ਨਸ਼ਿਆਂ ਖਿਲਾਫ ਪੁਲਸ ਦੀ ਜੰਗ, ਨਾ ਦਿਖਾ ਸਕੀ ਕੋਈ ਰੰਗ
Friday, Mar 01, 2019 - 03:51 AM (IST)

ਮੋਗਾ (ਚਟਾਨੀ)-ਨਸ਼ਿਆਂ ਖਿਲਾਫ ਵਿੱਢੀ ਗਈ ਸਰਕਾਰ ਦੀ ‘ਪੁਲਸ ਜੰਗ’ ਨੇ ਕੋਈ ਵੀ ਅਜਿਹਾ ਚਮਤਕਾਰ ਨਹੀਂ ਕਰ ਵਿਖਾਇਆ, ਜਿਸ ਨਾਲ ਸਮੈਕ ਅਤੇ ਚਿੱਟੇ ਦੇ ਅਡ਼ਿੱਕੇ ਚਡ਼੍ਹੇ ਜਵਾਨਾਂ ਨੂੰ ਕੋਈ ਸਿੱਧਾ ਰਸਤਾ ਦਿਸਿਆ ਹੋਵੇ। ਕੁਰਾਹੇ ਪਏ ਪੁੱਤਾਂ ਦੇ ਮਾਪਿਆਂ ਦੇ ਕੰਨਾਂ ’ਚ ਪੁਲਸ ਵਾਲੀ ਉਸ ਮੁਨਿਆਦੀ ਦੇ ਬੋਲ ਅਜੇ ਤੱਕ ਰਡ਼ਕ ਰਹੇ ਹਨ ਜਿਸ ਰਾਹੀਂ ਨਸ਼ਿਆਂ ਦੇ ਜਾਲ ਨੂੰ ਦਿਨਾਂ ’ਚ ਤਾਰ-ਤਾਰ ਕਰ ਸੁੱਟਣ ਦੇ ਦਾਅਵੇ ਕੀਤੇ ਗਏ ਸਨ। ਪੁਲਸ ਦੀ ਅਗਵਾਈ ਹੇਠ ਸਥਾਪਿਤ ਕੀਤੇ ਗਏ ‘ਡੈਪੋ ਸੈੱਲ’ ਅਤੇ ਸਮਾਜਕ ਕਾਰਕੁੰਨਾਂ ਦੀ ਅਗਵਾਈ ਵਾਲੀਆਂ ਟੀਮਾਂ ਵੀ ਮਹਿਜ ਫੋਕੇ ਭਾਸ਼ਣਾਂ ਤਾਂ ਇਲਾਵਾ ਹੋਰ ਕੋਈ ਰੰਗ ਨਹੀਂ ਦਿਖਾ ਸਕੀਆਂ। ਤਸਕਰਾਂ ਖਿਲਾਫ ਪੁਲਸ ਵਲੋਂ ਕੱਸਿਆ ਗਿਆ ਪੈਂਤਡ਼ਾਂ ਮੁੱਢਲੇ ਪਡ਼ਾਅ ’ਚ ਹੀ ਢਿੱਲਾ ਪੈ ਜਾਣ ਕਾਰਨ ਨਸ਼ਿਆਂ ਵਾਲੀ ਸਪਲਾਈ ਲਾਈਨ ਚੰਦ ਕੁ ਦਿਨਾਂ ਦੀ ਖਡ਼ੋਤ ਪਿੱਛੋਂ ਆਪਣੀ ਰੁਟੀਨ ਵਾਲੀ ਰਫਤਾਰ ’ਤੇ ਚੱਲ ਰਹੀ ਹੈ। ਨਸ਼ਿਆਂ ਦੇ ਮਾਰੂ ਪ੍ਰਭਾਵਾਂ ਤੋਂ ਜਵਾਨਾਂ ਨੂੰ ਸੁਚੇਤ ਕਰਨ ਲਈ ਪੁਲਸ ਵਲੋਂ ਅਪਣਾਇਆ ਗਿਆ ਨਿਵੇਕਲਾ ਤਰੀਕਾ ਵੀ ਇਸੇ ਕਰ ਕੇ ਕਾਮਯਾਬ ਨਹੀਂ ਹੋ ਸਕਿਆ ਕਿਉਂਕਿ ਗਠਿਤ ਕੀਤੀਆਂ ਟੀਮਾਂ ’ਚ ਪਹਿਲੇ ਦਿਨ ਵਾਲੀ ਊਰਜਾ ਬਰਕਰਾਰ ਨਹੀਂ ਰਹਿ ਸਕੀ। ਸ਼ਹਿਰ ਅਤੇ ਇਲਾਕੇ ਦੇ ਪਿੰਡਾਂ ਦੇ ਇਸੇ ਮਕਸਦ ਨੂੰ ਲੈ ਕੇ ਕੀਤੇ ਗਏ ਵਿਸ਼ੇਸ਼ ਸਰਵੇਖਣ ਤੋਂ ਸਾਹਮਣੇ ਆਇਆ ਕਿ ਨਸ਼ਿਆਂ ਦੇ ਵਹਿਣ ’ਚ ਵਹਿ ਤੁਰੇ ਜਵਾਨਾਂ ’ਚੋਂ ਸਿਰਫ 5 ਪ੍ਰਤੀਸ਼ਤ ਹੀ ਮੋਡ਼ਾ ਕੱਟ ਕੇ ਨਸ਼ਾ ਰਹਿਤ ਜ਼ਿੰਦਗੀ ਜਿਉਣ ਵੱਲ ਪਰਤੇ ਹਨ ਜਦਕਿ ਵੱਡੀ ਗਿਣਤੀ ਅਜੇ ਵੀ ਉਸੇ ਰਾਹ ਦੀ ਮੁਰੀਦ ਬਣੀ ਬੈਠੀ ਹੈ। ਪਿੰਡਾਂ ਦੇ ਕਈ ਮੋਹਤਬਰਾਂ ਨੇ ਆਪਣੇ ਨਾਮ ਨੂੰ ਮੁਕੰਮਲ ਰੂਪ ’ਚ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਨਸ਼ਾ ਸਪਲਾਈ ਕਰਨ ਵਾਲੇ ਸੋਦਾਗਰਾਂ ਨੂੰ ਪੁਲਸ ਦਾ ਭੋਰਾ ਭਰ ਵੀ ਭੈਅ ਨਹੀਂ ਸਗੋਂ ਹੁਣ ਤਾਂ ਨਸ਼ਿਆਂ ਦੀ ‘ਹੋਮ ਡਲਿਵਰੀ ਵੀ ਨਸ਼ੇਡ਼ੀਆਂ ਤੱਕ ਹੋ ਰਹੀ ਹੈ। ਦੋ ਪਿੰਡ ਤਾਂ ਅਜਿਹੇ ਵੀ ਹਨ ਜਿਥੇ ਸੱਥਾ ’ਚ ਖਡ਼ ਕੇ ਤਸਕਰ ਸ਼ਰੇਆਮ ਆਪਣਾ ਸੌਦਾ ਵੇਚ ਜਾਂਦੇ ਹਨ। ਖਬਰ ਨਾਲ ਸਬੰਧਤ ਤਸਵੀਰਾਂ ਲੈਣ ਤੋਂ ਹਰੇਕ ਨੇ ਹੀ ਰੋਕਦਿਆਂ ਵਾਸਤਾ ਪਾਇਆ ਕਿ ਜਨਤਕ ਤੌਰ ’ਤੇ ਅਜਿਹਾ ਹੋਣ ਨਾਲ ਉਨ੍ਹਾਂ ਦਾ ਪਿੰਡ ਬਦਨਾਮ ਹੋ ਜਾਵੇਗਾ। ਪੀਡ਼੍ਹਤ ਮਾਪਿਆਂ ਕਿਹਾ ਕਿ ਪੁਲਸ ਦੀ ਤਿਰਛੀ ਅੱਖ ਤੋਂ ਗੈਰ ਸਮਾਜਕ ਤੱਤਾਂ ਦਾ ਬਚਣਾ ਮੁਸ਼ਕਲ ਹੈ, ਪਰ ਅਜਿਹਾ ਕਿਸੇ ਵਿਸ਼ੇਸ਼ ਢਿੱਲੋਂ ਸਦਕਾ ਹੀ ਅਸੰਭਵ ਬਣਿਆ ਪਿਆ ਹੈ। ਇਕ ਇਨਕਲਾਬੀ ਕਵੀ ਨੇ ਤਾਂ ਆਪਣੀ ਕਲਮ ਤੋਂ ਇਹ ਸ਼ਬਦ ਵੀ ਪਰੋਏ ਹਨ ਕਿ ‘ਮੁਜ਼ਰਿਮ, ਜੇਬ ਕਤਰੇ, ਬਲੈਕੀਏ ਜੋ ਬੋਲਦੇ ਕੁਬੋਲ ਨੇ, ਕੱਲੇ-ਕੱਲੇ ਬਾਰੇ ਪਤਾ ਹੈ ਪੁਲਸ ਨੂੰ, ਲਿਸਟਾਂ ਵੀ ਕੋਲ ਨੇ।’ ਪੰਜ ਮਿੰਟ ’ਚ ਕਾਰਵਾਈ ਦਾ ਦਾਅਵਾ ਕਰਨ ਵਾਲਿਆਂ ਵਲੋਂ, ਪੰਜ ਮਹੀਨਿਆਂ ’ਚ ਨਹੀਂ ਕੀਤੀ ਕਾਰਵਾਈ ਡੈਪੋ ਮੁਹਿੰਮ ਰਾਹੀਂ ਨਸ਼ਾ ਰੋਕੂ ਅਭਿਆਨ ਨਾਲ ਜੋਡ਼ੇ ਗਏ ਜਵਾਨਾਂ ਜਿਨ੍ਹਾਂ ਨੂੰ ਨਸ਼ਾ ਰੋਕੂ ਅਫਸਰ ਦਾ ਰੈਂਕ ਦਿੱਤਾ ਗਿਆ ਸੀ ਉਨ੍ਹਾਂ ’ਚੋਂ ਕੁਝ ਕ ਦਾ ਕਹਿਣਾ ਹੈ ਕਿ ਸ਼ੁਰੂ-ਸ਼ੁਰੂ ’ਚ ਦੋ-ਤਿੰਨ ਮੀਟਿੰਗਾਂ ਕਰਨ ਤੋਂ ਬਾਅਦ ਪੁਲਸ ਦੀ ਕੋਈ ਸਰਗਰਮੀ ਨਹੀਂ ਦਿਸੀ। ਨਸ਼ਾ ਰੋਕੂ ਅਫਸਰਾਂ ਨੇ ਤਾਂ ਇੱਥੋਂ ਤੱਕ ਕਿਹਾ ਕਿ ਉਨ੍ਹਾਂ ਨੇ ਆਪਣੇ ਸਬੰਧਤ ਪੁਲਸ ਅਫਸਰ ਨੂੰ ਆਪਣੇ ਖੇਤਰ ’ਚ ਵਿਕਦੇ ਨਸ਼ੇ ਬਾਰੇ ਸੂਚਿਤ ਵੀ ਕੀਤਾ, ਪਰ ਤਿੰਨ ਵਾਰ ਫੋਨ ਕਰਨ ਦੇ ਬਾਵਜੂਦ ਪੁਲਸ ਅਫਸਰ ਜਾਂ ਕੋਈ ਹੋਰ ਅਧਿਕਾਰੀ ਬਹੁਡ਼ਿਆ ਤੱਕ ਨਹੀਂ ਅਤੇ ਆਖਿਰ ਉਨ੍ਹਾਂ ਨੇ ਚੁੱਪ ਵੱਟ ਲੈਣੀ ਹੀ ਠੀਕ ਸਮਝੀ। ਵੱਖ-ਵੱਖ ਮੁਹੱਲਿਆਂ ’ਤੇ ਆਧਾਰਿਤ ਬਣਾਏ ਗਏ ਅਜਿਹੇ ਅਫਸਰਾਂ ਨੇ ਕਿਹਾ ਕਿ ਟੀਮ ਦੇ ਗਠਨ ਮੌਕੇ ਪੁਲਸ ਨੇ ਵਾਰ-ਵਾਰ ਦੁਹਰਾਇਆ ਸੀ ਕਿ ਉਨ੍ਹਾਂ ਵਲੋਂ ਕਿਸੇ ਵੀ ਤਸਕਰ ਖਿਲਾਫ ਦਿੱਤੀ ਜਾਣ ਵਾਲੀ ਸੂਚਨਾ ਤੋਂ 5 ਮਿੰਟ ਬਾਅਦ ਕਾਰਵਾਈ ਜਰੂਰ ਹੋਵੇਗੀ, ਪਰ ਪੰਜ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਹੋਈ। ਜ਼ਿਕਰਯੋਗ ਹੈ ਕਿ ਨਸ਼ਿਆਂ ਦੇ ਵਹਿਣ ਦੇ ਨਾ ਰੁਕ ਸਕਣ ਬਾਰੇ ਹਰ ਕਿਸੇ ਨੇ ਹੀ ਪੁਲਸ ਦੀ ਢਿੱਲ ਨੂੰ ਕਥਿਤ ਤੌਰ ’ਤੇ ਜ਼ਿੰਮੇਵਾਰ ਦੱਸਿਆ, ਪਰ ਆਪਣਾ ਨਾਮ ਅਤੇ ਕਿਸੇ ਵੀ ਤਰ੍ਹਾਂ ਦੀ ਪਹਿਚਾਣ ਨੂੰ ਗੁਪਤ ਰੱਖੇ ਜਾਣ ਦੀ ਪ੍ਰੈੱਸ ਨੂੰ ਵਾਰ ਵਾਰ ਅਰਜੋਈ ਕਰਦਿਆਂ ਕਿਹਾ ਕਿ ਉਹ ਪਹਿਲਾਂ ਅਜਿਹੇ ਵਿਅਕਤੀਆਂ ਦਾ ਹਸ਼ਰ ਵੇਖ ਚੁੱਕੇ ਹਨ ਜਿਨ੍ਹਾਂ ਨੇ ਪੁਲਸ ਨੂੰ ਤਸਕਰਾਂ ਦੀ ਸੂੁਹ ਦਿੱਤੀ ਸੀ। ਕੀ ਕਹਿਣਾ ਹੈ ਡੀ. ਐੱਸ. ਪੀ. ਬਾਘਾਪੁਰਾਣਾ ਦਾ ਉਪ ਪੁਲਸ ਕਪਤਾਨ ਜਸਪਾਲ ਸਿੰਘ ਧਾਮੀ ਨੇ ਇਸ ਸਬੰਧੀ ਕਿਹਾ ਕਿ ਜਦੋਂ ਤੋਂ ਪੁਲਸ ਨੇ ਨਸ਼ਿਆਂ ਵਾਲੇ ਕੋਹਡ਼ ਦੇ ਖਾਤਮੇ ਲਈ ਵਿਸ਼ੇਸ਼ ਮੁਹਿੰਮ ਵਿੱਢੀ ਹੈ, ਇਸ ਘਾਤਕ ਰੁਝਾਨ ਨੂੰ ਕਾਫੀ ਹੱਦ ਤੱਕ ਠੱਲ ਪਾਈ ਹੈ। ਲੋਕਾਂ ਅੰਦਰ ਪੁਲਸ ਨੂੰ ਸੂਚਿਤ ਕਰਨ ਸਬੰਧੀ ਪਾਇਆ ਜਾ ਰਿਹਾ ਖੋਫ ਗਲਤ ਹੈ। ਲੋਕਾਂ ਨੂੰ ਚਾਹੀਦਾ ਹੈ ਕਿ ਉਹ ਪੁਲਸ ਦੇ ਅਜਿਹੇ ਸੱਭੇ ਦਾਅਵਿਆਂ ਉਪਰ ਵਿਸ਼ਵਾਸ ਰੱਖਣ ਜਿਨ੍ਹਾਂ ਰਾਹੀਂ ਸੂਚਨਾਂ ਦੇਣ ਵਾਲੇ ਲੋਕਾਂ ਦਾ ਨਾਮ ਗੁਪਤ ਰੱਖਣ ਦੀ ਗੱਲ ਵਾਰ-ਵਾਰ ਦੁਹਰਾਈ ਜਾਂਦੀ ਹੈ। ਸ੍ਰ. ਧਾਮੀ ਨੇ ਹਿੱਕ ਥਾਪਡ਼ਵੇਂ ਦਾਅਵੇ ਨਾਲ ਕਿਹਾ ਕਿ ਉਨ੍ਹਾਂ ਨੇ ਬਾਘਾਪੁਰਾਣਾ ਸਬ-ਡਵੀਜ਼ਨ ਦਾ ਚਾਰਜ ਅਜੇ ਹੁਣੇ ਸੰਭਾਲਿਆ ਹੈ ਪਰ ਅੱਜ ਤੋਂ ਬਾਅਦ ਕੋਈ ਵੀ ਤਸਕਰ ਨਜ਼ਰ ਨਹੀਂ ਆਵੇਗਾ ਅਤੇ ਡੈਪੋ ਮੁਹਿੰਮ ਵੀ ਤੇਜੀ ਨਾਲ ਕਾਰਜਸ਼ੀਲ ਅਵੱਸ਼ ਹੋਵੇਗੀ। ਉਨ੍ਹਾਂ ਲੋਕਾਂ ਤੋਂ ਸਹਿਯੋਗ ਦੀ ਭਰਪੂਰ ਆਸ ਕੀਤੀ।