ਬਾਥਰੂਮ ''ਚ ਨਹਾਉਂਦੀ ਔਰਤ ਨਾਲ ਛੇੜਛਾੜ ਕਰ ਕੇ ਵਿਅਕਤੀ ਫ਼ਰਾਰ

10/18/2019 4:26:52 PM

ਮੋਹਾਲੀ (ਕੁਲਦੀਪ ਸਿੰਘ) : ਪੁਲਸ ਥਾਣਾ ਮਟੌਰ ਦੇ ਅਧੀਨ ਆਉਂਦੇ ਖੇਤਰ ਫੇਜ਼-3ਬੀ2 ਦੀ ਇਕ ਕੋਠੀ 'ਚ ਇਕ ਔਰਤ ਨਾਲ ਇਕ ਅਣਪਛਾਤੇ ਵਿਅਕਤੀ ਵੱਲੋਂ ਉਸ ਸਮੇਂ ਛੇੜਛਾੜ ਕੀਤੀ ਗਈ, ਜਦੋਂ ਉਹ ਘਰ ਦੇ ਬਾਥਰੂਮ 'ਚ ਨਹਾ ਰਹੀ ਸੀ। ਜਿਉਂ ਹੀ ਉਹ ਵਿਅਕਤੀ ਬਾਥਰੂਮ 'ਚ ਦਾਖਲ ਹੋਇਆ ਤਾਂ ਔਰਤ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਅਤੇ ਉਹ ਮੌਕੇ ਤੋਂ ਫਰਾਰ ਹੋ ਗਿਆ। ਪੁਲਸ ਨੇ ਅਣਪਛਾਤੇ ਵਿਅਕਤੀ ਖਿਲਾਫ਼ ਕੇਸ ਦਰਜ ਕਰ ਕੇ ਉਸਦੀ ਭਾਲ਼ ਸ਼ੁਰੂ ਕਰ ਦਿੱਤੀ ਹੈ।
ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਪੀੜਤ ਔਰਤ ਨੇ ਦੱਸਿਆ ਕਿ ਉਹ ਉਕਤ ਕੋਠੀ 'ਚ ਕੇਅਰ ਟੇਕਰ ਦਾ ਕੰਮ ਕਰਦੀ ਹੈ ਅਤੇ ਮਕਾਨ ਮਾਲਕ ਨੇ ਉਸ ਨੂੰ ਕੋਠੀ 'ਚ ਹੀ ਰਿਹਾਇਸ਼ ਦਿੱਤੀ ਹੋਈ ਹੈ ਜਿੱਥੇ ਉਹ ਆਪਣੇ ਪਤੀ ਅਤੇ ਹੋਰ ਪਰਿਵਾਰਕ ਮੈਂਬਰਾਂ ਸਮੇਤ ਰਹਿ ਰਹੀ ਹੈ। ਉਸ ਦਾ ਪਤੀ ਰਾਤ ਦੀ ਡਿਊਟੀ ਕਰਨ ਉਪਰੰਤ ਦੇਰ ਤੱਕ ਸੌਂ ਰਿਹਾ ਸੀ ਅਤੇ ਉਹ ਬਾਥਰੂਮ 'ਚ ਨਹਾਉਣ ਚਲੀ ਗਈ।

ਇਸੇ ਦੌਰਾਨ ਕੋਠੀ ਦੀ ਦੀਵਾਰ ਟੱਪ ਕੇ ਇਕ ਵਿਅਕਤੀ ਅੰਦਰ ਦਾਖਲ ਹੋਇਆ ਜਿਸ ਨੇ ਬਾਥਰੂਮ ਦੀ ਕੁੰਡੀ ਤੋੜ ਦਿੱਤੀ ਅਤੇ ਅੰਦਰ ਆ ਕੇ ਉਸਦੇ ਨਾਲ ਹੱਥੋਪਾਈ ਕਰਨ ਲੱਗ ਪਿਆ। ਔਰਤ ਨੇ ਰੌਲਾ ਪਾਇਆ ਤਾਂ ਉਸ ਦਾ ਪਤੀ ਵੀ ਉਠ ਕੇ ਆ ਗਿਆ। ਇਸ ਦੌਰਾਨ ਉਹ ਅਣਪਛਾਤਾ ਵਿਅਕਤੀ ਮੌਕੇ ਤੋਂ ਫਰਾਰ ਹੋ ਗਿਆ।ਪੁਲਸ ਨੇ ਉਕਤ ਔਰਤ ਦੀ ਸ਼ਿਕਾਇਤ ਉੱਤੇ ਅਣਪਛਾਤੇ ਵਿਅਕਤੀ ਖਿਲਾਫ਼ ਪੁਲਸ ਸਟੇਸ਼ਨ ਮਟੌਰ ਵਿਚ ਆਈ. ਪੀ. ਸੀ. ਦੀ ਧਾਰਾ 452 ਅਤੇ 354ਏ ਦੇ ਤਹਿਤ ਕੇਸ ਦਰਜ ਕਰ ਲਿਆ ਹੈ।


Babita

Content Editor

Related News