ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ

Thursday, Apr 11, 2019 - 04:13 AM (IST)

ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ
ਮੋਗਾ (ਗਾਂਧੀ, ਗਰੋਵਰ, ਸੰਜੀਵ)-ਵਿਵਾਦਾਂ ’ਚ ਰਹਿਣ ਵਾਲੇ ਆਦਰਸ਼ ਸਕੂਲ ਮਨਾਵਾਂ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾ ਕੇ ਨਵੇਂ ਸੈਸ਼ਨ ਦੀ ਸ਼ੁਰੂਆਤ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਅਧਿਆਪਕਾਂ ਨੇ ਦੱਸਿਆ ਕਿ ਬੀਤੀ 31 ਮਾਰਚ ਨੂੰ ਐੱਸ. ਯੂ. ਐੱਸ. ਮੈਨੇਜਮੈਂਟ ਵੱਲੋਂ ਸਕੂਲ ’ਚ ਲਾਏ ਗਏ ਪ੍ਰਿੰਸੀਪਲ , ਵਾਈਸ ਪ੍ਰਿੰਸੀਪਲ, ਐਡਮਿਨ ਤੇ ਪੰਜ ਹੋਰ ਅਧਿਆਪਕ ਰਿਲੀਵ ਕਰ ਦਿੱਤੇ ਗਏ ਸਨ, ਜਿਸ ਦੀ ਜਾਣਕਾਰੀ ਅਸੀਂ ਪ੍ਰਸ਼ਾਸਨਿਕ ਅਤੇ ਉੱਚ-ਅਧਿਕਾਰੀਆਂ ਨੂੰ ਦੇ ਦਿੱਤੀ ਸੀ, ਜਿਸ ’ਤੇ ਕਾਰਵਾਈ ਕਰਦੇ ਹੋਏ ਪ੍ਰਸ਼ਾਸਨ ਨੇ ਸਕੂਲ ਦੀ ਸੀਨੀਅਰ ਅਧਿਆਪਕਾ ਹਰਿੰਦਰ ਕੌਰ ਨੂੰ ਸਕੂਲ ਦਾ ਇੰਚਾਰਜ ਲਾ ਦਿੱਤਾ ਸੀ। ਮੈਨੇਜਮੈਂਟ ਤੋਂ ਬਿਨਾਂ ਮੈਡਮ ਹਰਿੰਦਰ ਕੌਰ ਅਤੇ ਦੂਜੇ ਸਕੂਲੀ ਅਧਿਆਪਕ ਇਸ ਸਕੂਲ ਨੂੰ ਸਹੀ ਤੇ ਸੁਚਾਰੂ ਢੰਗ ਨਾਲ ਚਲਾ ਰਹੇ ਹਨ ਪਰ ਮੈਨੇਜਮੈਂਟ ਵੱਲੋਂ ਸਕੂਲੀ ਅਧਿਆਪਕਾਂ ਦੀਆਂ ਬਣਦੀਆਂ ਪਿਛਲੇ 9 ਮਹੀਨੇ ਦੀਆਂ ਤਨਖ਼ਾਹਾਂ ਦਾ ਮਸਲਾ ਹਾਲੇ ਉੱਥੇ ਹੀ ਖਡ਼੍ਹਾ ਹੈ। ਸਕੂਲ ਦੇ ਇੰਚਾਰਜ ਮੈਡਮ ਹਰਿੰਦਰ ਕੌਰ ਅਤੇ ਅਧਿਆਪਕਾਂ ਨੇ ਅੱਗੇ ਦੱਸਿਆ ਕਿ ਜੋ ਅਧਿਆਪਕ ਮੈਨੇਜਮੈਂਟ ਵੱਲੋਂ ਰਿਲੀਵ ਕੀਤੇ ਗਏ ਸਨ , ਉਹ ਵਾਰ-ਵਾਰ ਸਕੂਲ ’ਚ ਆ ਕੇ ਸਕੂਲ ਦਾ ਮਾਹੌਲ ਖਰਾਬ ਕਰ ਰਹੇ ਹਨ ਅਤੇ ਬੱਚਿਆਂ ਦੀ ਪਡ਼੍ਹਾਈ ’ਚ ਵੀ ਵਿਘਨ ਪਾ ਰਹੇ ਹਨ। ਇਸ ਮੌਕੇ ਅਧਿਆਪਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਹ ਸਕੂਲ ਮੈਨੇਜਮੈਂਟ ਅਤੇ ਰਿਲੀਵ ਕੀਤੇ ਗਏ ਅਧਿਆਪਕਾਂ ਵਿਰੁੱਧ ਸਖ਼ਤ ਕਾਰਵਾਈ ਕਰੇ, ਨਾਲ ਹੀ ਅਧਿਆਪਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਕੂਲ ਪ੍ਰਸ਼ਾਸਨਿਕ ਹੱਥਾਂ ’ਚ ਕੀਤਾ ਜਾਵੇ ।

Related News