125 ਵਿਧਵਾ ਔਰਤਾਂ ਨੂੰ ਦਿੱਤੇ ਪੈਨਸ਼ਨਾਂ ਦੇ ਚੈੱਕ

Thursday, Apr 11, 2019 - 04:13 AM (IST)

125 ਵਿਧਵਾ ਔਰਤਾਂ ਨੂੰ  ਦਿੱਤੇ ਪੈਨਸ਼ਨਾਂ ਦੇ ਚੈੱਕ
ਮੋਗਾ (ਬਿੰਦਾ)-ਡਾ. ਐੱਸ.ਪੀ. ਸਿੰਘ ਓਬਰਾਏ ਹੁਣ ਤੱਕ ਦੁਬਈ ਦੀਆਂ ਜੇਲਾਂ ’ਚ ਬੰਦ 100 ਤੋਂ ਉਪਰ ਭਾਰਤੀ ਅਤੇ ਪਾਕਿਸਤਾਨੀ ਨੌਜਵਾਨਾਂ ਨੂੰ ਆਪਣੇ ਕੋਲੋਂ ਬਲੱਡ ਮਨੀ ਦੇ ਕੇ ਵਾਪਸ ਆਪਣੇ ਪਰਿਵਾਰਾਂ ਨਾਲ ਮਿਲਾ ਚੁੱਕੇ ਹਨ । ਉਨ੍ਹਾਂ ਵੱਲੋਂ ਵਿਧਵਾ ਔਰਤਾਂ ਨੂੰ ਬੱਚਿਆਂ ਦੀ ਪਡ਼੍ਹਾਈ ਲਈ ਦਿੱਤੀ ਜਾ ਰਹੀ ਮਾਸਿਕ ਸਹਾਇਤਾ, ਹੁਸ਼ਿਆਰ ਵਿਦਿਆਰਥੀਆਂ ਨੂੰ ਦਿੱਤੀ ਜਾ ਰਹੀ ਸਕਾਲਰਸ਼ਿਪ, ਹਰ ਮਹੀਨੇ ਲਾਏ ਜਾ ਰਹੇ ਅੱਖਾਂ ਦੇ ਮੁਫਤ ਆਪ੍ਰੇਸ਼ਨ ਕੈਂਪ, ਸਕੂਲਾਂ ’ਚ ਬੱਚਿਆਂ ਲਈ ਸਾਫ ਪਾਣੀ ਲਈ ਲਵਾਏ ਜਾ ਰਹੇ ਆਰ.ਓ., ਸਿਵਲ ਹਸਪਤਾਲ ਮੋਗਾ ’ਚ ਕਾਲੇ ਪੀਲੀਏ ਦੇ ਮਰੀਜ਼ਾਂ ਲਈ ਲਾਈ ਗਈ ਡਾਇਲਸਿਸ ਮਸ਼ੀਨ ਤੇ ਨੌਜਵਾਨ ਲਡ਼ਕੇ- ਲਡ਼ਕੀਆਂ ਨੂੰ ਕੰਪਿਊਟਰ ਅਤੇ ਸਿਲਾਈ ਦੀ ਦਿੱਤੀ ਜਾ ਰਹੀ ਮੁਫਤ ਸਿਖਲਾਈ ਆਦਿ ਕੰਮਾਂ ਨੇ ਸਮਾਜ ਦੇ ਲੋਡ਼ਵੰਦ ਤਬਕਿਆਂ ਨੂੰ ਭਾਰੀ ਰਾਹਤ ਪਹੁੰਚਾਈ ਹੈ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਉਘੇ ਸਮਾਜ ਸੇਵੀ ਤੇ ਐੱਨ.ਆਰ.ਆਈ. ਸੁਖਵਿੰਦਰ ਸਿੰਘ ਉਰਫ ਮੰਦਰ ਖੋਸਾ ਨੇ ਅੱਜ ਸਰਬੱਤ ਦਾ ਭਲਾ ਦਫਤਰ ਮੋਗਾ ਵਿਖੇ 125 ਵਿਧਵਾ ਔਰਤਾਂ ਨੂੰ ਮਹੀਨਾਵਾਰ ਪੈਨਸ਼ਨਾਂ ਦੇ ਚੈੱਕ ਵੰਡਣ ਮੌਕੇ ਕੀਤਾ। ਇਸ ਸਮੇਂ ਟਰੱਸਟ ਦੀ ਮੋਗਾ ਇਕਾਈ ਦੇ ਪ੍ਰਧਾਨ ਹਰਜਿੰਦਰ ਸਿੰਘ ਚੁਗਾਵਾਂ ਨੇ ਦੱਸਿਆ ਕਿ ਡਾ. ਓਬਰਾਏ ਵੱਲੋਂ ਬਸਤੀ ਗੋਬਿੰਦਗਡ਼੍ਹ ਮੋਗਾ ਵਿਖੇ ਇਕ ਚੈਰੀਟੇਬਲ ਲੈਬਾਰਟਰੀ ਸਥਾਪਿਤ ਕੀਤੀ ਜਾ ਰਹੀ ਹੈ, ਜਿਸ ’ਚ ਬਾਜ਼ਾਰ ਨਾਲੋਂ 90 ਫੀਸਦੀ ਘੱਟ ਰੇਟਾਂ ’ਤੇ ਲੈਬਾਰਟਰੀ ਟੈਸਟ ਕੀਤੇ ਜਾਣਗੇ । ਇਸ ਮੌਕੇ ਟਰੱਸਟ ਦੇ ਕੈਸ਼ੀਅਰ ਮਹਿੰਦਰ ਪਾਲ ਲੂੰਬਾ, ਜਗਰੂਪ ਸਿੰਘ ਰੂਪਾ, ਹਰਪ੍ਰੀਤ ਸਿੰਘ ਬਾਗਡ਼ੀ, ਚੇਅਰਮੈਨ ਗੁਰਬਚਨ ਸਿੰਘ ਗਗਡ਼ਾ, ਜਨਰਲ ਸਕੱਤਰ ਦਵਿੰਦਰਜੀਤ ਸਿੰਘ ਗਿੱਲ, ਟਰੱਸਟੀ ਦਰਸ਼ਨ ਸਿੰਘ ਲੋਪੋਂ, ਰਣਜੀਤ ਸਿੰਘ ਮਾਡ਼ੀ ਮੁਸਤਫਾ, ਸੁਖਦੇਵ ਸਿੰਘ ਬਰਾਡ਼, ਹਰਭਿੰਦਰ ਜਾਨੀਆਂ, ਗੁਰਸੇਵਕ ਸੰਨਿਆਸੀ, ਇਕਬਾਲ ਖੋਸਾ, ਕੇਵਲ ਕ੍ਰਿਸ਼ਨ, ਗੁਰਚਰਨ ਸਿੰਘ ਪੱਤੋ, ਰਮਨਪ੍ਰੀਤ ਬਰਾਡ਼, ਨਵਦੀਪ ਬਰਾਡ਼ ਤੇ ਦਫਤਰ ਇੰਚਾਰਜ ਜਸਵੀਰ ਕੌਰ ਆਦਿ ਹਾਜ਼ਰ ਸਨ ।

Related News