ਸਮਾਜ ਦਾ ਵਿਕਾਸ ਮਹਿਲਾ ਸ਼ਕਤੀ ਬਿਨਾਂ ਸੰਭਵ ਨਹੀਂ : ਬੁੱਧੀਜੀਵੀ ਵਰਗ
Saturday, Mar 09, 2019 - 09:36 AM (IST)

ਮੋਗਾ (ਗਾਂਧੀ, ਜ.ਬ., ਸੰਜੀਵ)-ਕੌਮਾਂਤਰੀ ਮਹਿਲਾ ਦਿਵਸ ਵਿਸ਼ਵ ਭਰ ’ਚ ਔਰਤਾਂ ਦੇ ਹੱਕਾਂ ਲਈ ਜਾਗਰੂਕਤਾ ਦਾ ਦਿਨ ਬਣ ਗਿਆ ਹੈ। ਇਸ ਦਿਨ ਔਰਤਾਂ ਨੂੰ ਵੱਧ ਤੋਂ ਵੱਧ ਹੱਕ ਦੇਣ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ ਪਰ ਅਸਲੀਅਤ ਅਸਲੋਂ ਇਸ ਤੋਂ ਪਰੇ ਹੈ। ਅਸਲੀਅਤ ਇਹ ਹੈ ਕਿ ਔਰਤਾਂ ਨੂੰ ਅੱਜ ਵੀ ਸਮਾਜ ਵਿਚ ਬਰਾਬਰੀ ਦਾ ਹੱਕ ਨਹੀਂ ਮਿਲਦਾ। ਇਹ ਦਿਵਸ ਮਨਾਉਣ ਦਾ ਮਕਸਦ ਔਰਤਾਂ ਪ੍ਰਤੀ ਸਤਿਕਾਰ ਜ਼ਾਹਿਰ ਕਰਨਾ, ਉਨ੍ਹਾਂ ਦੀਆਂ ਸਮਾਜਕ, ਆਰਥਕ, ਰਾਜਨੀਤਕ ਉਪਲੱਬਧੀਆਂ ਨੂੰ ਸਿਜਦਾ ਕਰਨਾ ਹੈ। ਸਮਾਜ ਦੇ ਬੁੱਧੀਜੀਵੀ ਵਰਗ ਵਿਚ ਰੌਸ਼ਨ ਲਾਲ, ਅਸ਼ੋਕ ਗਰੋਵਰ, ਬਾਊ ਮੁਲਖ ਰਾਜ, ਸੁਰਿੰਦਰ ਨਾਗਪਾਲ ਨੇ ਕੌਮਾਂਤਰੀ ਮਹਿਲਾ ਦਿਵਸ ਬਾਰੇ ਵਿਚਾਰ-ਚਰਚਾ ਕਰਦੇ ਹੋਏ ਕਿਹਾ ਕੀ ਇਹ ਸੱਚ ਹੈ ਕਿ ਅੱਜ ਵੀ ਔਰਤਾਂ ਨੂੰ ਬਰਾਬਰ ਦਾ ਮਾਣ-ਸਤਿਕਾਰ ਤੇ ਬਣਦਾ ਰੁਤਬਾ ਨਹੀਂ ਮਿਲਦਾ। ਇਹ ਸਭ ਜਾਣਦੇ ਹਨ ਕਿ ਸਮਾਜ ਦਾ ਵਿਕਾਸ ਮਹਿਲਾ ਸ਼ਕਤੀ ਬਿਨਾਂ ਸੰਭਵ ਨਹੀਂ ਪਰ ਉਸ ‘ਸ਼ਕਤੀ’ ਨੂੰ ਅੱਜ ਵੀ ਮਰਦ ਪ੍ਰਧਾਨ ਸਮਾਜ ਹੇਠ ਚੱਲਣਾ ਪੈਂਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਕ ਔਰਤ ਸਮਾਜ ਵਿਚ ਕਈ ਰਿਸ਼ਤਿਆਂ ਵਿਚ ਆਪਣਾ ਰੋਲ ਅਦਾ ਕਰਦੀ ਹੈ ਅਤੇ ਹਰ ਰਿਸ਼ਤੇ ਨੂੰ ਬਾਖ਼ੂਬੀ ਨਿਭਾਉਂਦੀ ਵੀ ਹੈ। ਉਨ੍ਹਾਂ ਅੱਗੇ ਕਿਹਾ ਕਿ ਹਰ ਪਾਸੇ ਔਰਤ ਨੂੰ ਸਮਾਨ ਦਰਜਾ ਦੇਣ ਦੀ ਗੱਲ ਕਹੀ ਜਾਂਦੀ ਹੈ ਪਰ ਆਪਣੇ ਆਸੇ-ਪਾਸੇ ਤੇ ਸਮਾਜ ਵਿਚ ਇਕ ਵਾਰ ਦੇਖੋ ਕਿ ਕੀ ਔਰਤ ਨੂੰ ਬਰਾਬਰੀ ਦਾ ਦਰਜਾ ਮਿਲ ਰਿਹਾ ਹੈ..? ਔਰਤ ਨੂੰ ਬਰਾਬਰੀ ਦਾ ਦਰਜਾ ਦੇਣ ਦੀ ਪਹਿਲ ਖੁਦ ਤੋਂ ਕਰਨੀ ਚਾਹੀਦੀ ਹੈ ਤਾਂ ਜੋ ਸਮਾਜ ਵਿਚ ਚੰਗਾ ਸੰਦੇਸ਼ ਜਾਵੇ ਅਤੇ ਉਨ੍ਹਾਂ ਨੂੰ ਬਰਾਬਰ ਦਾ ਹੱਕ ਮਿਲ ਸਕੇ। ਉਨ੍ਹਾਂ ਅੱਗੇ ਕਿਹਾ ਕਿ ਅੱਜ ਵੀ ਮਿਹਨਤਕਸ਼ ਔਰਤਾਂ ਨੂੰ ਕੀਤੀ ਮਜ਼ਦੂਰੀ ਦਾ ਮਿਹਨਤਾਨਾ, ਆਜ਼ਾਦੀ ਲੈਣ ਲਈ ਅਣਮਨੁੱਖੀ ਵਰਤਾਰੇ ਕਾਰਨ ਸਮਾਜ ਅੰਦਰ ਜੂਝਣਾ ਪੈਂਦਾ ਹੈ। ਔਰਤਾਂ ਨੂੰ ਸਮਾਜ ਵਿਚ ਸਵੈਮਾਣ ਵਾਲਾ ਰੁਤਬਾ ਅਤੇ ਆਰਥਕ ਨਿਰਪੱਖਤਾ ਦਿਵਾਉਣ ਲਈ ਅੱਗੇ ਆਉਣਾ ਚਾਹੀਦਾ ਹੈ। ਸਮਾਜ ਦਾ ਅਜਿਹਾ ਕੋਈ ਵੀ ਖੇਤਰ ਨਹੀਂ, ਜਿੱਥੇ ਔਰਤਾਂ ਨੇ ਆਪਣਾ ਮੁਕਾਮ ਨਾ ਬਣਾਇਆ ਹੋਵੇ। ਅੱਜ ਔਰਤ ਆਤਮ ਨਿਰਭਰ ਬਣ ਚੁੱਕੀ ਹੈ, ਬਸ ਹੁਣ ਇਸ ਮਰਦ ਪ੍ਰਧਾਨ ਸਮਾਜ ਨੂੰ ਆਪਣੀ ਸੋਚ ਵਿਚ ਤਬਦੀਲੀ ਲਿਆਉਣ ਦੀ ਜ਼ਰੂਰਤ ਹੈ। ਇਸ ਲਈ ਸਿਰਫ ਅੱਜ ਦੇ ਦਿਨ ਹੀ ਨਹੀਂ ਇਸ ‘ਸ਼ਕਤੀ’ ਦਾ ਸਦਾ ਹੀ ਦਿਵਸ ਮਨਾਉਣਾ ਚਾਹੀਦਾ ਹੈ।