ਨਰੇਗਾ ਭਵਨ ਲੋਪੋਂ ’ਚ ਆਂਗਣਵਾਡ਼ੀ ਸੈਂਟਰ ਦਾ ਲੈਂਟਰ ਪਾਇਆ
Wednesday, Mar 06, 2019 - 03:11 PM (IST)

ਮੋਗਾ (ਮਨੋਜ)-ਪਿੰਡ ਦੇ ਵਿਕਾਸ ਕਾਰਜ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਬਿਨਾਂ ਕਿਸੇ ਪੱਖਪਾਤ ਤੋਂ ਲੋਕਾਂ ਦੇ ਸਹਿਯੋਗ ਨਾਲ ਕਰਵਾਏ ਜਾਣਗੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪਿੰਡ ਲੋਪੋਂ ਦੇ ਸਰਪੰਚ ਜਗਸੀਰ ਸਿੰਘ ਸੀਰਾ ਨੇ ਅੱਜ ਨਰੇਗਾ ਭਵਨ ’ਚ ਨਵੇਂ ਬਣਾਏ ਆਂਗਣਵਾਡ਼ੀ ਸੈਂਟਰ ਦੇ ਲੈਂਟਰ ਪਾਉਣ ਸਮੇਂ ਸਾਥੀ ਮੈਂਬਰਾਂ ਅਤੇ ਲੋਕਾਂ ਦੀ ਹਾਜ਼ਰੀ ’ਚ ਕੀਤਾ। ਉਨ੍ਹਾਂ ਕਿਹਾ ਕਿ ਪਿੰਡ ਦੇ ਵਿਕਾਸ ਕਾਰਜ ਜੋ ਲੰਬੇ ਸਮੇਂ ਤੋਂ ਅਧੂਰੇ ਪਏ ਸਨ, ਨੂੰ ਪੂਰਾ ਕੀਤਾ ਜਾਵੇਗਾ। ਪਿੰਡ ਲਈ ਆਈਆਂ ਗ੍ਰਾਂਟਾਂ ਨੂੰ ਵੀ ਸਾਰੀ ਪੰਚਾਇਤ ਦੀ ਸਹਿਮਤੀ ਅਤੇ ਪਿੰਡ ਵਾਸੀਆਂ ਨਾਲ ਵਿਚਾਰ ਕਰਨ ਤੋਂ ਬਾਅਦ ਹੀ ਖ਼ਰਚ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸਭ ਤੋਂ ਪਹਿਲਾਂ ਮਗਨਰੇਗਾ ਕਾਮਿਆਂ ਨੂੰ ਕੰਮ ਦੇਣ ਲਈ ਛੱਪਡ਼ਾਂ ਦਾ ਨਵੀਨੀਕਰਨ ਕੀਤਾ ਜਾਵੇਗਾ ਅਤੇ ਜੋ ਗਲੀਆਂ-ਨਾਲੀਆਂ ਕੱਚੀਆਂ ਪਈਆਂ ਹਨ, ਪੱਕੀਆਂ ਕਰਨ ਲਈ ਵੀ ਸਰਕਾਰ ਤੋਂ ਵਿਸ਼ੇਸ਼ ਪੈਕੇਜ ਦੀ ਮੰਗ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਪਿੰਡ ਨੂੰ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਚਰਨ ਛੋਹ ਪ੍ਰਾਪਤ ਧਰਤੀ ਹੋਣ ਦਾ ਮਾਣ ਹੈ। ਇਸ ਨਗਰ ਵਿਚ ਅਨੇਕਾਂ ਸਾਧੂ, ਫੱਕਰਾਂ ਨੇ ਵੀ ਨਾਮ ਜਪ ਕੇ ਪਿੰਡ ’ਚ ਸ਼ਾਂਤੀ ਦਾ ਉਪਦੇਸ਼ ਦਿੱਤਾ ਅਤੇ ਦੇਸ਼-ਵਿਦੇਸ਼ ਵਿਚ ਪ੍ਰਸਿੱਧ ਧਾਰਮਕ ਦਰਬਾਰ ਸੰਪ੍ਰਦਾਇ ਲੋਪੋਂ ਦੇ ਮਹਾਪੁਰਸ਼ਾਂ ਦੀ ਸਮਾਜ ਨੂੰ ਵੱਡੀ ਦੇਣ ਹੈ। ਇਸ ਪਿੰਡ ਵਿਚ ਬਹੁਤ ਵਿਕਾਸ ਕਾਰਜ ਅਧੂਰੇ ਪਏ ਹਨ, ਜਿਨ੍ਹਾਂ ਲਈ ਉਨ੍ਹਾਂ ਪੰਜਾਬ ਸਰਕਾਰ ਤੋਂ ਵਿਸ਼ੇਸ਼ ਗ੍ਰਾਂਟ ਦੀ ਮੰਗ ਕੀਤੀ ਹੈ। ਇਸ ਮੌਕੇ ਉਨ੍ਹਾਂ ਨਾਲ ਇੰਦਰਜੀਤ ਸਿੰਘ ਪੰਚ, ਗੁਰਮੀਤ ਸਿੰਘ ਪੰਚ, ਗੁਰਤੇਜ ਸਿੰਘ ਭੇਜਾ ਪੰਚ, ਏ. ਪੀ. ਓ. ਗੁਰਭੇਜ ਸਿੰਘ, ਹਰਜਿੰਦਰ ਸਿੰਘ ਬੁੱਟਰ ਸੈਕਟਰੀ, ਨੇਕ ਸਿੰਘ ਜੇ. ਈ. ਤੋਂ ਇਲਾਵਾਂ ਪ੍ਰਦੀਪ ਸਿੰਘ ਵੀ ਹਾਜ਼ਰ ਸਨ।