ਰਾਹੁਲ ਗਾਂਧੀ ਦੀ ਰੈਲੀ ਦੇਸ਼ ਦੀ ਫਿਜ਼ਾ ਬਦਲ ਦੇਵੇਗੀ : ਵਿਧਾਇਕ ਲਖਵੀਰ ਲੱਖਾ
Wednesday, Mar 06, 2019 - 03:09 PM (IST)

ਮੋਗਾ (ਸੁਖਵੀਰ)-ਵਿਧਾਨ ਸਭਾ ਹਲਕਾ ਪਾਇਲ ਤੋਂ ਵਿਧਾਇਕ ਲਖਵੀਰ ਸਿੰਘ ਲੱਖਾ ਨੇ ਅੱਜ ਇੱਥੇ ''ਜਗ ਬਾਣੀ'' ਨਾਲ ਗੱਲਬਾਤ ਕਰਦਿਆਂ ਆਖਿਆ ਕਿ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ ''ਚ ਆਗਾਮੀ ਲੋਕ ਸਭਾ ਚੋਣਾਂ ਦੀ ਮੁਹਿੰਮ ਦੀ ਸ਼ੁਰੂਆਤ ਕਰਨ ਲਈ ਪੰਜਾਬ ''ਚ ਮੋਗਾ ਵਿਖੇ 7 ਮਾਰਚ ਨੂੰ ਕੀਤੀ ਜਾਣ ਵਾਲੀ ਸੂਬਾ ਪੱਧਰੀ ਰੈਲੀ ਦੇਸ਼ ਦੀ ਫਿਜ਼ਾ ਬਦਲ ਦੇਵੇਗੀ। ਉਨ੍ਹਾਂ ਕਿਹਾ ਕਿ ਅੱਜ ਸਮੁੱਚੇ ਭਾਰਤ ਦੇ ਲੋਕਾਂ ''ਚ ਦੇਸ਼ ਦੀ ਜਵਾਨੀ ਤੇ ਕਿਸਾਨੀ ਨੂੰ ਉੱਜਵਲ ਭਵਿੱਖ ਵੱਲ ਲਿਜਾਣ ਵਾਲੇ ਅਗਾਂਹਵਧੂ ਸੋਚ ਦੇ ਮਾਲਕ ਰਾਹੁਲ ਗਾਂਧੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਉਣ ਲਈ ਭਾਰੀ ਉਤਸ਼ਾਹ ਹੈ।ਵਿਧਾਇਕ ਲੱਖਾ ਨੇ ਕਿਹਾ ਕਿ ਮੋਗਾ ਜ਼ਿਲੇ ਦੇ ਪਿੰਡ ਕਿਲੀ ਚਾਹਲਾਂ (ਅਜੀਤਵਾਲ) ''ਚ ਰਾਹੁਲ ਗਾਂਧੀ ਦੀ ਰੈਲੀ ਕੇਂਦਰ ''ਚ ਕਾਂਗਰਸ ਦੀ ਬਣਨ ਜਾ ਰਹੀ ਯੂ. ਪੀ. ਏ. ਸਰਕਾਰ ਦਾ ਮੁੱਢ ਬੰਨ੍ਹੇਗੀ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਚੱਲ ਰਹੀ ਐੱਨ. ਡੀ. ਏ. ਸਰਕਾਰ ਤੋਂ ਅੱਜ ਦੇਸ਼ ਦਾ ਹਰ ਵਰਗ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਿਹਾ ਹੈ ਅਤੇ ਲੋਕ ਭਾਜਪਾ ਨੂੰ ਪਿਛਲੀ ਵਾਰ ਸੱਤਾ ''ਚ ਲਿਆ ਕੇ ਆਪਣੀ ਇਤਿਹਾਸਕ ਭੁੱਲ ਮੰਨ ਰਹੇ ਹਨ, ਜਿਸ ਨੂੰ ਲੋਕ ਭੁੱਲ ਕੇ ਮੁਡ਼ ਨਹੀਂ ਦੁਹਰਾਉਣਗੇ। ਇਸ ਮੌਕੇ ਦੋਰਾਹਾ ਨਗਰ ਕੌਂਸਲ ਦੇ ਪ੍ਰਧਾਨ ਬੰਤ ਸਿੰਘ ਦੋਬੁਰਜੀ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸੁਦਰਸ਼ਨ ਕੁਮਾਰ, ਬਲਾਕ ਪ੍ਰਧਾਨ ਜਸਵੀਰ ਸਿੰਘ, ਕੌਂਸਲਰ ਰਾਜਵੀਰ ਸਿੰਘ, ਚੇਅਰਮੈਨ ਬਿੱਕਰ ਸਿੰਘ, ਬਲਾਕ ਕਾਂਗਰਸ ਪ੍ਰਧਾਨ ਗੁਰਵਿੰਦਰ ਘਲੋਟੀ ਆਦਿ ਤੋਂ ਇਲਾਵਾ ਵੱਡੀ ਗਿਣਤੀ ''ਚ ਕਾਂਗਰਸੀ ਵਰਕਰ ਸ਼ਾਮਲ ਸਨ।