2 ਬੱਚਿਆਂ ਦੀ ਮਾਂ ਨੇ ਰੇਲ ਗੱਡੀ ਅੱਗੇ ਛਾਲ ਮਾਰ ਕੇ ਕੀਤੀ ਖੁਦਕੁਸ਼ੀ
Friday, Jan 26, 2018 - 06:45 AM (IST)
ਫਗਵਾੜਾ, (ਜਲੋਟਾ)— ਪਿੰਡ ਮੌਲੀ ਦੇ ਕੋਲ ਫਗਵਾੜਾ-ਲੁਧਿਆਣਾ ਰੇਲ ਟਰੈਕ 'ਤੇ ਅੱਜ ਦੋ ਬੱਚਿਆਂ ਦੀ ਮਾਂ ਵੱਲੋਂ ਸ਼ੱਕੀ ਹਾਲਾਤ ਵਿਚ ਕਥਿਤ ਤੌਰ 'ਤੇ ਰੇਲ ਗੱਡੀ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
'ਜਗ ਬਾਣੀ' ਨਾਲ ਗੱਲਬਾਤ ਕਰਦੇ ਹੋਏ ਰੇਲਵੇ ਪੁਲਸ ਫਗਵਾੜਾ ਦੇ ਇੰਚਾਰਜ ਸਹਾਇਕ ਸਬ-ਇੰਸਪੈਕਟਰ ਗੁਰਭੇਜ ਸਿੰਘ ਨੇ ਵਾਪਰੀ ਘਟਨਾ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਮ੍ਰਿਤਕਾ ਦੀ ਪਛਾਣ ਸੁਰਿੰਦਰ ਕੌਰ (26) ਪਤਨੀ ਮਨਜੀਤ ਕੁਮਾਰ ਵਾਸੀ ਗੋਬਿੰਦਪੁਰਾ ਫਗਵਾੜਾ ਦੇ ਰੂਪ ਵਿਚ ਹੋਈ ਹੈ। ਉਨ੍ਹਾਂ ਦੱਸਿਆ ਕਿ ਜੀ. ਆਰ. ਪੀ. ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਹਸਪਤਾਲ ਤੋਂ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ। ਮਾਮਲੇ ਸਬੰਧੀ ਪੁਲਸ ਨੇ ਧਾਰਾ 174 ਸੀ. ਆਰ. ਪੀ. ਸੀ. ਦੇ ਤਹਿਤ ਕੇਸ ਦਰਜ ਕਰ ਲਿਆ ਹੈ। ਖਬਰ ਲਿਖੇ ਜਾਣ ਤਕ ਪੁਲਸ ਨੂੰ ਘਟਨਾ ਸਥਾਨ ਤੋਂ ਕੋਈ ਵੀ ਸੁਸਾਈਡ ਨੋਟ ਨਹੀਂ ਬਰਾਮਦ ਹੋਇਆ।
ਪੁਲਸ ਨੇ ਖੁਲਾਸਾ ਕੀਤਾ ਹੈ ਕਿ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸੁਰਿੰਦਰ ਕੌਰ ਪਿਛਲੇ ਕੁਝ ਸਮੇਂ ਤੋਂ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਚੱਲ ਰਹੀ ਸੀ। ਇਸੇ ਕਰਕੇ ਉਸਨੇ ਰੇਲ ਗੱਡੀ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ।
