ਸਾਈਬਰ ਕ੍ਰਾਈਮ ਜ਼ਰੀਏ ਖਾਤੇ ’ਚੋਂ ਕਢਵਾਏ 50,000 ਰੁਪਏ
Monday, Mar 18, 2019 - 04:19 AM (IST)

ਮੋਗਾ (ਗਰੋਵਰ, ਗਾਂਧੀ, ਸੰਜੀਵ)-ਅੱਜ ਦੇ ਆਧੁਨਿਕ ਯੁੱਗ ’ਚ ਇਕ ਪਾਸੇ ਲੋਕ ਏ.ਟੀ.ਐੱਮ., ਕ੍ਰੈਡਿਟ ਕਾਰਡ ਅਤੇ ਨੈੱਟ ਬੈਂਕਿੰਗ ਰਾਹੀਂ ਰੁਪਏ ਟਰਾਂਸਫਰ ਕਰਨ, ਸਾਮਾਨ ਖਰੀਦਣ ਅਤੇ ਕਢਵਾਉਣ ਲਈ ਵਰਤ ਰਹੇ ਹਨ ਪਰ ਹੈਕਰਾਂ ਵੱਲੋਂ ਸਾਈਬਰ ਕ੍ਰਾਈਮ ਕਰ ਕੇ ਕਈ ਲੋਕਾਂ ਦੇ ਖਾਤਿਆਂ ’ਚੋਂ ਹਜ਼ਾਰਾਂ ਅਤੇ ਲੱਖਾਂ ਦੀ ਰਕਮ ਕਢਵਾਈ ਜਾ ਰਹੀ ਹੈ। ਇਸੇ ਤਰ੍ਹਾਂ ਦਾ ਇਕ ਮਾਮਲਾ ਕਸਬਾ ਕੋਟ ਈਸੇ ਖਾਂ ਵਿਖੇ ਦੇਖਣ ਨੂੰ ਮਿਲਿਆ। ਇਸ਼ੂ ਛਾਬਡ਼ਾ ਪੁੱਤਰ ਸੁਖਦੇਵ ਰਾਜ ਵਾਸੀ ਕੋਟ ਈਸੇ ਖਾਂ ਦੇ 16 ਮਾਰਚ ਦੀ ਰਾਤ ਨੂੰ ਤਕਰੀਬਨ 11 ਵਜੇ ਸਾਈਬਰ ਕ੍ਰਾਈਮ ਰਾਹੀਂ ਖਾਤੇ ’ਚੋਂ 50,000 ਰੁਪਏ ਕਢਵਾ ਲਏ ਗਏ। ਇਸ ਸਬੰਧੀ ਇਸ਼ੂ ਛਾਬਡ਼ਾ ਨੇ ਦੱਸਿਆ ਕਿ ਉਨ੍ਹਾਂ ਦੇ ਫੋਨ ’ਤੇ ਰਾਤ ਨੂੰ ਇਕ ਮੈਸੇਜ ਆਇਆ ਸੀ, ਜਿਸ ’ਚ ਲਿਖਿਆ ਸੀ ਕਿ ਤੁਹਾਡੇ ਆਈ.ਸੀ.ਆਈ.ਸੀ. ਆਈ ਬੈਂਕ ਖਾਤੇ ’ਚੋਂ 10,000 ਰੁਪਏ ਨਿਕਲੇ ਹਨ, ਜਿਸ ਨੂੰ ਦੇਖਦੇ ਸਾਰ ਹੀ 10-10 ਹਜ਼ਾਰ ਦੀਆਂ ਚਾਰ ਹੋਰ ਐਂਟਰੀਆਂ ਖਾਤੇ ’ਚੋਂ ਨਿਕਲ ਗਈਆਂ ਅਤੇ ਖਾਤੇ ’ਚੋਂ ਕੁੱਲ 50 ਹਜ਼ਾਰ ਰੁਪਏ ਨਿਕਲ ਗਏ। ਉਨ੍ਹਾਂ ਨੇ ਆਪਣੀ ਬਚੀ ਰਾਸ਼ੀ ਆਪਣੇ ਦੋਸਤ ਦੇ ਖਾਤੇ ’ਚ ਟਰਾਂਸਫਰ ਕਰਵਾਈ ਤੇ ਇਸ ਸਬੰਧੀ ਬੈਂਕ ਨੂੰ ਫੋਨ ਕੀਤਾ ਅਤੇ ਥਾਣਾ ਕੋਟ ਈਸੇ ਖਾਂ ਵਿਖੇ ਲਿਖਤੀ ਇਤਲਾਹ ਦਿੱਤੀ । ਉਸ ਨੇ ਬੈਂਕ ਅਤੇ ਸਰਕਾਰ ਪਾਸੋਂ ਮੰਗ ਕੀਤੀ ਕਿ ਸਾਈਬਰ ਕ੍ਰਾਈਮ ਕਰਨ ਵਾਲੇ ਦੋਸ਼ੀਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ।