸਭਾ ’ਚ ਚੱਲ ਰਹੇ ਬਜਟ ਇਜਲਾਸ ਦੌਰਾਨ ਸਕੂਲੀ ਵਿਦਿਆਰਥੀਆਂ ਨੂੰ ਸਿੱਖੀ ਦੇ ਅਮੀਰ ਵਿਰਸੇ ਤੇ ਪੰਜਾਬ ਦੇ ਇਤਿਹਾਸ ਬਾਰੇ ਜਾਣੂ ਕਰਵਾਉਣ ਤੇ ਪੰਜਾਬ ਦੇ ਨਾਇਕਾਂ ਤੇ ਆਜ਼ਾਦੀ ਘੁਲਾਟੀਆਂ ਵਲੋਂ ਦੇਸ਼ ਲਈ ਦਿੱਤੇ ਬਲੀਦਾਨ ਦੀਆਂ ਕਹਾਣੀਆਂ ਲੋਕਾਂ ਤਕ ਪਹੁੰਚਾਉਣ ਦਾ ਮੁੱਦਾ ਉਠਾਇਆ ਅਤੇ ਸਕੂਲੀ ਬੱਚਿਆਂ ਨੂੰ ਸੱਭਿਆਚਾਰ ਬਾਰੇ ਸਿੱਖਿਅਤ ਕਰਨ ਲਈ ਕੀਤੀਆਂ ਪਹਿਲਕਦਮੀਆਂ ਦਾ ਵੇਰਵੇ ਨੂੰ ਮੁਹੱਈਆ ਕਰਵਾਉਣ ਲਈ ਆਖਿਆ। ਕੇਂਦਰੀ ਸਿੱਖਿਆ ਰਾਜ ਮੰਤਰੀ ਜਯੰਤ ਚੌਧਰੀ ਨੇ ਐੱਮ. ਪੀ. ਸੰਧੂ ਦੇ ਪ੍ਰਸ਼ਨਾਂ ਦਾ ਉੱਤਰ ਦਿੰਦਿਆਂ ਕਿਹਾ ਕਿ ਨੈਸ਼ਨਲ ਕੌਂਸਲ ਆਫ਼ ਐਜੂਕੇਸ਼ਨਲ ਰਿਸਰਚ ਐਂਡ ਟਰੇਨਿੰਗ (ਐੱਨ. ਸੀ. ਈ. ਆਰ. ਟੀ.) ਵਲੋਂ ਤਿਆਰ ਕੀਤੀਆਂ ਪਾਠ-ਪੁਸਤਕਾਂ ਵਿਚ ਵੱਖ-ਵੱਖ ਧਾਰਮਿਕ ਪ੍ਰਤੀਕਾਂ ਤੇ ਭਾਰਤ ਭਰ ਦੇ ਆਜ਼ਾਦੀ ਘੁਲਾਟੀਆਂ ਦੀਆਂ ਪ੍ਰਸਿੱਧ ਕਹਾਣੀਆਂ ਦਾ ਜ਼ਿਕਰ ਹੈ। ਐੱਨ. ਸੀ. ਆਰ. ਟੀ. ਦੀਆਂ ਮੌਜੂਦਾ ਇਤਿਹਾਸ ਦੀਆਂ ਪਾਠ ਪੁਸਤਕਾਂ ਵਿਚ ਬੱਚਿਆਂ ਨੂੰ ਇਤਿਹਾਸ, ਪੰਜਾਬ ਸੂਬੇ ਨਾਲ ਸਬੰਧਤ ਕਹਾਣੀਆਂ ਅਤੇ ਆਜ਼ਾਦੀ ਘੁਲਾਟੀਆਂ ਦਿੱਤੇ ਬਲੀਦਾਨ ਦੇ ਇਤਿਹਾਸ ਬਾਰੇ ਪੜ੍ਹਾਇਆ ਜਾ ਰਿਹਾ ਹੈ। ਇਸ ਵਿਚ 7ਵੀਂ ਜਮਾਤ ਦੇ ਬੱਚਿਆਂ ਦੀ ਇਤਿਹਾਸ ਦੀ ਪੁਸਤਕ ਸਾਡਾ ਅਤੀਤ-2 ਦੇ 6ਵੇਂ ਪਾਠ ’ਚ ਬਾਬਾ ਗੁਰੂ ਨਾਨਕ ਨੇੜੇ ਤੋਂ ਇਕ ਨਜ਼ਰ ’ਤੇ 8ਵੇਂ ਪਾਠ ਸਿੱਖ ਧਰਮ ਦੇ ਵਿਚ ਸਿੱਖਾਂ ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਸਰਕਾਰ ਵਲੋਂ 8ਵੀਂ ਜਮਾਤ ਦੀ ਇਤਿਹਾਸ ਦੀ ਕਿਤਾਬ ਸਾਡਾ ਅਤੀਤ-3 ਦੇ ਪਾਠ-2 ਵਿਚ ਮਹਾਰਾਜਾ ਰਣਜੀਤ ਸਿੰਘ ਤੇ ਪਾਠ-7 ’ਚ ਸਿੰਘ ਸਭਾ ਲਹਿਰ ਵਿਚ ਸਿੱਖਾਂ ਦੇ ਅਧਿਕਾਰਾਂ ਲਈ ਅੰਦੋਲਨ ਸ਼ੁਰੂ ਕੀਤਾ ਗਿਆ ਸੀ ਉਸ ਬਾਰੇ ਵੀ ਬੱਚਿਆਂ ਨੂੰ ਸਿੱਖਿਅਤ ਕੀਤਾ ਜਾ ਰਿਹਾ ਹੈ।

ਇਸ ਤੋਂ ਇਲਾਵਾ ਪਾਠ-8 ’ਚ ਬੱਚਿਆਂ ਨੂੰ ਲਾਲਾ ਲਾਜਪਤ ਰਾਏ, ਜਲ੍ਹਿਆਂਵਾਲਾ ਬਾਗ ਅਤੇ ਭਗਤ ਸਿੰਘ ਦੇ ਇਤਿਹਾਸ ਬਾਰੇ ਪੜ੍ਹਾਇਆ ਜਾ ਰਿਹਾ ਹੈ। ਸਿੱਖਿਆ ਭਾਰਤੀ ਸੰਵਿਧਾਨ ਵਿਚ ਸਮਕਾਲੀ ਸੂਚੀ ਦਾ ਹਿੱਸਾ ਹੈ ਤੇ ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਦਾ ਇਨ੍ਹਾਂ ਮੁੱਦਿਆਂ ਨੂੰ ਉਜਾਗਰ ਕਰਨ ਲਈ ਆਪਣਾ ਸਬੰਧਤ ਪਾਠਕ੍ਰਮ ਹੈ। ਦੀ ਨੈਸ਼ਨਲ ਫਰੇਮ ਵਰਕ ਫਾਰ ਫਾਊਂਡੇਸ਼ਨ ਸਟੇਜ-2022 (ਐੱਨ. ਸੀ. ਐੱਫ.-ਐੱਫ. ਐੱਸ.) ਤੇ ਦੀ ਨੈਸ਼ਨਲ ਕਰੀਕੁਲਮ ਫਰੇਮ ਵਰਕ ਫਾਰ ਸਕੂਲ ਐਜੂਕੇਸ਼ਨ (ਐੱਨ. ਸੀ. ਐੱਫ.-ਐੱਸ. ਈ.) 2023 ਦੇ ਸਾਰੇ ਪੜਾਵਾਂ ਵਿਚ ਪਾਠਕ੍ਰਮ ਉਨ੍ਹਾਂ ਟੀਚਿਆਂ ਤੇ ਯੋਗਤਾਵਾਂ ਨੂੰ ਦਰਸਾਉਂਦੇ ਹਨ, ਜੋ ਭਾਰਤੀ ਸਿੱਖਿਆ ਪ੍ਰਣਾਲੀ ਨੂੰ ਤਾਕਤ ਪ੍ਰਦਾਨ ਕਰਦੀਆਂ ਹਨ। ਸੱਭਿਆਚਾਰ ਦੇ ਵੱਖ-ਵੱਖ ਪਹਿਲੂਆਂ ’ਤੇ ਉਨ੍ਹਾਂ ਦੇ ਪ੍ਰਤੀਕਾਂ ਨੂੰ 1,2,3 ਤੇ 6ਵੀਂ ਜਮਾਤ ਦੀਆਂ ਨਵੀਆਂ ਪਾਠ-ਪੁਸਤਕਾਂ ਤੇ ਹੋਰ ਸਿੱਖਿਆ ਸਮੱਗਰੀ ਜਿਵੇਂ ਕਿ ਐੱਨ. ਸੀ. ਆਰ. ਟੀ. ਵਲੋਂ ਤਿਆਰ ਕੀਤੀ ਪੁਸਤਕ ਜਾਦੂ ਦਾ ਪਿਟਾਰਾ ਵਿਚ ਸ਼ਾਮਲ ਕੀਤਾ ਗਿਆ ਹੈ।

ਕੇਂਦਰੀ ਮੰਤਰਾਲੇ ਵਲੋਂ ਮਿਲੇ ਜਵਾਬ ’ਤੇ ਸਤਨਾਮ ਸਿੰਘ ਸੰਧੂ ਨੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਕੇਂਦਰੀ ਸਿੱਖਿਆ ਮੰਤਰਾਲੇ ਨੇ ਸਿੱਖ ਧਰਮ ਅਤੇ ਪੰਜਾਬ ਦੇ ਪ੍ਰਤੀਕਾਂ ’ਤੇ ਇਹ ਜ਼ੋਰ ਦਿੱਤਾ ਹੈ। ਸਮਾਜ ਅਤੇ ਦੇਸ਼ ਲਈ ਆਪਣਾ ਜੀਵਨ ਸਮਰਪਿਤ ਕਰਨ ਅਤੇ ਦੇਸ਼ ਲਈ ਕੁਰਬਾਨੀ ਦੇਣ ਵਾਲੇ ਇਨ੍ਹਾਂ ਨਾਇਕਾਂ ਦੀ ਕਹਾਣੀ ਸੁਣਾਉਣ ਦੇ ਨਾਲ-ਨਾਲ ਕੇਂਦਰ ਸਰਕਾਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਿੱਖ ਧਰਮ ਤੇ ਪੰਜਾਬ ਪ੍ਰਤੀ ਅਥਾਂ ਪਿਆਰ ਨੂੰ ਵੀ ਉਜਾਗਰ ਕਰਦਾ ਹੈ।

 


author

DILSHER

Content Editor

Related News