ਤਿੰਨ ਸਾਲਾਂ ਤੋਂ ‘ਅਣਸੇਫ਼’ ਐਲਾਨੀ ਹੈ ਮੰਡੀਰਾਂ ਵਾਲਾ ਸਕੂਲ ਦੀ ਇਮਾਰਤ

Monday, Mar 18, 2019 - 04:18 AM (IST)

ਤਿੰਨ ਸਾਲਾਂ ਤੋਂ ‘ਅਣਸੇਫ਼’ ਐਲਾਨੀ ਹੈ ਮੰਡੀਰਾਂ ਵਾਲਾ ਸਕੂਲ ਦੀ ਇਮਾਰਤ
ਮੋਗਾ (ਗੋਪੀ ਰਾਊਕੇ)-ਇਕ ਪਾਸੇ ਜਿੱਥੇ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ’ਚ ਪਡ਼੍ਹਾਈ ਦਾ ਮਿਆਰ ਉੱਚਾ ਚੁੱਕਣ ਲਈ ਵੱਡੇ ਦਾਅਵੇ ਕੀਤੇ ਜਾਂਦੇ ਹਨ, ਉੱਥੇ ਹੀ ਜ਼ਮੀਨੀ ਹਕੀਕਤ ਇਹ ਹੈ ਕਿ ਹਾਲੇ ਤੱਕ ਬਹੁਤੇ ਸਰਕਾਰੀ ਸਕੂਲਾਂ ’ਚ ਤਾਂ ਬੁਨਿਆਦੀ ਢਾਂਚੇ ਦੀ ਹੀ ਵੱਡੀ ਘਾਟ ਹੈ, ਜਿਸ ਕਾਰਨ ਵਿਦਿਆਰਥੀਆਂ ਅਤੇ ਸਬੰਧਿਤ ਸਕੂਲਾਂ ਦੇ ਸਟਾਫ਼ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤਾਜ਼ਾ ਮਾਮਲਾ ਜ਼ਿਲਾ ਮੋਗਾ ਦੇ ਪਿੰਡ ਮੰਡੀਰਾਂ ਵਾਲਾ ਦੇ ਸਰਕਾਰੀ ਮਿਡਲ ਸਕੂਲ ਦਾ ਹੈ, ਜਿੱਥੇ ਸਕੂਲ ਦੀ ‘ਅਣਸੇਫ਼’ ਇਮਾਰਤ ਕਰ ਕੇ ਵਿਦਿਆਰਥੀ ਗਰਮੀ-ਸਰਦੀ ਦੇ ਦਿਨਾਂ ’ਚ ਨੀਲੇ ਅੰਬਰ ਥੱਲੇ ਹੀ ਮਜਬੂਰੀਵੱਸ ਅੱਖਰ ਗਿਆਨ ਹਾਸਲ ਕਰ ਰਹੇ ਹਨ, ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਤਿੰਨ ਸਾਲਾਂ ਤੋਂ ਇਹ ਮਾਮਲਾ ਸਕੂਲ ਦੇ ਸਟਾਫ਼ ਅਤੇ ਪਿੰਡ ਵਾਸੀਆਂ ਵੱਲੋਂ ਸਿੱਖਿਆ ਵਿਭਾਗ ਅਤੇ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਮੂੁਹਰੇ ਉਠਾਇਆ ਗਿਆ ਹੈ ਪਰ ਹਾਲੇ ਤੱਕ ਇਸ ਪਾਸੇ ਕਿਸੇ ਦੀ ਵੀ ਸਵੱਲੀ ਨਜ਼ਰ ਨਹੀਂ ਪਈ ਹੈ। ‘ਜਗ ਬਾਣੀ’ ਵੱਲੋਂ ਹਾਸਲ ਕੀਤੇ ਗਏ ਵੇਰਵਿਆਂ ਅਨੁਸਾਰ ਸਾਲ 2016 ’ਚ ਇਸ ਬਿਲਡਿੰਗ ਨੂੰ ‘ਅਣਸੇਫ਼’ ਐਲਾਨਿਆ ਗਿਆ ਸੀ, ਜਿਸ ਮਗਰੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੇ ਪਿੰਡ ਵਾਸੀਆਂ ਨੂੰ ਇਹ ਭਰੋਸਾ ਦਿਵਾਇਆ ਸੀ ਜਲਦੀ ਸਰਕਾਰ ਵੱਲੋਂ ਆਉਣ ਵਾਲੇ ਫੰਡਾਂ ਨਾਲ ਨਵੀਂ ਇਮਾਰਤ ਬਣਨ ਦਾ ਕੰਮ ਸ਼ੁਰੂ ਹੋ ਜਾਵੇਗਾ ਪਰ ਹਾਲੇ ਤੱਕ ਸਰਕਾਰੀ ਭਰੋਸੇ ਸਿਰਫ਼ ‘ਲਾਰੇ’ ਹੀ ਸਾਬਤ ਹੋਏ ਹਨ। ਪਿੰਡ ਦੇ ਵਿਦਿਆਰਥੀ ਦੱਸਦੇ ਹਨ ਕਿ ਸਕੂਲੀ ਅਧਿਆਪਕ ਅਣਸੇਫ਼ ਇਮਾਰਤ ਕਰ ਕੇ ਕਮਰਿਆਂ ਅੰਦਰ ਕਲਾਸਾਂ ਨਹੀਂ ਲਾਉਂਦੇ ਪਰ ਸਰਦੀ ਅਤੇ ਗਰਮੀ ਦੇ ਦਿਨਾਂ ’ਚ ਬਾਹਰ ਪਡ਼੍ਹਾਈ ਕਰਨਾ ਬਹੁਤ ਔਖਾ ਹੈ। ਸਕੂਲੀ ਅਧਿਆਪਕਾਂ ਨੇ ਸੰਪਰਕ ਕਰਨ ’ਤੇ ਕਿਹਾ ਕਿ ਅਣਸੇਫ਼ ਇਮਾਰਤ ਸਬੰਧੀ ਜ਼ਿਲਾ ਸਿੱਖਿਆ ਦਫ਼ਤਰ ਮੋਗਾ ਵਿਖੇ ਸੂਚਨਾ ਦਿੱਤੀ ਹੈ ਪਰ ਹਾਲੇ ਤੱਕ ਕੋਈ ਗ੍ਰਾਂਟ ਨਹੀਂ ਆਈ।ਇਸ ਬਾਰੇ ਜਦੋਂ ਜ਼ਿਲਾ ਸਿੱਖਿਆ ਅਧਿਕਾਰੀ ਪ੍ਰਦੀਪ ਸ਼ਰਮਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਡੀ.ਸੀ. ਨੂੰ ਲਿਖ ਕੇ ਦਿੱਤਾ ਜਾ ਚੁੱਕਾ ਹੈ ਤੇ ਸਰਕਾਰ ਨੂੰ ਵੀ ਲਿਖ ਕੇ ਭੇਜ ਦਿੱਤਾ ਹੈ। ਮੈਨੂੰ ਉਮੀਦ ਹੈ ਕਿ ਜਲਦ ਇਸ ਸਕੂਲ ਨੂੰ ਗ੍ਰਾਂਟ ਆ ਜਾਵੇਗੀ ।

Related News