ਅਕਾਸ਼ਦੀਪ ਤੇ ਮਿਸ ਵਾਨਿਕਾ ਬੈਸਟ ਐਥਲੀਟ ਐਲਾਨੇ

Saturday, Mar 16, 2019 - 04:08 AM (IST)

ਅਕਾਸ਼ਦੀਪ ਤੇ ਮਿਸ ਵਾਨਿਕਾ ਬੈਸਟ ਐਥਲੀਟ ਐਲਾਨੇ
ਮੋਗਾ (ਗੋਪੀ ਰਾਊਕੇ)-ਲੁਧਿਆਣਾ ਗਰੁੱਪ ਆਫ਼ ਕਾਲਜਿਜ਼ ਦਾ ਸਾਲਾਨਾ ਖੇਡ ਦਿਵਸ ਚੌਂਕੀਮਾਨ ਕੈਂਪਸ ’ਚ ਬਡ਼ੇ ਉਤਸ਼ਾਹ ਨਾਲ ਮਨਾਇਆ ਗਿਆ, ਜਿਸ ’ਚ ਕੈਂਪ ਦੇ ਸਾਰੇ ਕਾਲਜਾਂ ਦੇ ਵਿਦਿਆਰਥੀਆਂ ਨੇ ਵੱਧ-ਚਡ਼੍ਹ ਕੇ ਹਿੱਸਾ ਲਿਆ। ਇਸ ਮੌਕੇ ਕੁੰਡਾ ਸਿੰਘ ਧਾਲੀਵਾਲ ਮੁੱਖ ਮਹਿਮਾਨ ਵਜੋਂ ਹਾਜ਼ਰ ਸਨ ਅਤੇ ਉਨ੍ਹਾਂ ਨੇ ਇਸ ਖੇਡ ਦਿਵਸ ਦਾ ਆਰੰਭ ਕੀਤਾ । ਉਨ੍ਹਾਂ ਕਿਹਾ ਕਿ ਖੇਡਾਂ ਜਿਥੇ ਵਿਦਿਆਰਥੀਆਂ ਨੂੰ ਸਰੀਰਕ ਤੌਰ ’ਤੇ ਤਾਕਤਵਰ ਅਤੇ ਮਾਨਸਿਕ ਤੌਰ ’ਤੇ ਚੁਸਤ ਤੇ ਦਰੁਸਤ ਰੱਖਦੀਆਂ ਹਨ, ਉਥੇ ਹੀ ਉਨ੍ਹਾਂ ਨੂੰ ਅਨੁਸ਼ਾਸਨ, ਸਹਿਯੋਗ ਤੇ ਮੁਕਾਬਲੇ ਜਿੱਤਣ ਜਿਹੇ ਗੁਣ ਵੀ ਸਿਖਾਉਂਦੀਆਂ ਹਨ। ਖਿਡਾਰੀਆਂ ਨੇ ਸਹੁੰ ਚੁੱਕ ਕੇ ਖੇਡਾਂ ’ਚ ਭਾਗ ਲਿਆ। ਇਸ ਸਮੇਂ ਦੌਡ਼ਾਂ, ਸ਼ਾਟਪੁੱਟ, ਡਿਸਕਸ ਥ੍ਰੋਅ, ਕੈਰਮ, ਚੈੱਸ, ਵਾਲੀਬਾਲ, ਫੁੱਟਬਾਲ ਤੇ ਲਾਂਗ ਜੰਪ, ਹਾਈ ਜੰਪ, ਤਿੰਨ ਲੱਤੀ ਦੌਡ਼, ਲੈਮਨ ਰੇਸ, ਸੈਕ ਰੇਸ ਅਤੇ ਰੱਸਾਕਸ਼ੀ ਦੇ ਮੁਕਾਬਲੇ ਕਰਵਾਏ ਗਏ। ਰੱਸਾ ਕਸ਼ੀ ’ਚ ਬੀ. ਟੈੱਕ. (ਛੇਵੀਂ) ਦੇ ਵਿਦਿਆਰਥੀ ਜੇਤੂ ਰਹੇ। ਇਸ ਤਰ੍ਹਾਂ ਅਕਾਸ਼ਦੀਪ ਸਿੰਘ (ਬੀ. ਕਾਮ 4) ਤੇ ਮਿਸ ਵਾਨਿਕਾ (ਬੀ. ਟੀ. ਟੀ. ਐੱਮ 4) ਕ੍ਰਮਵਾਰ ਬੈਸਟ ਮੇਲ ਅਤੇ ਫੀਮੇਲ ਅੈਥਲੀਟ ਘੋਸ਼ਿਤ ਕੀਤੇ ਗਏ। ਲੁਧਿਆਣਾ ਗਰੁੱਪ ਆਫ਼ ਕਾਲਜਿਜ਼ ਦੀ ਮੈਨੇਜਮੈਂਟ ਵੱਲੋਂ ਗੁਰਮੀਤ ਸਚਦੇਵਾ, ਰਾਜੀਵ ਗੁਲਾਟੀ ਅਤੇ ਵਿਕਰਮ ਗਰੋਵਰ ਨੇ ਇਸ ਦਿਹਾਡ਼ੇ ਦੀ ਅਗਵਾਈ ਕੀਤੀ। ਡਾ. ਜੇ ਕੇ. ਚਾਵਲਾ (ਡਾਇਰੈਕਟਰ), ਡਾ. ਰਾਕੇਸ਼ ਕੁਮਾਰ ਪ੍ਰਿੰਸਿਪਲ (ਇੰਜੀ.), ਡਾ. ਨਿਸ਼ੀ ਬਾਲਾ ਪ੍ਰਿੰਸਿਪਲ (ਮੈਨੇਜਮੈਂਟ) ਅਤੇ ਇੰਜ.ਐੱਮ.ਐੱਸ. ਧਾਲੀਵਾਲ (ਪ੍ਰਿੰਸਿਪਲ ਪੋਲੀ) ਵੀ ਹਾਜ਼ਰ ਸਨ।

Related News