ਲੇਖਕਾਂ ਨਾਲ ਰੂ-ਬਰੂ ਹੋਏ ਅਜਮੇਰ ਰੋਡੇ
Thursday, Mar 28, 2019 - 03:27 AM (IST)
ਮੋਗਾ (ਗੋਪੀ ਰਾਊਕੇ)-ਕੈਨੇਡਾ ਦੇ ਸ਼ਹਿਰ ਬਰਨਬੀ ਵਿਖੇ ਰਹਿ ਰਹੇ ਅੰਤਰਰਾਸ਼ਟਰੀ ਪੱਧਰ ’ਤੇ ਪ੍ਰਸਿੱਧ ਲੇਖਕ ਤੇ ਸਾਇੰਸਦਾਨ ਅਜਮੇਰ ਰੋਡੇ, ਜੋ ਕਿ ਅੱਜਕਲ ਭਾਰਤ ਫੇਰੀ ’ਤੇ ਆਏ ਹੋਏ ਹਨ, ਨਾਲ ਲੋਕ ਸਾਹਿਤ ਅਕਾਦਮੀ ਮੋਗਾ ਵੱਲੋਂ ਰੂ-ਬਰੂ ਸਮਾਗਮ ਕਰਵਾਇਆ ਗਿਆ। ਸਾਹਿਤਕ ਸੱਥ ਮੋਗਾ ਦੇ ਪ੍ਰਧਾਨ ਡਾ. ਹਰਨੇਕ ਰੋਡੇ ਦੇ ਗ੍ਰਹਿ ਵਿਖੇ ਕਰਵਾਈ ਇਸ ਸਾਹਿਤਕ ਮਿਲਣੀ ’ਚ ਜ਼ਿਲੇ ਦੇ ਨਾਮਵਰ ਲੇਖਕ ਤੇ ਬੁੱਧੀਜੀਵੀ ਸ਼ਾਮਲ ਹੋਏ। ਇਸ ਸਮਾਗਮ ਦੀ ਪ੍ਰਧਾਨਗੀ ਸੰਤ ਗੁਰਮੀਤ ਸਿੰਘ ਖੋਸਾ ਤੇ ਪ੍ਰਸਿੱਧ ਵਿਅੰਗਕਾਰ, ਨਾਵਲਕਾਰ ਕੇ. ਐੱਲ. ਗਰਗ ਅਤੇ ਕੈਨੇਡੀਅਨ ਨਾਵਲਕਾਰ ਜਰਨੈਲ ਸਿੰਘ ਸੇਖਾਂ ਨੇ ਕੀਤੀ। ਸਮਾਗਮ ਦੇ ਆਰੰਭ ’ਚ ਲੋਕ ਸਾਹਿਤ ਅਕਾਦਮੀ ਦੇ ਜਨਰਲ ਸਕੱਤਰ ਗੁਰਮੀਤ ਕਡ਼ਿਆਲਵੀ ਨੇ ਪ੍ਰਵਾਸੀ ਲੇਖਕ ਬਾਰੇ ਜਾਣਕਾਰੀ ਦਿੱਤੀ ਕਿ ਅਜਮੇਰ ਰੋਡੇ ਸੁਰਤੀ ‘ਸ਼ੁਭਚਿੰਤਨ’ ਤੇ ਲੀਲਾ (ਨਵਤੇਜ ਭਾਰਤੀ ਨਾਲ ਸਾਂਝੀ) ਨਾਂ ਦੀਆਂ ਤਿੰਨ ਕਾਵਿ ਪੁਸਤਕਾਂ ਪੰਜਾਬੀ ਸਾਹਿਤ ਨੂੰ ਦੇ ਚੁੱਕੇ ਹਨ। ਉਨ੍ਹਾਂ ਦੇ ਲਿਖੇ ‘‘ਕਾਮਾਗਾਟਾ ਮਾਰੂ”, ਨਿਰਲੱਜ ‘ਤੀਸਰੀ ਅੱਖ’, ਇਕ ਕੁਡ਼ੀ ਇਕ ਸੁਪਨਾ ਅਤੇ ‘ਮੈਲੇ ਹੱਥ ਨਾਂ ਦੇ ਨਾਟਕ ਅੰਤਰਰਾਸ਼ਟਰੀ ਪੱਧਰ ’ਤੇ ਨਾਮਣਾ ਖੱਟ ਚੁੱਕੇ ਹਨ ਅਤੇ ਅੰਤਰਰਾਸ਼ਟਰੀ ਮੀਡੀਏ ਨੇ ਇਨ੍ਹਾਂ ਦਾ ਗੰਭੀਰ ਨੋਟਿਸ ਲਿਆ ਹੈ। ਲੇਖਕਾਂ ਤੇ ਸਾਹਿਤ ਪ੍ਰੇਮੀਆਂ ਨੂੰ ਆਪਣੇ ਸਾਹਿਤਕ ਸਫ਼ਰ ਬਾਰੇ ਦੱਸਦਿਆਂ ਅਜਮੇਰ ਰੋਡੇ ਨੇ ਕਿਹਾ ਕਿ 1966 ’ਚ ਲੁਧਿਆਣਾ ਤੋਂ ਇੰਜੀਨੀਅਰਿੰਗ ਕਰਨ ਤੋਂ ਬਾਅਦ ਸਾਇੰਸਦਾਨ ਬਣਨ ਦੀ ਇੱਛਾ ਨਾਲ ਉਹ ਕੈਨੇਡਾ ਚਲੇ ਗਏ ਸਨ। ਸਾਇੰਸ ਦੇ ਨਾਲ-ਨਾਲ ਉਨ੍ਹਾਂ ਦਾ ਝੁਕਾਅ ਸਾਹਿਤ ਵੱਲ ਵੀ ਸੀ। ਉਨ੍ਹਾਂ ਨੇ ਪਹਿਲੀ ਵਾਰਤਕ ਪੁਸਤਕ ਵਿਗਿਆਨ ਬਾਰੇ ਲਿਖੀ ਸੀ ਪਰ ਛੇਤੀ ਹੀ ਕਵਿਤਾ ਦੇ ਖੇਤਰ ਵੱਲ ਪਰਤ ਗਏ। ਅਜਮੇਰ ਰੋਡੇ ਨੇ ਦੱਸਿਆ ਕਿ ਕੈਨੇਡਾ ’ਚ ਛਪਦੇ ਮੈਗਜ਼ੀਨ ਵਤਨੋਂ ਦੂਰ ਲਈ ਆਰਟੀਕਲ ਆਪਣੇ ਲੋਕ’ ਲਿਖਦਿਆਂ ਅਚਾਨਕ ਨਾਟਕ ਲਿਖਿਆ ਗਿਆ। ਬਲਦੇਵ ਸਿੰਘ ਸਡ਼ਕਨਾਮਾ, ਗੁਰਮੇਲ ਬੌਡੇ, ਗੁਰਮੇਲ ਸਿੰਘ, ਅਮਰ ਸੂਫੀ, ਰੰਗਕਰਮੀ ਮਨੋਜ ਕੁਮਾਰ, ਨਾਵਲਕਾਰ ਕ੍ਰਿਸ਼ਨ ਪ੍ਰਤਾਪ ਅਤੇ ਸੁਰਜੀਤ ਸਿੰਘ ਕਾਉਂਕੇ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ’ਚ ਅਜਮੇਰ ਰੋਡੇ ਨੇ ਦੱਸਿਆ ਕਿ ਉਹ ਗੁਰਦਿਆਲ ਸਿੰਘ ਦੇ ਵਿਸ਼ਵ ਪ੍ਰਸਿੱਧ ਨਾਵਲ ‘ਮਡ਼੍ਹੀ ਦਾ ਦੀਵਾ’ , ‘ਦਾ ਲਾਸਟ ਫਲਿਕਰ’ ਸਿਰਲੇਖ ਤਹਿਤ ਅਨੁਵਾਦ ਕਰ ਚੁੱਕੇ ਹਨ, ਜਿਸ ਦੀ ਭਰਪੂਰ ਚਰਚਾ ਹੋਈ ਹੈ। ਲੋਕ ਸਾਹਿਤ ਅਕਾਦਮੀ ਮੋਗਾ ਅਤੇ ਸਾਹਿਤਕ ਸੱਥ ਵੱਲੋਂ ਅਜਮੇਰ ਰੋਡੇ ਅਤੇ ਸੰਤ ਗੁਰਮੀਤ ਸਿੰਘ ਨੂੰ ਸਨਮਾਨਤ ਕੀਤਾ ਗਿਆ। ਸੰਤ ਗੁਰਮੀਤ ਸਿੰਘ ਖੋਸਾ ਨੇ ਪੰਜਾਬ ਦੇ ਪੌਣ, ਪਾਣੀ ਤੇ ਧਰਤੀ ਨੂੰ ਬਚਾਉਣ ਦਾ ਸੱਦਾ। ਇਸ ਸਮੇਂ ਨਵਤੇਜ ਸਿੰਘ ਸੰਘਾ, ਦਰਸ਼ਨ ਸੰਘਾ, ਪ੍ਰੇਮ ਕੁਮਾਰ, ਜੰਗੀਰ ਸਿੰਘ ਖੋਖਰ, ਕਾਮਰੇਡ ਸੂਰਤ ਸਿੰਘ, ਗੋਲੂ ਕਾਲੇਕੇ, ਇਕਬਾਲ ਸਿੰਘ ਦੁਨੇਕੇ, ਹਾਕਮ ਸਿੰਘ ਧਾਲੀਵਾਲ, ਚਰਨਜੀਤ ਕੌਰ ਰੋਡੇ ਅਤੇ ਪ੍ਰਿੰਸੀਪਲ ਨਿਰਮਲਜੀਤ ਕੌਰ ਵੀ ਹਾਜ਼ਰ ਸਨ। ਅੰਤ ’ਚ ਹਰਨੇਕ ਰੋਡੇ ਨੇ ਆਏ ਲੇਖਕਾਂ ਦਾ ਧੰਨਵਾਦ ਕੀਤਾ।
