ਮਾਮਲਾ ਆਦਰਸ਼ ਸਕੂਲ ਮਨਾਵਾਂ ਦਾ
Friday, Mar 01, 2019 - 03:52 AM (IST)

ਮੋਗਾ (ਗਾਂਧੀ, ਸੰਜੀਵ, ਜ.ਬ.)-ਜਦੋਂ ਤੋਂ ਆਦਰਸ਼ ਸਕੂਲ ਮਨਾਵਾਂ ਹੋਂਦ ਵਿਚ ਆਇਆ ਹੈ ਉਦੋਂ ਤੋਂ ਹੀ ਅਧਿਆਪਕਾਂ ਨੂੰ ਕੱਢਣ ਬਾਰੇ, ਟਰਾਂਸਪੋਰਟ ਪੱਖੋਂ ਆਦਿ ਜਿਹੇ ਵਿਵਾਦਾਂ ਕਾਰਨ ਇਹ ਚਰਚਾ ਵਿਚ ਰਿਹਾ ਹੈ। ਉਸੇ ਤਰ੍ਹਾਂ ਹੀ ਹੁਣ ਇਕ ਵਾਰ ਫਿਰ ਇਹ ਵਿਵਾਦਾਂ ਵਿਚ ਆਇਆ ਹੋਇਆ ਹੈ। ਸਕੂਲ ਦੇ ਅਧਿਆਪਕਾਂ ਨੇ ਕਿਹਾ ਕਿ ਸਰਕਾਰ ਅਤੇ ਨਿੱਜੀ ਭਾਈਵਾਲ 70-30 ਦੀ ਰੇਸ਼ੋ ਨਾਲ ਚੱਲ ਰਹੇ ਸਕੂਲ ਹੁਣ ਬੰਦ ਹੋਣ ਦੇ ਕੱਢੇ ’ਤੇ ਹੈ। ਉਨ੍ਹਾਂ ਅੱਗੇ ਦੱਸਿਆ ਕਿ ਅਸੀਂ 27 ਫਰਵਰੀ ਮੰਗਲਵਾਰ ਨੂੰ 8 ਮਹੀਨੇ ਤੋਂ ਤਨਖਾਹਾਂ ਨਾ ਮਿਲਣ ਕਾਰਨ ਸਕੂਲ ਵਿਚ ਕਲਮ ਛੱਡੋ ਹਡ਼ਤਾਲ ਕੀਤੀ ਸੀ, ਜਿਸ ਦੇ ਤਹਿਤ ਉਨ੍ਹਾਂ ਦੀ ਸਵੇਰੇ ਦੀ ਹਾਜ਼ਰੀ ਤਾਂ ਰਜਿਸਟਰ ਉੱਪਰ ਲੱਗ ਗਈ ਪਰ ਸ਼ਾਮ ਨੂੰ ਹਾਜ਼ਰੀ ਸਕੂਲ ਦੇ ਵਾਈਸ ਪ੍ਰਿੰਸੀਪਲ ਸਰਬਜੀਤ ਸਿੰਘ ਨੇ ਉਨ੍ਹਾਂ ਨੂੰ ਲਾਉਣ ਨਹੀਂ ਦਿੱਤੀ, ਜਿਸ ਦੇ ਰੋਸ ਵਜੋਂ ਅਧਿਆਪਕਾਂ ਨੇ ਵਾਈਸ ਪ੍ਰਿੰਸੀਪਲ ਦਾ ਸਕੂਲ ਵਿਚ ਹੀ ਘਿਰਾਓ ਕਰ ਲਿਆ ਅਤੇ ਉਸ ਨੂੰ ਸਕੂਲ ਤੋਂ ਨਹੀਂ ਜਾਣ ਦਿੱਤਾ। ਅਧਿਆਪਕਾਂ ਦੀ ਮੰਗ ਸੀ ਕਿ ਪਹਿਲਾਂ ਰਜਿਸਟਰ ਉਪਰ ਉਨ੍ਹਾਂ ਦੀ ਹਾਜ਼ਰੀ ਲਗਵਾਈ ਜਾਵੇ। ਜਦੋਂ ਮਾਮਲਾ ਜ਼ਿਆਦਾ ਤੂਲ ਫਡ਼ ਗਿਆ ਅਤੇ ਸਥਿਤੀ ਤਣਾਅਪੂਰਨ ਹੋ ਗਈ ਤਾਂ ਕਸਬਾ ਕੋਟ ਈਸੇ ਖਾਂ ਦੇ ਥਾਣਾ ਮੁਖੀ ਦਵਿੰਦਰ ਪ੍ਰਕਾਸ਼ ਪੁਲਸ ਪਾਰਟੀ ਦੇ ਨਾਲ ਆਦਰਸ਼ ਸਕੂਲ ਮਨਾਵਾਂ ਪਹੁੰਚੇ, ਜਿੱਥੇ ਉਨ੍ਹਾਂ ਨੇ ਕਾਫ਼ੀ ਜੱਦੋ-ਜ਼ਹਿਦ ਦੇ ਬਾਅਦ ਆਦਰਸ਼ ਸਕੂਲ ਮਨਾਵਾਂ ਦੀ ਨਿੱਜੀ ਭਾਈਵਾਲ ਐੱਸ. ਯੂ. ਐੱਸ. ਮੈਨੇਜਮੈਂਟ ਸੰਗਰੂਰ ਨਾਲ ਫ਼ੋਨ ’ਤੇ ਗੱਲਬਾਤ ਕੀਤੀ ਅਤੇ ਉਸ ਤੋਂ ਬਾਅਦ ਅਧਿਆਪਕਾਂ ਦੀ ਰਜਿਸਟਰ ਉਪਰ ਹਾਜ਼ਰੀ ਲਗਵਾਈ ਗਈ। ਤਨਖਾਹਾਂ ਨਾ ਮਿਲਣ ਦੇ ਸਬੰਧ ਵਿਚ ਵਾਈਸ ਪ੍ਰਿੰਸੀਪਲ ਸਰਬਜੀਤ ਸਿੰਘ ਨੇ ਦੱਸਿਆ ਕਿ ਅਸੀਂ ਇੱਥੋਂ ਬਿੱਲ ਬਣਾ ਕੇ ਐੱਸ. ਯੂ. ਐੱਸ. ਮੈਨੇਜਮੈਂਟ ਨੂੰ ਸੰਗਰੂਰ ਭੇਜਦੇ ਹਾਂ ਉਥੋਂ ਡੀ. ਜੀ. ਐੱਸ. ਈ. ਨੂੰ ਭੇਜੇ ਜਾਂਦੇ ਹਨ ਅਤੇ ਫਿਰ ਤਨਖਾਹਾਂ ਆ ਜਾਂਦੀਆਂ ਹਨ ਪਰ ਅਧਿਆਪਕਾਂ ਨੇ ਦੋਸ਼ ਲਾਇਆ ਕਿ ਐੱਸ. ਯੂ. ਐੱਸ. ਮੈਨੇਜਮੈਂਟ ਨੇ ਸਾਡੀਆਂ ਤਨਖਾਹਾਂ ਦੇ ਬਿੱਲ ਅੱਗੇ ਭੇਜੇ ਹੀ ਨਹੀਂ। ਇਸ ਸਬੰਧੀ ਅੰਤ ਵਿਚ ਇਹ ਫੈਸਲਾ ਹੋਇਆ ਕਿ ਕੁਝ ਅਧਿਆਪਕ ਤਨਖ਼ਾਹਾਂ ਸਬੰਧੀ ਡੀ ਜੀ. ਐੱਸ. ਈ. ਚੰਡੀਗਡ਼੍ਹ ਜਾ ਕੇ ਇਸ ਬਾਰੇ ਪਤਾ ਕਰਨਗੇ ਅਤੇ ਉਸ ਤੋਂ ਬਾਅਦ ਅੱਗੇ ਦੀ ਰਣਨੀਤੀ ਤੈਅ ਕੀਤੀ ਜਾਵੇਗੀ।